ਲੁਧਿਆਣਾ 'ਚ ਕੋਰੋਨਾ ਦਾ ਵੱਡਾ ਧਮਾਕਾ, 226 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 6 ਮਰੀਜ਼ਾਂ ਦੀ ਮੌਤ
Saturday, Aug 01, 2020 - 01:44 AM (IST)
ਲੁਧਿਆਣਾ,(ਸਹਿਗਲ, ਨਰਿੰਦਰ) : ਸੂਬੇ 'ਚ ਕੋਰੋਨਾ ਵਾਇਰਸ ਦੇ ਕੇਸਾਂ 'ਚ ਪਹਿਲਾਂ ਹੀ ਸਭ ਤੋਂ ਬੁਰੀ ਸਥਿਤੀ ਵਿਚ ਚੱਲ ਰਹੇ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਕੇਸਾਂ 'ਚ ਵੱਡਾ ਧਮਾਕਾ ਹੋਇਆ, ਜਦੋਂ ਅਚਾਨਕ 226 ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚੋਂ 218 ਜ਼ਿਲੇ ਦੇ ਰਹਿਣ ਵਾਲੇ ਹਨ। ਬਾਕੀ 8 ਹੋਰਨਾਂ ਜ਼ਿਲਿਆਂ ਨਾਲ ਸਬੰਧਤ ਹਨ।
ਇਸ ਤੋਂ ਇਲਾਵਾ ਸ਼ੁੱਕਰਵਾਰ 6 ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸਾਹਮਣੇ ਆਏ ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਗਿਣਤੀ 73 ਹੈ। 85 ਅਜਿਹੇ ਮਰੀਜ਼ ਹਨ, ਜੋ ਦੂਜੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ ਹਨ। ਇਨ੍ਹਾਂ ਵਿਚ 14 ਹੈਲਥ ਕੇਅਰ ਵਰਕਰ ਹਨ, ਜਦੋਂਕਿ 20 ਮਰੀਜ਼ ਹਸਪਤਾਲਾਂ ਦੀ ਓ. ਪੀ. ਡੀ. ਵਿਚ ਸਾਹਮਣੇ ਆਏ ਹਨ। ਉਪਰੋਕਤ ਵਿਚ 4 ਪੁਲਸ ਦੇ ਜਵਾਨ ਵੀ ਸ਼ਾਮਲ ਹਨ।
ਹੁਣ ਤੱਕ ਜ਼ਿਲੇ ਵਿਚ 3246 ਪਾਜ਼ੇਟਿਵ ਮਰੀਜ਼ ਆ ਚੁੱਕੇ ਹਨ, ਜਦੋਂਕਿ 89 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਕੁੱਝ ਦਿਨਾਂ ਤੋਂ ਜ਼ਿਲੇ ਦੇ ਹਾਲਾਤ ਬਦਤਰ ਹੋ ਰਹੇ ਹਨ, ਜਿੱਥੇ ਸਹੂਲਤ ਦੇ ਨਾਂ 'ਤੇ ਸਿਰਫ 32 ਵੈਂਟੀਲੇਟਰ ਰਾਖਵੇਂ ਹਨ। ਮੌਜੂਦਾ ਸਮੇਂ ਵਿਚ ਨਿੱਜੀ ਹਸਪਤਾਲਾਂ ਵਿਚ 78 ਸਧਾਰਣ ਬੈੱਡ ਹਨ, ਜਦਕਿ ਆਕਸੀਜ਼ਨ ਫਿੱਟਿਡ ਬੈੱਡਾਂ ਦੀ ਗਿਣਤੀ 70 ਹੈ। ਇਸੇ ਤਰ੍ਹਾਂ ਵੱਖ-ਵੱਖ ਹਸਪਾਤਲਾਂ ਵਿਚ ਆਈ. ਸੀ. ਯੂ. ਵਿਚ 60 ਬੈੱਡ ਰਾਖਵੇਂ ਹਨ। ਮੋਟੇ ਤੌਰ 'ਤੇ ਜੇਕਰ ਦੇਖਿਆ ਜਾਵੇ ਤਾਂ 761 ਰਾਖਵੇਂ ਬੈੱਡਾਂ ਵਿਚੋਂ 450 ਸਰਕਾਰੀ ਹਸਪਤਾਲਾਂ ਵਿਚ ਹਨ, ਜਦੋਂਕਿ 311 ਨਿੱਜੀ ਹਸਪਾਤਲਾਂ ਵਿਚ ਰਾਖਵੇਂ ਕੀਤੇ ਗਏ ਹਨ। ਆਈਸੋਲੇਸ਼ਨ ਸੈਂਟਰਾਂ ਵਿਚ 1200 ਬਿਸਤਰਿਆਂ ਦੀ ਵਿਵਸਥਾ ਕੀਤੀ ਗਈ ਹੈ ਪਰ ਜੇਕਰ ਵੱਡੀ ਗਿਣਤੀ ਵਿਚ ਗੰਭੀਰ ਕੇਸ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਸੰਭਾਲਣ ਲਈ ਸੁਵਿਧਾ ਮੁਹੱਈਆ ਨਹੀਂ ਹੈ ਕਿਉਂਕਿ ਵੈਂਟੀਲੇਟਰ ਵਾਲੇ ਬੈੱਡਾਂ ਦੀ ਗਿਣਤੀ ਪੂਰੇ ਜ਼ਿਲੇ ਵਿਚ 32 ਹੈ ਅਤੇ ਲੈਵਲ-3 ਦੇ ਬੈੱਡਾਂ ਦੀ ਰਾਖਵੀਂ ਗਿਣਤੀ 76 ਹੈ। ਇਹੋ ਕਾਰਨ ਹੈ ਕਿ ਲੋਕਾਂ ਨੂੰ ਨਿੱਜੀ ਹਸਪਤਾਲਾਂ ਤੋਂ ਵਾਪਸ ਮੁੜਨਾ ਪੈ ਰਿਹਾ ਹੈ ਅਤੇ ਨਾਲ ਹੀ ਹਸਪਤਾਲਾਂ ਵਿਚ ਜਗ੍ਹਾ ਨਾ ਮਿਲਣ ਕਾਰਨ ਮਰੀਜ਼ਾਂ ਦੀ ਮੌਤ ਵਿਚ ਵਾਧਾ ਹੋ ਰਿਹਾ ਹੈ।ਮਾਹਰਾਂ ਮੁਤਾਬਕ ਆਉਣ ਵਾਲੇ ਸਮੇਂ ਵਿਚ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਕੋਵਿਡ-19 ਦੀ ਦੇਖ-ਰੇਖ ਲਈ ਜਿਨ੍ਹਾਂ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਪਹਿਲਾਂ ਹੀ ਕਈ ਕੰਮ ਹਨ, ਜਿਸ ਕਾਰਨ ਉਹ ਕੋਵਿਡ-19 ਦੇ ਕੇਸ ਵਿਚ ਪੂਰਾ ਧਿਆਨ ਨਹੀਂ ਦੇ ਪਾ ਰਹੇ।
ਲੁਧਿਆਣਾ 'ਚ ਕੋਰੋਨਾ ਇਲਾਜ ਦੇ ਪੂਰੇ ਇੰਤਜ਼ਾਮ ਨਹੀਂ : ਵਿਧਾਇਕ ਮਾਣੂਕੇ
ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਅੱਜ ਸ਼ਹਿਰ ਵਿਚ ਵਿਗੜ ਰਹੇ ਹਾਲਾਤਾਂ ਨੂੰ ਦੇਖਦੇ ਹੋਏ ਸਿਵਲ ਸਰਜਨ ਨੂੰ ਮਿਲਣ ਪੁੱਜੀ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਜ਼ਿਲੇ ਵਿਚ ਕੋਵਿਡ-19 ਲਈ ਪੂਰੇ ਇੰਤਜ਼ਾਮ ਨਹੀਂ ਹਨ। ਉਨ੍ਹਾਂ ਨੇ ਇਕ ਆਰ. ਟੀ. ਆਈ. ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ ਕਰੋੜਾਂ ਰੁਪਏ ਦੇ ਫੰਡ ਕੋਵਿਡ ਲਈ ਭੇਜੇ ਹਨ ਪਰ ਜ਼ਿਲੇ ਵਿਚ ਲੱਖਾਂ ਵੀ ਖਰਚ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੂੰ 'ਮਿਸ਼ਨ ਫਤਿਹ' ਦੀ ਪਬਲੀਸਿਟੀ ਛੱਡ ਕੇ ਸਿਵਲ ਹਸਪਤਾਲਾਂ ਵਿਚ ਮੈਡੀਕਲ ਸਹੂਲਤਾਂ 'ਤੇ ਪੈਸਾ ਖਰਚਣਾ ਚਾਹੀਦਾ ਹੈ ਅਤੇ ਜ਼ਿਲੇ ਵਿਚ ਸਮੁੱਚੇ ਵੈਂਟੀਲੇਟਰਾਂ ਦੀ ਵਿਵਸਥਾ ਕਰ ਕੇ ਲੋਕਾਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।
1919 ਰਿਪੋਰਟਾਂ ਦਾ ਹੈ ਅਜੇ ਇੰਤਜ਼ਾਰ
ਸਿਹਤ ਅਧਿਕਾਰੀਆਂ ਮੁਤਾਬਕ ਅਜੇ 1919 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ, ਜਿਸ ਦੇ ਨਤੀਜੇ ਜਲਦ ਹੀ ਮਿਲ ਜਾਣ ਦੀ ਸੰਭਾਵਨਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ 1073 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ।
365 ਮਰੀਜ਼ਾਂ ਨੂੰ ਕੀਤਾ ਹੋਮ ਕੁਆਰੰਟਾਈਨ
ਸਿਹਤ ਵਿਭਾਗ ਦੀ ਟੀਮ ਨੇ ਅੱਜ ਸ਼ੱਕੀ ਮਰੀਜ਼ਾਂ ਦੀ ਜਾਂਚ ਤੋਂ ਬਾਅਦ 365 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ।
ਮੌਤ ਦਾ ਸ਼ਿਕਾਰ ਹੋਏ ਮਰੀਜ਼ਾਂ ਦਾ ਵੇਰਵਾ
ਭੁਪਿੰਦਰ ਕੌਰ (65) ਨਿਵਾਸੀ ਮਾਣਕਵਾਲ ਦੇ ਹਸਪਤਾਲ ਵਿਚ ਦਾਖਲ ਸੀ।
ਅਰੁਣਾ ਸੂਦ (66) ਸਿੰਘਪੁਰਾ ਮੁਹੱਲਾ ਦਯਾਨੰਦ ਹਸਪਤਾਲ ਵਿਚ ਦਾਖਲ ਸੀ।
ਬਾਲ ਕਿਸ਼ਨ (58) ਨਿਵਾਸੀ ਕੋਟ ਮੰਗਲ ਸਿੰਘ ਪੀ. ਜੀ. ਆਈ. ਚੰਡੀਗੜ੍ਹ ਵਿਚ ਦਾਖਲ ਸੀ।
ਪੂਨਮ ਕੁਮਾਰੀ (24) ਸ਼ਹੀਦ ਭਗਤ ਸਿੰਘ ਕਾਲੋਨੀ ਓਸਵਾਲ ਹਸਪਤਾਲ ਵਿਚ ਦਾਖਲ ਸੀ।
ਕਾਦਰ ਪਾਸਵਾਨ (47) ਬਸਤੀ ਜੋਧੇਵਾਲ ਦੇ ਰਹਿਣ ਵਾਲਾ ਸੀ ਅਤੇ ਸਿਵਲ ਹਸਪਤਾਲ ਵਿਚ ਦਾਖਲ ਸੀ।
ਕਿਰਨਦੀਪ ਕੌਰ (3) ਨਿਵਾਸੀ ਦਸਮੇਸ਼ ਨਗਰ ਸਿਵਲ ਹਸਪਤਾਲ ਵਿਚ ਦਾਖਲ ਸੀ।
ਉਪਕਾਰ ਸਿੰਘ (49) ਅਰਬਨ ਅਸਟੇਟ ਦਾ ਰਹਿਣ ਵਾਲਾ ਸੀ ਅਤੇ ਜਲੰਧਰ ਦੇ ਹਸਪਤਾਲ ਵਿਚ ਦਾਖਲ ਸੀ।