ਵਪਾਰੀ ਦੇ ਇਕਲੌਤੇ ਪੁੱਤ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ, ਤੜਫ਼ਦਾ ਛੱਡ ਫ਼ਰਾਰ ਹੋਏ ਜਿਗਰੀ ਯਾਰ

08/17/2020 11:57:56 AM

ਲੁਧਿਆਣਾ (ਰਿਸ਼ੀ) : ਤਪਾ ਮੰਡੀ ਤੋਂ ਆਪਣੇ ਘਰ ਆਏ ਹੌਜਰੀ ਵਪਾਰੀ ਦੇ ਇਕਲੌਤੇ ਬੇਟੇ ਦੀ ਵੱਧ ਨਸ਼ੇ ਲੈਣ ਨਾਲ ਮੌਤ ਹੋ ਗਈ। ਡਵੀਜ਼ਨ ਨੰ. 6 ਦੀ ਪੁਲਸ ਨੇ 4 ਦੋਸਤਾਂ ਦੇ ਖਿਲਾਫ ਧਾਰਾ 304, 34 ਆਈ. ਪੀ. ਸੀ. ਦੇ ਅਧੀਨ ਕੇਸ ਦਰਜ ਕਰ ਕੇ 3 ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇਕ ਮੁਜਰਮ ਫਰਾਰ ਹੈ। ਸਾਰੀ ਹਰਕਤ ਨੇੜੇ ਲੱਗੇ ਕੈਮਰੇ ਵਿਚ ਕੈਦ ਹੋ ਗਈ। ਫੁਟੇਜ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਬੇਸੁਧ ਹਾਲਤ ਵਿਚ ਨੌਜਵਾਨ ਨੂੰ ਘੜੀਸ ਕੇ ਲਿਆ ਰਹੇ ਹਨ। ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਸਿੰਘ ਬਰਾੜ ਅਨੁਸਾਰ ਫੜੇ ਗਏ ਮੁਜ਼ਰਮਾਂ ਦੀ ਪਛਾਣ ਵਿਨੋਦ ਨਿਵਾਸੀ ਗੁਰਪਾਲ ਨਗਰ, ਮਨਵਿੰਦਰ ਸਿੰਘ ਨਿਵਾਸੀ ਕੋਰਟ ਮੰਗਲ ਸਿੰਘ, ਮਨੀ ਨਿਵਾਸੀ ਜੈਨ ਕਾਲੋਨੀ ਅਤੇ ਫਰਾਰ ਦੀ ਪਛਾਣ ਰੀਟਾ ਨਿਵਾਸੀ ਗੁਰਪਾਲ ਨਗਰ ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ਖਿਲਾਫ ਪਿਤਾ ਰਾਜੇਸ਼ ਕੁਮਾਰ ਨਿਵਾਸੀ ਜੈਨ ਕਾਲੋਨੀ, ਡਾਬਾ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨ ਵਿਚ ਹੌਜਰੀ ਕਾਰੋਬਾਰੀ ਪਿਤਾ ਨੇ ਦੱਸਿਆ ਕਿ ਮ੍ਰਿਤਕ ਸਾਹਿਲ ਸਿੰਗਲਾ (25) ਉਨ੍ਹਾਂ ਦਾ ਇਕਲੌਤਾ ਬੇਟਾ ਸੀ। ਜੋ ਆਪਣੀ ਮਾਸੀ ਦੇ ਘਰ ਤਪਾ ਮੰਡੀ ਵਿਚ ਰਹਿੰਦਾ ਸੀ। ਰੱਖੜੀ ਦੇ ਤਿਉਹਾਰ 'ਤੇ ਘਰ ਆਇਆ ਸੀ ਅਤੇ ਕੁਝ ਸਮੇਂ ਲਈ ਠਹਿਰ ਗਿਆ। ਬੀਤੀ 12 ਅਗਸਤ ਦੁਪਹਿਰ 12.30 ਵਜੇ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਸਦਾ ਆਧਾਰ ਕਾਰਡ ਨਹੀਂ ਮਿਲ ਰਿਹਾ, ਜਿਸ ਦੀ ਕਾਪੀ ਕੱਢਵਾਉਣ ਜਾ ਰਿਹਾ ਹੈ। ਜਾਂਦੇ ਸਮੇਂ ਸਾਹਿਲ ਕੋਲ 45 ਹਜ਼ਾਰ ਦੀ ਨਗਦੀ ਸੀ ਪਰ ਰਾਤ ਨੂੰ ਬੇਟਾ ਵਾਪਸ ਨਹੀਂ ਮੁੜਿਆ। ਅਗਲੇ ਦਿਨ ਸ਼ਾਮ 5.30 ਵਜੇ ਉਸਦੀ ਮੌਤ ਦਾ ਪਤਾ ਲੱਗਾ। ਪੁਲਸ ਅਨੁਸਾਰ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਾਹਿਲ ਪਹਿਲਾਂ ਵੀ ਨਸ਼ਾ ਕਰਦਾ ਸੀ। ਇਸ ਕਾਰਨ ਘਰ ਵਾਲਿਆਂ ਨੇ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਸੀ। 

ਬੀਤੀ 12 ਅਗਸਤ ਰਾਤ 9 ਵਜੇ ਆਪਣੇ ਦੋਸਤ ਮਨੀ ਕੋਲ ਗਿਆ, ਜਿਸ ਤੋਂ ਬਾਅਦ ਇਕ ਹੋਰ ਦੋਸਤ ਵਿਨੋਦ ਉਥੇ ਆ ਗਿਆ ਅਤੇ ਤਿੰਨਾਂ ਨੇ ਡਾਬਾ ਇਲਾਕੇ ਵਿਚ ਇਕ ਅਹਾਤੇ 'ਤੇ ਬੈਠ ਕੇ ਸ਼ਰਾਬ ਪੀਤੀ। ਜਦ ਉਥੋਂ ਨਿਕਲੇ ਤਾਂ ਚਿੱਟੇ ਦਾ ਨਸ਼ਾ ਕਰਨ ਦਾ ਮਨ ਬਣਾ ਲਿਆ ਅਤੇ ਸੁੰਨਸਾਨ ਜਗ੍ਹਾ 'ਤੇ ਚਲੇ ਗਏ।ਜਿਥੇ ਇਨ੍ਹਾਂ ਦਾ ਦੋਸਤ ਨੀਟਾ ਵੀ ਆ ਗਿਆ ਤਦ ਇਨ੍ਹਾਂ ਨੇ ਇਕੱਠਿਆਂ ਨੇ ਚਿੱਟੇ ਦਾ ਨਸ਼ਾ ਕੀਤਾ ਅਤੇ ਸਾਹਿਲ ਨੂੰ ਵੀ ਟੀਕਾ ਲਾ ਦਿੱਤਾ। ਪਹਿਲਾਂ ਸ਼ਰਾਬ ਪੀਤੀ ਹੋਣ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ। ਪਹਿਲਾਂ ਤਾਂ ਸਾਰਿਆਂ ਨੇ ਉਸ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਜਦ ਹਾਲਤ ਖਰਾਬ ਹੁੰਦੀ ਦੇਖੀ ਤਾਂ ਉਸ ਨੂੰ ਘੜੀਸ ਕੇ ਕੁਝ ਦੂਰੀ 'ਤੇ ਲੈ ਗਏ ਅਤੇ ਬੇਸੁਧ ਹਾਲਤ ਵਿਚ ਛੱਡ ਕੇ ਫਰਾਰ ਹੋ ਗਏ। ਲਗਭਗ 10.30 ਵਜੇ ਰਾਹਗੀਰਾਂ ਨੇ ਨੌਜਵਾਨ ਨੂੰ ਦੇਖ ਕੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਸ਼ੇਰਪੁਰ ਚੌਕੀ ਨੇ ਸਾਹਿਲ ਨੂੰ ਈ. ਐੱਸ. ਆਈ. ਹਸਪਤਾਲ ਭਰਤੀ ਕਰਵਾਇਆ। ਜਿਥੇ ਕੁਝ ਸਮੇਂ ਬਾਅਦ ਹੀ ਉਸਨੇ ਦਮ ਤੋੜ ਦਿੱਤਾ।

ਮੋਬਾਈਲ, 45 ਹਜ਼ਾਰ ਅਤੇ ਪਰਸ ਦਾ ਨਹੀਂ ਲੱਗਾ ਪਤਾ
ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਹਿਲ ਕੋਲ 45 ਹਜ਼ਾਰ ਦੀ ਨਕਦੀ ਸੀ, ਜੋ ਬੈਂਕ ਵਿਚ ਭੈਣ ਦੇ ਵਿਆਹ ਕਾਰਨ ਜਮ੍ਹਾ ਕਰਵਾਉਣੀ ਸੀ। ਉਨ੍ਹਾਂ ਨੂੰ ਨਾ ਤਾਂ ਨਕਦੀ ਮਿਲੀ ਹੈ ਨਾ ਹੀ ਸਾਹਿਲ ਦਾ ਮੋਬਾਈਲ ਫੋਨ ਅਤੇ ਪਰਸ ਮਿਲਿਆ ਹੈ। ਰਿਸ਼ਤੇਦਾਰਾਂ ਅਨੁਸਾਰ ਪਰਸ ਵਿਚ ਅਲੱਗ ਤੋਂ ਹਜ਼ਾਰਾਂ ਰੁਪਏ ਸਨ।

ਰਿਸ਼ਤੇਦਾਰਾਂ ਨੇ ਕੀਤਾ ਪ੍ਰਦਰਸ਼ਨ
ਸਾਹਿਲ ਦੇ ਰਿਸ਼ਤੇਦਾਰਾਂ ਨੇ ਪੁਲਸ 'ਤੇ ਸਹੀ ਕਾਰਵਈ ਨਾ ਕਰਨ ਦਾ ਦੋਸ਼ ਲਾ ਕੇ ਚੌਕੀ ਸ਼ੇਰਪੁਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਪੁਲਸ ਇਕ ਮੁਜਰਿਮ ਦਾ ਬਚਾਅ ਕਰ ਰਹੀ ਹੈ ਪਰ ਪੁਲਸ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।


Baljeet Kaur

Content Editor

Related News