ਆਨਰ ਕਿਲਿੰਗ ਮਾਮਲਾ : ਸੰਦੀਪ ਕੌਰ ਦੀ ਪੋਸਟਮਾਰਟਮ ਰਿਪੋਰਟ 'ਚ ਅਹਿਮ ਖ਼ੁਲਾਸਾ, ਆਰ-ਪਾਰ ਹੋਈਆਂ ਸੀ ਗੋਲੀਆਂ
Tuesday, Aug 08, 2023 - 10:23 AM (IST)
ਲੁਧਿਆਣਾ (ਰਾਜ) : ਪੰਜ ਪੀਰ ਰੋਡ ’ਤੇ ਭਰਾ ਵਲੋਂ ਗੋਲੀਆਂ ਮਾਰ ਕੇ ਭੈਣ ਦਾ ਕਤਲ ਕਰਨ ਦੇ ਮਾਮਲੇ ’ਚ ਮ੍ਰਿਤਕ ਸੰਦੀਪ ਕੌਰ ਦਾ ਸਿਵਲ ਹਸਪਤਾਲ ’ਚ ਪੋਸਟਮਾਰਟਮ ਹੋਇਆ। ਤਿੰਨ ਡਾਕਟਰਾਂ ਫੋਰੈਂਸਿਕ ਐਕਸਪਰਟ ਡਾ. ਚਰਣਕੰਵਲ , ਡਾ. ਹਰਪ੍ਰੀਤ ਅਤੇ ਡਾ. ਆਦਿੱਤਿਆ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ। ਇਸ ਦੌਰਾਨ ਖ਼ੁਲਾਸਾ ਹੋਇਆ ਕਿ ਸੰਦੀਪ ਕੌਰ ਨੂੰ 4 ਗੋਲੀਆਂ ਲੱਗੀਆਂ ਸਨ। ਚਾਰੇ ਗੋਲੀਆਂ ਬਹੁਤ ਹੀ ਨੇੜਿਓਂ ਮਾਰੀਆਂ ਗਈਆਂ ਸਨ, ਜਿਸ ਕਾਰਨ ਸਿਰ ਅਤੇ ਮੂੰਹ ਤੋਂ 2-2 ਗੋਲੀਆਂ ਆਰ-ਪਾਰ ਹੋ ਗਈਆਂ ਸਨ, ਜਿਸ ਕਾਰਨ ਉਸ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਹੁੰਮਸ ਭਰੀ ਗਰਮੀ ਝੱਲ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਉੱਧਰ, ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਸੂਰਜ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਪੁਲਸ ਨੂੰ ਪਤਾ ਲੱਗਾ ਹੈ ਕਿ ਮੁਲਜ਼ਮ ਯੂ. ਪੀ. ਤੋਂ ਨਾਜਾਇਜ਼ ਹਥਿਆਰ ਲੈ ਕੇ ਆਇਆ ਸੀ। ਹੁਣ ਉਸ ਨੇ ਕਿਸ ਵਿਅਕਤੀ ਤੋਂ ਖ਼ਰੀਦਿਆ, ਇਸ ਦੀ ਜਾਂਚ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਰਾਤ ਵੇਲੇ ਵੱਡੀ ਵਾਰਦਾਤ : ਫੈਕਟਰੀ ਵਰਕਰ ਨੂੰ ਚਾਕੂ ਮਾਰ ਬੇਰਹਿਮੀ ਨਾਲ ਕੀਤਾ ਕਤਲ
ਇੱਥੇ ਦੱਸ ਦੇਈਏ ਕਿ ਭੈਣ ਸੰਦੀਪ ਕੌਰ ਨੇ ਪਿਤਾ ਕੋਲ ਕੰਮ ਕਰਨ ਵਾਲੇ ਨੌਜਵਾਨ ਰਵੀ ਨਾਲ ਭੱਜ ਕੇ ਵਿਆਹ ਰਚਾ ਲਿਆ ਸੀ, ਜਿਸ ਕਾਰਨ ਸੰਦੀਪ ਕੌਰ ਦਾ ਭਰਾ ਕਾਫ਼ੀ ਗੁੱਸੇ ’ਚ ਸੀ। ਇਸ ਲਈ ਸ਼ਨੀਵਾਰ ਦੀ ਰਾਤ ਨੂੰ ਸੂਰਜ ਨੇ ਰਵੀ ਦੇ ਘਰ ’ਚ ਦਾਖ਼ਲ ਹੋ ਕੇ ਆਪਣੀ ਭੈਣ ਅਤੇ ਜੀਜੇ ਨੂੰ ਗੋਲੀਆਂ ਮਰ ਦਿੱਤੀਆਂ ਸਨ, ਜਿਸ 'ਚ ਸੰਦੀਪ ਕੌਰ ਦੀ ਮੌਤ ਹੋ ਗਈ ਸੀ, ਜਦੋਂਕਿ ਰਵੀ ਗੰਭੀਰ ਜ਼ਖਮੀ ਹੋ ਗਿਆ ਸੀ। ਪੁਲਸ ਨੇ ਮੁਲਜ਼ਮ ਨੂੰ ਕੁੱਝ ਘੰਟਿਆਂ ’ਚ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ