ਦਾਦੀ ਦੀ ਹੈਵਾਨੀਅਤ : ਪੋਤੇ ਦੀ ਚਾਹਤ 'ਚ ਮਾਸੂਮ ਪੋਤੀ ਦਾ ਹੱਥ ਉੱਬਲਦੇ ਤੇਲ 'ਚ ਪਾਇਆ

3/15/2020 10:22:44 AM

ਲੁਧਿਆਣਾ (ਜ. ਬ.) : ਜੋਧੇਵਾਲ ਪੁਲਸ ਨੇ ਇਕ ਦਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਆਪਣੀ 2 ਸਾਲਾ ਮਾਸੂਮ ਪੋਤੀ ਦਾ ਹੱਥ ਰਿੱਝਦੇ ਹੋਏ ਤੇਲ 'ਚ ਪਾ ਦਿੱਤਾ। ਬੱਚੀ ਦੀਆਂ ਚੀਕਾਂ ਤੋਂ ਇਸ ਬੇਦਰਦ ਦਾਦੀ ਦਾ ਦਿਲ ਨਹੀਂ ਪਸੀਜਿਆ। ਕਿਸੇ ਤਰ੍ਹਾਂ ਬੱਚੀ ਦੀ ਮਾਂ ਨੇ ਆਪਣੀ ਜ਼ਾਲਮ ਸੱਸ ਦੇ ਚੁੰਗਲ 'ਚੋਂ ਉਸ ਨੂੰ ਬਚਾਇਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ। ਜਿੱਥੇ ਮੱਲ੍ਹਮ ਪੱਟੀ ਕਰਨ ਤੋਂ ਬਾਅਦ ਬੱਚੀ ਨੂੰ ਛੁੱਟੀ ਦੇ ਦਿੱਤੀ ਗਈ। ਬੱਚੀ ਦੇ ਪਿਤਾ ਦੀਪਕ ਜੇਠੀ ਦੇ ਮੁਤਾਬਕ ਦਾਈ ਦਾ ਕੰਮ ਕਰਨ ਵਾਲੀ ਉਸ ਦੀ ਮਾਂ ਦਰਸ਼ਨਾ ਰਾਣੀ ਸ਼ੁਰੂ ਤੋਂ ਹੀ ਲੜਕੀਆਂ ਨੂੰ ਨਾਪਸੰਦ ਕਰਦੀ ਹੈ। ਨੂਰਵਾਲਾ ਰੋਡ ਦੀ ਪੰਚਸ਼ੀਲ ਕਾਲੋਨੀ ਦੇ ਰਹਿਣ ਵਾਲੇ ਦੀਪਕ ਨੇ ਦੱਸਿਆ ਕਿ ਉਹ ਰੇਲਵੇ ਗੇਟਮੈਨ ਦੀ ਨੌਕਰੀ ਕਰਦਾ ਹੈ। ਉਸ ਦੀ ਡਿਊਟੀ ਗਿਆਸਪੁਰਾ ਫਾਟਕ 'ਤੇ ਹੁੰਦੀ ਹੈ। ਮਾਤਾ-ਪਿਤਾ ਦਾ ਤਲਾਕ ਹੋ ਚੁੱਕਾ ਹੈ। ਉਸ ਦੇ ਪਿਤਾ ਮਦਨ ਲਾਲ ਵੱਖ ਰਹਿੰਦੇ ਹਨ। ਉਹ ਵੀ ਰੇਲਵੇ ਵਿਚ ਕੰਮ ਕਰਦੇ ਸਨ। ਮਾਂ ਤੋਂ ਇਲਾਵਾ ਘਰ ਵਿਚ ਉਸ ਦੀ ਪਤਨੀ ਸੰਗੀਤਾ 10 ਸਾਲ ਦਾ ਇਕ ਬੇਟਾ ਪਿਯੂਸ਼ ਅਤੇ 2 ਸਾਲ ਦੀ ਬੇਟੀ ਰੇਜਲ ਹੈ।

PunjabKesariਘਟਨਾ ਬੁੱਧਵਾਰ ਸ਼ਾਮ ਕਰੀਬ 7.30 ਵਜੇ ਦੀ ਹੈ। ਦੋਸ਼ ਹੈ ਕਿ ਦਰਸ਼ਨਾ ਨੇ ਪਹਿਲਾਂ ਸੰਗੀਤਾ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਸਮੇਂ ਘਰ 'ਚ ਮਾਂ-ਬੇਟੀ ਅਤੇ ਸੱਸ ਤੋਂ ਇਲਾਵਾ ਕੋਈ ਨਹੀਂ ਸੀ। ਪਿਯੂਸ਼ ਖੇਡਣ ਲਈ ਬਾਹਰ ਗਿਆ ਹੋਇਆ ਸੀ ਅਤੇ ਦੀਪਕ ਸ਼ਾਮ 4 ਵਜੇ ਡਿਊਟੀ 'ਤੇ ਜਾ ਚੁੱਕਾ ਸੀ। ਇਸੇ ਦੌਰਾਨ ਦਰਸ਼ਨਾ ਪੋਤੀ ਨੂੰ ਚੁੱਕ ਕੇ ਰਸੋਈ 'ਚ ਲੈ ਗਈ, ਜਿੱਥੇ ਗੈਸ 'ਤੇ ਕੜਾਹੀ ਰੱਖੀ ਹੋਈ ਸੀ, ਜਿਸ ਵਿਚ ਸਰੋਂ੍ਹ ਦਾ ਤੇਲ ਰਿੱਝ ਰਿਹਾ ਸੀ। ਦਰਸ਼ਨਾ ਨੇ ਪੋਤੀ ਦਾ ਹੱਥ ਫੜ ਕੇ ਉਸ ਤੇਲ 'ਚ ਪਾ ਦਿੱਤਾ। ਰੇਜਲ ਦਰਦ ਨਾਲ ਚੀਕਣ ਲੱਗੀ। ਸੰਗੀਤਾ ਨੇ ਦੱਸਿਆ ਕਿ ਉਸ ਨੇ ਹਿੰਮਤ ਕਰਦੇ ਹੋਏ ਕਿਸੇ ਤਰ੍ਹਾਂ ਸੱਸ ਦੀ ਚੁੰਗਲ 'ਚੋਂ ਆਪਣੀ ਬੇਟੀ ਨੂੰ ਬਚਾਇਆ ਤੇ ਘਰੋਂ ਬਾਹਰ ਭੱਜ ਗਈ। ਇਸ ਤੋਂ ਬਾਅਦ ਉਸ ਨੇ ਦੀਪਕ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਸ ਦੇ ਤਾਏ ਦਾ ਲੜਕਾ ਉਸ ਕੋਲ ਆਇਆ ਅਤੇ ਉਸ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।

PunjabKesariਮਾਂ ਪਹਿਲਾਂ ਵੀ ਬੇਟੀ ਨੂੰ ਮਾਰਨ ਦੇ ਯਤਨ ਕਈ ਵਾਰ ਕਰ ਚੁੱਕੀ ਹੈ : ਬੇਟਾ
ਮੇਰੀ ਮਾਂ ਨੂੰ ਸ਼ੁਰੂ ਤੋਂ ਹੀ ਲੜਕੀਆਂ ਪਸੰਦ ਨਹੀਂ ਹਨ। ਜਦੋਂ ਦੂਜੀ ਵਾਰ ਸੰਗੀਤਾ ਗਰਭਵਤੀ ਹੋਈ ਤਾਂ ਮੇਰੀ ਮਾਂ ਕਹਿੰਦੀ ਰਹੀ ਕਿ ਉਹ ਸੰਗੀਤਾ ਨੂੰ ਅਜਿਹੀ ਦਵਾਈ ਦੇਵੇਗੀ, ਜਿਸ ਨਾਲ ਉਸ ਦੇ ਲੜਕਾ ਹੀ ਹੋਵੇਗਾ ਪਰ ਮੈਂ ਅਤੇ ਮੇਰੀ ਪਤਨੀ ਬੇਟੀ ਚਾਹੁੰਦੇ ਸੀ। ਸਾਡੀ ਇਹ ਇੱਛਾ ਪੂਰੀ ਹੋ ਗਈ ਪਰ ਮੇਰੀ ਮਾਂ ਨਾਰਾਜ਼ ਹੋ ਗਈ। ਇਸ ਤੋਂ ਬਾਅਦ ਮਾਂ ਨੇ ਮੇਰੀ ਬੇਟੀ ਨੂੰ ਮਾਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੀ। ਕੁਝ ਦਿਨ ਪਹਿਲਾਂ ਹੀ ਮਾਂ ਰੇਜਲ ਨੂੰ ਚੁੱਕ ਕੇ ਕਮਰੇ ਵਿਚ ਲੈ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਅਸੀਂ ਬਾਹਰ ਖੜ੍ਹੇ ਰੌਲਾ ਪਾਉਂਦੇ ਰਹੇ ਪਰ ਮਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਆਖਰ 'ਚ ਪੁਲਸ ਬੁਲਾਉਣੀ ਪਈ, ਜਿਸ ਨੇ ਆ ਕੇ ਦਰਵਾਜ਼ਾ ਖੁੱਲ੍ਹਵਾਇਆ ਤਾਂ ਤੋਲੀਏ ਵਿਚ ਲਪੇਟੀ ਬੇਟੀ ਬੇਹੋਸ਼ੀ ਦੀ ਹਾਲਤ 'ਚ ਸੀ, ਜਿਸ ਨੂੰ ਫੌਰਨ ਡਾਕਟਰ ਕੋਲ ਲਿਜਾਇਆ ਗਿਆ ਤਾਂ ਜਾ ਕੇ ਉਸ ਦੀ ਜਾਨ ਬਚੀ। ਉਸ ਸਮੇਂ ਰਿਸ਼ਤੇਦਾਰਾਂ ਨੇ ਦਖਲ ਦੇ ਕੇ ਕੇਸ ਨੂੰ ਰਫਾ-ਦਫਾ ਕਰ ਦਿੱਤਾ ਅਤੇ ਪੁਲਸ ਕੋਲ ਸ਼ਿਕਾਇਤ ਨਹੀਂ ਕਰਨ ਦਿੱਤੀ ਪਰ ਇਸ ਵਾਰ ਤਾਂ ਮਾਂ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਜਿਸ ਤੋਂ ਬਾਅਦ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣਾ ਹੀ ਅਸੀਂ ਮੁਨਾਸਿਬ ਸਮਝਿਆ।

PunjabKesari

ਸੱਸ ਦੇ ਚਿਹਰੇ 'ਤੇ ਹੈਵਾਨੀਅਤ ਦੇਖੀ : ਸੰਗੀਤਾ
ਸੰਗੀਤਾ ਨੇ ਦੱਸਿਆ ਕਿ ਸੱਸ ਉਸ ਦੀ ਬੇਟੀ ਨੂੰ ਵੇਚਦਾ ਚਾਹੁੰਦੀ ਸੀ, ਜਿਸ ਲਈ ਉਸ ਨੇ ਮਾਡਲ ਟਾਊਨ ਇਲਾਕੇ ਵਿਚ ਇਕ ਸ਼ਖਸ ਨਾਲ ਗੱਲ ਵੀ ਕਰ ਲਈ ਸੀ ਪਰ ਉਹ ਅਤੇ ਉਸ ਦਾ ਪਤੀ ਨਹੀਂ ਮੰਨੇ। ਇਸ 'ਤੇ ਉਹ ਅੱਗ-ਬਬੂਲਾ ਹੋ ਉੱਠੀ ਅਤੇ ਮਨ ਹੀ ਮਨ 'ਚ ਖੁੰਦਕ ਰੱਖਣ ਲੱਗੀ ਸੀ। ਉਸ ਨੇ ਦੱਸਿਆ ਕਿ ਜਦੋਂ ਵੀ ਉਸ ਦੀ ਸੱਸ ਨੂੰ ਮੌਕਾ ਮਿਲਦਾ, ਉਹ ਉਸ ਨਾਲ ਲੜਾਈ-ਝਗੜਾ ਕਰਦੀ ਅਤੇ ਇਸ ਦੀ ਆੜ 'ਚ ਉਸ ਦੀ ਬੇਟੀ ਨੂੰ ਮਾਰਨ ਦੇ ਯਤਨ ਕਰਦੀ। ਇਸ ਵਾਰ ਸੱਸ ਦੇ ਚਿਹਰੇ 'ਤੇ ਹੈਵਾਨੀਅਤ ਦੇਖ ਕੇ ਉਸ ਦੀ ਰੂਹ ਕੰਬ ਗਈ। ਜਿਵੇਂ-ਜਿਵੇਂ ਉਸ ਦੀ ਬੇਟੀ ਦਰਦ ਨਾਲ ਤੜਫ ਰਹੀ ਸੀ, ਓਵੇਂ ਹੀ ਉਸ ਦੀ ਸੱਸ ਦਾ ਚਿਹਰਾ ਹੋਰ ਭਿਆਨਕ ਹੁੰਦਾ ਜਾ ਰਿਹਾ ਸੀ। ਯਕੀਨ ਕਰਨਾ ਮੁਸ਼ਕਲ ਹੋ ਗਿਆ ਸੀ ਕਿ ਇਕ ਔਰਤ ਇਸ ਹੱਦ ਤੱਕ ਜਾ ਸਕਦੀ ਹੈ, ਉਹ ਵੀ ਜਦੋਂ ਉਹ ਖੁਦ ਇਕ ਬੇਟੀ ਦੀ ਮਾਂ ਹੋਵੇ। ਇਸ ਸਬੰਧੀ ਜਾਣਕਾਰੀ ਦਿੰਦਿਆ ਅਸਿਸਟੈਂਟ ਪੁਲਸ ਕਮਿਸ਼ਨਰ ਅਨਿਲ ਕੋਹਲੀ ਨੇ ਦੱਸਿਆ ਕਿ ਸੰਗੀਤਾ ਦੇ ਬਿਆਨ 'ਤੇ ਦਰਸ਼ਨਾ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਕੋਰੋਨਾ ਵਾਇਰਸ ਕਾਰਨ ਸ੍ਰੀ ਕਰਤਾਰਪੁਰ ਲਾਂਘਾ ਆਰਜ਼ੀ ਤੌਰ 'ਤੇ ਬੰਦ


Baljeet Kaur

Edited By Baljeet Kaur