ਲੁਧਿਆਣਾ ''ਚ ਕਾਰੋਬਾਰੀ ਨਾਲ ਲੂੰ-ਕੰਡੇ ਖੜ੍ਹੀ ਕਰ ਦੇਣ ਵਾਲੀ ਵਾਰਦਾਤ, ਚੱਲਦੀ ਕਾਰ ''ਚੋਂ ਦਿੱਤਾ ਧੱਕਾ
Thursday, Sep 10, 2020 - 03:40 PM (IST)
ਲੁਧਿਆਣਾ (ਰਾਮ/ਮੁਕੇਸ਼) : ਚੰਡੀਗੜ੍ਹ ਰੋਡ ਸੈਕਟਰ-39 ਸ੍ਰੀ ਰਾਮ ਦਰਬਾਰ ਮੰਦਰ ਚੌਂਕ ਨੇੜੇ ਕਾਰ ਸਵਾਰ 5-6 ਹਮਲਾਵਰਾਂ ਨੇ ਕਾਰ ਚਾਲਕ ਨੌਜਵਾਨ ਨੂੰ ਸੜਕ ’ਤੇ ਘੇਰ ਕੇ ਪਹਿਲਾਂ ਕਾਰ ਦੀ ਭੰਨ-ਤੋੜ ਕੀਤੀ, ਫਿਰ ਕਾਰ ਸਵਾਰ ਨੌਜਵਾਨ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ। ਸੜਕ ’ਚੋਂ ਲੰਘ ਰਹੇ ਰਾਹਗੀਰਾਂ ਨੇ ਕਿਹਾ ਕਿ ਪਾਰਕ ਦੇ ਪਿੱਛੇ ਹਮਲਾਵਰ ਪਹਿਲਾਂ ਹੀ ਤਿਆਰ ਖੜ੍ਹੇ ਸੀ। ਕਾਰ ਸਵਾਰ ਨੌਜਵਾਨ ਜਦੋਂ ਐੱਨ. ਆਰ. ਆਈ. ਥਾਣੇ ਵੱਲੋਂ ਚੌਂਕ ਵੱਲ ਆ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ।
ਹਮਲਾਵਰਾਂ ਨੇ ਪਹਿਲਾਂ ਉਸ ਦੀ ਕਾਰ ਭੰਨ ਸੁੱਟੀ। ਫਿਰ ਨੌਜਵਾਨ ਨੂੰ ਕਾਰ ਤੋਂ ਬਾਹਰ ਘੜੀਸ ਕੇ ਹਥਿਆਰਾਂ ਨਾਲ ਹਮਲਾ ਕਰ ਕੇ ਫੱਟੜ ਕਰ ਦਿੱਤਾ। ਹਮਲਾਵਰਾਂ ਨੇ ਨੌਜਵਾਨ ਨੂੰ ਆਪਣੀ ਕਾਰ 'ਚ ਪਾ ਕੇ ਫਿਰ ਕੁੱਟਮਾਰ ਕੀਤੀ ਤੇ ਉਸ ਨੂੰ ਕਾਰ 'ਚ ਪਾ ਕੇ ਆਪਣੇ ਨਾਲ ਹੀ ਲੈ ਗਏ। ਹਮਲਾਵਰਾਂ ਨੇ ਕਾਰ ਸਵਾਰ ਨੌਜਵਾਨ ਨੂੰ ਜ਼ਖਮੀਂ ਹਾਲਤ 'ਚ ਵਰਧਮਾਨ ਚੌਂਕ ਨੇੜੇ ਕਾਰ ’ਚੋਂ ਸੜਕ ’ਤੇ ਸੁੱਟ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਕਿਸੇ ਰਾਹਗੀਰ ਨੇ ਜ਼ਖਮੀਂ ਨੌਜਵਾਨ ਦੇ ਫੋਨ ਤੋਂ ਉਸ ਦੇ ਭਰਾ ਨੂੰ ਉਸ ਦੇ ਜ਼ਖਮੀਂ ਹੋਣ ਬਾਰੇ ਸੂਚਨਾ ਦਿੱਤੀ। ਜ਼ਖਮੀਂ ਨੌਜਵਾਨ ਦੇ ਭਰਾ ਵਿਕਰਮ ਕਪੂਰ ਨੇ ਕਿਹਾ ਕਿ ਉਹ ਸੈਕਟਰ-39 ਵਿਖੇ ਰਹਿੰਦੇ ਹਨ।
ਅਰੁਣ ਕਪੂਰ ਨੇ ਮੋਹਿਤ ਰਾਵਤ ਨਾਮ ਦੇ ਵਿਅਕਤੀ ਨਾਲ ਮਿਲ ਕੇ ਕਾਰੋਬਾਰ ਸ਼ੁਰੂ ਕੀਤਾ ਸੀ। ਮੋਹਿਤ ਬਹੁਤ ਹੀ ਚੁਸਤ-ਚਲਾਕ ਕਿਸਮ ਦਾ ਵਿਅਕਤੀ ਹੈ। ਮੋਹਿਤ ਰਾਵਤ ਕਾਰੋਬਾਰ ’ਚ ਗੜਬੜ ਕਰਨ ਲੱਗ ਪਿਆ। ਉਸ ਨੇ ਧੋਖੇ ਨਾਲ ਉਸ ਦੇ ਭਰਾ ਅਰੁਣ ਕਪੂਰ ਨੂੰ ਕਾਰੋਬਾਰ ਤੋਂ ਬਾਹਰ ਕੱਢ ਦਿੱਤਾ ਤੇ ਕਾਰੋਬਾਰ 'ਚ ਲੱਗੇ ਲੱਖਾਂ ਰੁਪਏ ਵਾਪਸ ਵੀ ਨਹੀਂ ਕੀਤੇ। ਅਰੁਣ ਨੇ ਜਦੋਂ ਮੋਹਿਤ ਨੂੰ ਉਸ ਦੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਮੋਹਿਤ ਰਾਵਤ ਨੇ ਡਰਾਮੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਹਿਣ ਲੱਗ ਪਿਆ ਕਿ ਜੋ ਕਰਨਾ ਹੈ ਕਰ ਲੈ, ਕੋਈ ਉਸ ਦਾ ਕੁੱਝ ਨਹੀਂ ਵਿਗਾੜ ਸਕਦਾ। ਉਨ੍ਹਾਂ ਨੇ ਮੋਹਿਤ ਰਾਵਤ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਉਨ੍ਹਾਂ ਨੂੰ ਏ. ਡੀ. ਸੀ. ਪੀ.-4 ਦੇ ਦਫ਼ਤਰ ਬੁਲਾਇਆ ਗਿਆ ਸੀ। ਮੋਹਿਤ ਵੀ ਉਥੇ ਆਪਣੇ ਸਾਥੀਆਂ ਨਾਲ ਆਇਆ ਸੀ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਦੀ ਤੂੰ-ਤੂੰ ਮੈਂ-ਮੈਂ ਵੀ ਹੋਈ ਸੀ ਪਰ ਥਾਣੇ 'ਚ ਉਨ੍ਹਾਂ ਦਾ ਹਾਲੇ ਕੋਈ ਫ਼ੈਸਲਾ ਨਹੀਂ ਹੋਇਆ। ਮੋਹਿਤ ਸਾਥੀਆਂ ਨਾਲ ਐੱਸ. ਪੀ. ਸਾਹਿਬ ਦੇ ਦਫ਼ਤਰੋਂ ਪਹਿਲਾਂ ਨਿਕਲ ਆਇਆ ਸੀ, ਮਗਰੋਂ ਹੀ ਅਰੁਣ ਕਪੂਰ ਉਸ ਦਾ ਭਰਾ ਵੀ ਚਲਾ ਗਿਆ ਸੀ। ਉਹ ਕੰਮ ਕਰ ਕੇ ਉੱਥੇ ਰੁਕ ਗਏ ਸੀ। ਇੰਨੇ 'ਚ ਉਸ ਨੂੰ ਕਿਸੇ ਰਾਹਗੀਰ ਦਾ ਭਰਾ ਵਾਲੇ ਫੋਨ ਤੋਂ ਫੋਨ ਆਇਆ ਕਿ ਤੁਹਾਡਾ ਭਰਾ ਜ਼ਖਮੀ ਹਾਲਤ 'ਚ ਡਿੱਗਾ ਪਿਆ ਹੈ।
ਉਹ ਤੁਰੰਤ ਹੀ ਦੱਸੀ ਥਾਂ ’ਤੇ ਪੁੱਜ ਗਏ, ਜਿੱਥੇ ਉਸ ਦਾ ਭਰਾ ਅਰੁਣ ਕਪੂਰ ਬੁਰੀ ਤਰ੍ਹਾਂ ਜ਼ਖਮੀ ਹਾਲਤ 'ਚ ਸੜਕ 'ਤੇ ਪਿਆ ਤੜਫ ਰਿਹਾ ਸੀ। ਜਿਸ ਨੂੰ ਉਨ੍ਹਾਂ ਦੇ ਦੋਸਤ ਨੇ ਹਸਪਤਾਲ ਪਹੁੰਚਾਇਆ। ਹਮਲਾਵਰ ਕਾਰੋਬਾਰੀ ਅਰੁਣ ਕਪੂਰ ਦੇ ਗਲ 'ਚ ਪਾਈ ਹੋਈ ਸੋਨੇ ਦੀ ਚੇਨ ਵੀ ਲੁੱਟ ਕੇ ਲੈ ਗਏ। ਵਿਕਰਮ ਨੇ ਕਿਹਾ ਕਿ ਉਸ ਨੇ ਪੁਲਸ ਨੂੰ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ। ਭਰਾ ਅਰੁਣ ਕਪੂਰ ਉਸ ਸਮੇਂ ਥੋੜ੍ਹੀ ਹੋਸ਼ 'ਚ ਸੀ, ਜਿਸ ਨੇ ਦੱਸਿਆ ਕਿ ਉਸ ’ਤੇ ਹਮਲਾ ਤੇ ਕਾਰ ਦੀ ਭੰਨ-ਤੋੜ ਮੋਹਿਤ ਰਾਵਤ ਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਹੈ।
ਮੋਤੀ ਨਗਰ ਥਾਣਾ ਇੰਚਾਰਜ ਐੱਸ. ਆਈ. ਕਿਰਨਜੀਤ ਕੌਰ ਨੇ ਕਿਹਾ ਕਿ ਉਹ ਮੌਕੇ 'ਤੇ ਗਈ ਸੀ, ਸਾਰੀ ਜਾਣਕਾਰੀ ਇਕੱਠੀ ਕੀਤੀ ਹੈ। ਪੀੜਤ ਅਰੁਣ ਕਪੂਰ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਬਾਕੀ ਮੈਡੀਕਲ ਰਿਪੋਰਟ ਆਉਣ 'ਤੇ ਜੋ ਹੋਰ ਧਾਰਾ ਬਣਦੀ ਹੋਵੇਗੀ ਜੋੜ ਦਿੱਤੀ ਜਾਏਗੀ।