ਇਸ ਵਾਰ ਆਨਲਾਈਨ ਪਾਸ ਹੋਵੇਗਾ ਨਗਰ ਨਿਗਮ ਦਾ ਬਜਟ

Thursday, Feb 23, 2023 - 03:56 PM (IST)

ਇਸ ਵਾਰ ਆਨਲਾਈਨ ਪਾਸ ਹੋਵੇਗਾ ਨਗਰ ਨਿਗਮ ਦਾ ਬਜਟ

ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵਲੋਂ ਜ਼ਿਆਦਾਤਰ ਵਿਭਾਗੀ ਕੰਮ-ਕਾਜ ’ਚ ਆਨਲਾਈਨ ਸਿਸਟਮ ਲਾਗੂ ਕਰਨ ’ਤੇ ਜੋ ਜ਼ੋਰ ਦਿੱਤਾ ਜਾ ਰਿਹਾ ਹੈ, ਉਸ ਵਿਚ ਹੁਣ ਨਗਰ ਨਿਗਮ ਦੇ ਬਜਟ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਇਸ ਦੇ ਤਹਿਤ ਲੋਕਲ ਬਾਡੀਜ਼ ਵਿਭਾਗ ਵਲੋਂ ਪੂਰੇ ਪੰਜਾਬ ਦੀਆਂ ਨਗਰ ਨਿਗਮਾਂ ਲਈ ਬਾਕਾਇਦਾ ਸਾਫਟਵੇਅਰ ਲਾਂਚ ਕੀਤਾ ਗਿਆ ਹੈ, ਜਿਸ ਵਿਚ ਨਗਰ ਨਿਗਮ ਦੀ ਸਬੰਧਿਤ ਸ਼ਾਖਾ ਦੇ ਅਧਿਕਾਰੀਆਂ ਵਲੋਂ ਆਮਦਨ ਅਤੇ ਖ਼ਰਚ ਨੂੰ ਲੈ ਕੇ ਬਜਟ ਦੇ ਪ੍ਰਸਤਾਵ ਨੂੰ ਅਪਲੋਡ ਕੀਤਾ ਜਾਵੇਗਾ।
ਇਸ ਤੋਂ ਬਾਅਦ ਅਕਾਊਂਟ ਸ਼ਾਖਾ, ਜੁਆਇੰਟ ਕਮਿਸ਼ਨਰ, ਕਮਿਸ਼ਨਰ ਵਲੋਂ ਵੀ ਬਜਟ ਵਧਾਉਣ ਜਾਂ ਘੱਟ ਕਰਨ ਸਬੰਧੀ ਆਪਣੀਆਂ ਸਿਫਾਰਸ਼ਾਂ ਨੂੰ ਆਨਲਾਈਨ ਅਪਲੋਡ ਕਰਨਾ ਹੋਵੇਗਾ। ਇਸੇ ਤਰ੍ਹਾਂ ਬਜਟ ’ਚ ਬਦਲਾਅ ਕਰਨ ਸਬੰਧੀ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਕੌਂਸਲਰਾਂ ਦੀ ਸਿਫਾਰਿਸ਼ ’ਤੇ ਜੋ ਵੀ ਫ਼ੈਸਲਾ ਕੀਤਾ ਜਾਵੇਗਾ, ਉਨ੍ਹਾਂ ਪ੍ਰਸਤਾਵਾਂ ਨੂੰ ਮੇਅਰ ਦੀ ਆਈ. ਡੀ. ਨਾਲ ਆਨਲਾਈਨ ਸਿਸਟਮ ’ਚ ਅਪਲੋਡ ਕੀਤਾ ਜਾਵੇਗਾ। ਇਸੇ ਪੈਟਰਨ ’ਤੇ ਹੀ ਸਰਕਾਰ ਵਲੋਂ ਨਗਰ ਨਿਗਮ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਜਾਵੇਗੀ।
ਕਮਿਸ਼ਨਰ ਨੇ ਅਧਿਕਾਰੀਆਂ ਤੋਂ ਮੰਗੀ ਰਿਪੋਰਟ
ਨਗਰ ਨਿਗਮ ਦੇ ਮੌਜੂਦਾ ਸੈਸ਼ਨ ਦਾ ਕਾਰਜਕਾਲ ਮਾਰਚ ਦੌਰਾਨ ਪੂਰਾ ਹੋ ਜਾਵੇਗਾ। ਇਸ ਤੋਂ ਪਹਿਲਾਂ ਨਗਰ ਨਿਗਮ ਦੇ ਅਫ਼ਸਰ ਬਜਟ ਨੂੰ ਮਨਜ਼ੂਰੀ ਦਿਵਾਉਣਾ ਚਾਹੁੰਦੇ ਹਨ, ਜਿਸ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਦੇ ਤਹਿਤ ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਨ੍ਹਾਂ ਨੂੰ ਆਮਦਨ ਅਤੇ ਖ਼ਰਚ ਦੇ ਅੰਕੜਿਆਂ ਨੂੰ ਲੈ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।


 


author

Babita

Content Editor

Related News