ਜਣੇਪੇ ਦੇ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਕੀਤੀ ਵੱਡੀ ਗ਼ਲਤੀ, ਜਨਾਨੀ ਦੇ ਢਿੱਡ 'ਚ ਛੱਡਿਆ ਡੇਢ ਫੁੱਟ ਲੰਬਾ ਤੌਲੀਆ
Monday, Dec 14, 2020 - 10:44 AM (IST)
ਲੁਧਿਆਣਾ (ਰਾਜ) : ਸਿਵਲ ਹਸਪਤਾਲ ਆਪਣੇ ਕਾਰਨਾਮਿਆਂ ਨੂੰ ਲੈ ਕੇ ਨਿੱਤ ਦਿਨ ਸੁਰਖੀਆਂ 'ਚ ਰਹਿੰਦਾ ਹੈ। ਇਲਾਜ ਕਰਵਾਉਣ ਆਏ ਮਰੀਜ਼ਾਂ ਦਾ ਅਕਸਰ ਦੋਸ਼ ਹੁੰਦਾ ਹੈ ਕਿ ਇੱਥੇ ਡਾਕਟਰ ਅਤੇ ਸਟਾਫ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ। ਇਸ ਦੌਰਾਨ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਦੋਂ ਜਣੇਪੇ ਦੇ ਆਪਰੇਸ਼ਨ ਦੌਰਾਨ ਡਾਕਟਰ ਨੇ ਇਕ ਜਨਾਨੀ ਦੇ ਢਿੱਡ 'ਚ ਤੌਲੀਆ ਛੱਡ ਦਿੱਤਾ। ਦਰਦ ਹੋਣ ’ਤੇ ਉਸ ਦਾ ਸਹੀ ਢੰਗ ਨਾਲ ਚੈੱਕਅਪ ਕਰਨ ਦੀ ਬਜਾਏ ਸਟਾਫ਼ ਨੇ ਉਲਟਾ ਗੈਸ ਦਾ ਕਹਿ ਕੇ ਸਿਰਫ ਦਰਦ ਦਾ ਟੀਕਾ ਲਾ ਦਿੱਤਾ। ਜਦੋਂ ਪੀੜਤ ਪਰਿਵਾਰ ਨੇ ਨਿੱਜੀ ਹਸਪਤਾਲ 'ਚ ਚੈੱਕਅਪ ਕਰਵਾਇਆ ਤਾਂ ਲਾਪਰਵਾਹੀ ਸਾਹਮਣੇ ਆਈ। ਇਸ ਬਾਰੇ 'ਚ ਜਨਾਨੀ ਦੇ ਪਤੀ ਨੇ ਐੱਸ. ਐੱਮ. ਓ. ਅਤੇ ਸਿਵਲ ਹਸਪਤਾਲ ਦੀ ਚੌਂਕੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਆਸ਼ਾ ਕੌਰ ਗਰਭਵਤੀ ਸੀ। ਉਸ ਦਾ ਇਲਾਜ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ਤੋਂ ਚੱਲ ਰਿਹਾ ਸੀ। ਉਸ ਨੇ ਪਤਨੀ ਨੂੰ 7 ਦਸੰਬਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਪਹਿਲਾਂ ਤਾਂ ਡਾਕਟਰ ਕਹਿਣ ਲੱਗੇ ਕਿ ਨਾਰਮਲ ਹੀ ਡਿਲਿਵਰੀ ਹੋ ਜਾਵੇਗੀ ਪਰ ਅਗਲੇ ਦਿਨ ਕਹਿਣ ਲੱਗੇ ਕਿ ਵੱਡਾ ਆਪਰੇਸ਼ਨ ਕਰਨਾ ਪਵੇਗਾ। 8 ਦਸੰਬਰ ਨੂੰ ਡਾਕਟਰਾਂ ਨੇ ਉਸ ਦੀ ਪਤਨੀ ਦਾ ਆਪਰੇਸ਼ਨ ਕੀਤਾ ਤਾਂ ਉਸ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ। ਉਸੇ ਦਿਨ ਸ਼ਾਮ ਨੂੰ ਉਸ ਦੀ ਪਤਨੀ ਦੇ ਢਿੱਡ 'ਚ ਸੋਜ ਆ ਗਈ ਅਤੇ ਉਸ ਦੇ ਦਰਦ ਹੋਣ ਲੱਗਾ। ਉਨ੍ਹਾਂ ਨੇ ਸਟਾਫ਼ ਨੂੰ ਕਿਹਾ ਵੀ ਕਿ ਉਸ ਦੀ ਪਤਨੀ ਦੇ ਢਿੱਡ ’ਚ ਦਰਦ ਹੈ ਤਾਂ ਸਟਾਫ਼ ਨੇ ਕਿਹਾ ਕਿ ਅਕਸਰ ਗੈਸ ਕਾਰਨ ਦਰਦ ਹੁੰਦਾ ਹੈ। ਸਟਾਫ਼ ਨੇ ਉਨ੍ਹਾਂ ਤੋਂ ਦਰਦ ਦਾ ਟੀਕਾ ਮੰਗਵਾਇਆ ਅਤੇ ਲਗਾ ਦਿੱਤਾ। ਟੀਕੇ ਦਾ ਅਸਰ ਰਹਿਣ ਤੱਕ ਉਸ ਦੀ ਪਤਨੀ ਠੀਕ ਰਹੀ ਪਰ ਫਿਰ ਦਰਦ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ' ਨੂੰ ਲੈ ਕੇ ਸਰਗਰਮ ਹੋਈ 'ਭਾਜਪਾ', ਅੱਜ ਕਰੇਗੀ ਪੰਜਾਬ ਟੀਮ ਨਾਲ ਬੈਠਕ
ਜਦੋਂ ਉਸ ਦੀ ਪਤਨੀ ਦੀ ਹਾਲਤ ਵਿਗੜਨ ਲੱਗੀ ਤਾਂ ਡਾਕਟਰ ਉਸ ਨੂੰ ਪਟਿਆਲਾ ਸਥਿਤ ਰਾਜਿੰਦਰਾ ਹਸਪਤਾਲ ਰੈਫਰ ਕਰਨ ਲੱਗੇ ਸੀ ਪਰ ਉਨ੍ਹਾਂ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਨਿੱਜੀ ਹਸਪਤਾਲ ਰੈਫਰ ਕਰਨ ਲਈ ਕਿਹਾ ਪਰ ਡਾਕਟਰਾਂ ਨੇ ਬਾਹਰ ਰੈਫਰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਜਦ ਉਨ੍ਹਾਂ ਨੇ ਆਪਣੇ ਰਿਸਕ ’ਤੇ ਲਿਜਾਣ ਨੂੰ ਲਿਖ ਕੇ ਦਿੱਤਾ ਤਾਂ ਉਨ੍ਹਾਂ ਨੇ ਜਾਣ ਦਿੱਤਾ। ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਤਨੀ ਆਸ਼ਾ ਕੌਰ ਨੂੰ 11 ਦਸੰਬਰ ਨੂੰ ਸੀ. ਐੱਮ. ਸੀ. ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੀ ਸਕੈਨ ਅਤੇ ਅਲਟਰਾ ਸਾਊਂਡ ਕੀਤਾ, ਜਿਸ ਨਾਲ ਉਨ੍ਹਾਂ ਨੂੰ ਲੱਗਾ ਕਿ ਢਿੱਡ ਅੰਦਰ ਕੁਝ ਹੈ। ਇਸ ਤੋਂ ਬਾਅਦ 12 ਦਸੰਬਰ ਦੁਪਹਿਰ ਨੂੰ ਡਾਕਟਰਾਂ ਨੇ ਮੁੜ ਆਪਰੇਸ਼ਨ ਕੀਤਾ। ਉਸ ਦੌਰਾਨ ਉਸ ਦੀ ਪਤਨੀ ਦੇ ਢਿੱਡ ’ਚੋਂ ਡੇਢ ਫੁੱਟ ਲੰਬਾ ਤੌਲੀਆ ਨਿਕਲਿਆ, ਜੋ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਆਪਰੇਸ਼ਨ ਦੌਰਾਨ ਉਸ ਦੀ ਪਤਨੀ ਦੇ ਢਿੱਡ ’ਚ ਛੱਡ ਦਿੱਤਾ ਸੀ। ਜਿਸ ਕਾਰਨ ਉਸ ਦੀ ਪਤਨੀ ਦੇ ਢਿੱਡ ’ਚ ਇੰਫੈਕਸ਼ਨ ਹੋ ਗਈ, ਹੁਣ ਉਸ ਦੀ ਪਤਨੀ ਅਤੇ ਪੁੱਤਰ ਸੀ. ਐੱਮ. ਸੀ. ਹਸਪਤਾਲ ’ਚ ਦਾਖ਼ਲ ਹੈ।
ਇਹ ਵੀ ਪੜ੍ਹੋ : 'ਸਾਹ ਸੁੱਕ ਗਏ ਦਿੱਲੀ ਦੇ ਦੇਖ ਕੇ ਹੜ੍ਹ ਕਿਸਾਨਾਂ ਦੇ', ਕੇਂਦਰ ਨੂੰ ਗੀਤਾਂ ਰਾਹੀਂ ਪੈਂਦੀਆਂ ਲਾਹਣਤਾਂ (ਵੀਡੀਓ)
ਸਿਵਲ ਹਸਪਤਾਲ 'ਚ ਕੋਈ ਨਹੀਂ ਮਿਲਿਆ, ਪੁਲਸ ਚੌਂਕੀ ’ਚ ਦਿੱਤੀ ਸ਼ਿਕਾਇਤ
ਅਰਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਇਸ ਬਾਰੇ ਆਪਣੇ ਦੋਸਤ ਸ਼ਿਵ ਸੈਨਾ (ਮਹਾਸੰਗ੍ਰਾਮ) ਦੇ ਪ੍ਰਧਾਨ ਅਵਤਾਰ ਸਿੰਘ ਨੂੰ ਦੱਸਿਆ। ਇਸ ਤੋਂ ਬਾਅਦ ਐਤਵਾਰ ਨੂੰ ਉਹ ਇਕੱਠੇ ਹੋ ਕੇ ਸਿਵਲ ਹਸਪਤਾਲ ਡਾਕਟਰ ਨਾਲ ਗੱਲ ਕਰਨ ਪੁੱਜੇ ਪਰ ਉੱਥੇ ਕੋਈ ਨਹੀਂ ਮਿਲਿਆ। ਇਸ ਲਈ ਉਨ੍ਹਾਂ ਨੇ ਐੱਸ. ਐੱਮ. ਓ. ਨਾਲ ਫੋਨ ’ਤੇ ਗੱਲ ਕੀਤੀ, ਤਦ ਉਨ੍ਹਾਂ ਨੇ ਸੋਮਵਾਰ ਦੀ ਸਵੇਰੇ ਗੱਲ ਕਰਨ ਲਈ ਬੁਲਾਇਆ ਹੈ। ਇਸ ਬਾਰੇ ਸਿਵਲ ਹਸਪਤਾਲ ਦੇ ਚੌਂਕੀ ਇੰਚਾਰਜ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੀੜਤ ਜਨਾਨੀ ਦੇ ਪਤੀ ਨੇ ਸ਼ਿਕਾਇਤ ਦਿੱਤੀ ਹੈ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ, ਜਦੋਂ ਕਿ ਇਸ ਬਾਰੇ ਐੱਸ. ਐਮ. ਓ. ਡਾ. ਅਮਰਜੀਤ ਕੌਰ ਨੇ ਕਿਹਾ ਕਿ ਪਰਿਵਾਰ ਜੋ ਵੀ ਦੋਸ਼ ਲਗਾ ਰਿਹਾ ਹੈ, ਉਸ ਸਬੰਧੀ ਸੀ. ਐੱਮ. ਸੀ. ਹਸਪਤਾਲ ਤੋਂ ਰਿਪੋਰਟ ਮੰਗਵਾ ਕੇ ਇਸ ਦੀ ਜਾਂਚ ਕਰਵਾਈ ਜਾਵੇਗੀ। ਜਾਂਚ ਕਰਵਾਉਣ ਤੋਂ ਬਾਅਦ ਹੀ ਸਪੱਸ਼ਟ ਤੌਰ ’ਤੇ ਕੁੱਝ ਕਿਹਾ ਜਾ ਸਕਦਾ ਹੈ।
ਨੋਟ : ਲੁਧਿਆਣਾ ਦੇ ਸਿਵਲ ਹਸਪਤਾਲ 'ਚ ਜਣੇਪੇ ਦੌਰਾਨ ਡਾਕਟਰਾਂ ਵੱਲੋਂ ਵਰਤੀ ਲਾਪਰਵਾਹੀ ਬਾਰੇ ਦਿਓ ਰਾਏ