ਜੇਲ੍ਹ ’ਚ 13 ਮੋਬਾਇਲ ਮਿਲਣ ਨਾਲ ਸੁਰੱਖਿਆ ਫਿਰ ਦਾਅ ’ਤੇ

10/23/2022 3:07:02 PM

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ 'ਚ ਬੀਤੇ ਦਿਨ ਹੋਈ ਵਿਸ਼ੇਸ਼ ਚੈਕਿੰਗ ਮੁਹਿੰਮ 'ਚ ਜੇਲ੍ਹ ਗਾਰਦ ਨੇ ਹਵਾਲਾਤੀਆਂ ਤੋਂ 13 ਮੋਬਾਇਲ ਬਰਾਮਦ ਕੀਤੇ। ਅੱਧਾ ਦਰਜਨ ਤੋਂ ਵੱਧ ਮਿਲੇ ਮੋਬਾਇਲਾਂ ਨੇ ਜਿੱਥੇ ਸੁਰੱਖਿਆ 'ਚ ਖ਼ਾਮੀਆਂ ਨੂੰ ਉਜਾਗਰ ਕਰ ਦਿੱਤਾ ਹੈ, ਉੱਥੇ ਜੇਲ੍ਹ 'ਚ ਮੋਬਾਇਲ ਨਾਜਾਇਜ਼ ਰੂਪ ਨਾਲ ਮਿਲਣ ਦੀ ਗੱਲ ਵੀ ਸਾਫ਼ ਹੋ ਗਈ ਹੈ। ਹਾਲਾਂਕਿ ਇਸ ਸਬੰਧੀ ਪੁਲਸ ਨੇ ਪ੍ਰਿਜ਼ਨ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੁੱਲ 11 ਬੰਦੀਆਂ ’ਤੇ ਕੇਸ ਦਰਜ ਕੀਤਾ ਹੈ।

ਦੂਜੇ ਪਾਸੇ ਜੇਲ੍ਹ ਸਟਾਫ਼ ਵੀ ਮੋਬਾਇਲਾਂ ਦੀ ਰਿਕਵਰੀ ਤੋਂ ਬਾਅਦ ਚੁੱਪ ਸਾਥੇ ਹਨ ਕਿਉਂਕਿ ਇਹ ਸਿੱਧਾ ਜੇਲ੍ਹ ਕੰਪਲੈਕਸ ਦੀ ਸੁਰੱਖਿਆ ਦੇ ਨਾਲ ਖਿਲਵਾੜ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਹਾਲਾਂਕਿ ਹਰ ਵਾਰ ਹੀ ਜੇਲ੍ਹ ਤੋਂ ਮੋਬਾਇਲ ਮਿਲਣ ਤੋਂ ਬਾਅਦ ਸਟਾਫ਼ ਵੱਲੋਂ ਦਾਅਵਾ ਕਰ ਦਿੱਤਾ ਜਾਂਦਾ ਹੈ ਕਿ ਅੱਗੋਂ ਤੋਂ ਅਜਿਹੀ ਘਟਨਾ ਨਹੀਂ ਵਾਪਰੇਗੀ ਜਾਂ ਜੇਲ੍ਹ ਦੇ ਅੰਦਰ ਕਿਸੇ ਵੀ ਸੂਰਤ ਵਿਚ ਮੋਬਾਇਲ ਨਹੀਂ ਜਾਣ ਦਿੱਤਾ ਜਾਵੇਗਾ ਪਰ ਸੁਰੱਖਿਆ ਵਿਚ ਸੰਨ੍ਹ ਲਗਾਉਣ ਵਾਲੇ ਸ਼ਰਾਰਤੀ ਤੱਤ ਵੀ ਹਮੇਸ਼ਾ ਨਵਾਂ ਰਸਤਾ ਖੋਜ ਲੈਂਦੇ ਹਨ ਅਤੇ ਜਿਸ ਹਿਸਾਬ ਨਾਲ ਤਾਜਪੁਰ ਰੋਡ ਦੀ ਜੇਲ੍ਹ ’ਚੋਂ ਮੋਬਾਇਲ ਮਿਲ ਰਹੇ ਹਨ, ਉਸ ਤੋਂ ਇਹੀ ਲਗਦਾ ਹੈ ਕਿ ਜੇਲ੍ਹ ਦੀ ਅਜਿਹੀ ਕੋਈ ਕੰਧ ਨਹੀਂ ਬਣੀ, ਜਿਸ ਦੀ ਉਚਾਈ ਇਨ੍ਹਾਂ ਦੀ ਪਹੁੰਚ ਤੋਂ ਬਾਹਰ ਹੋਵੇ।


Babita

Content Editor

Related News