ਲੁਧਿਆਣਾ ਸੈਂਟਰਲ ਜੇਲ ਦਾ ਸੁਰੱਖਿਆ ਤੰਤਰ ਫੇਲ੍ਹ, ਫਿਰ ਮਿਲੇ 7 ਮੋਬਾਇਲ ਤੇ ਨਕਦੀ
Monday, Jun 08, 2020 - 01:48 PM (IST)
ਲੁਧਿਆਣਾ (ਸਿਆਲ) : ਲੱਗਦਾ ਹੈ ਸੈਂਟਰਲ ਜੇਲ ਦਾ ਸੁਰੱਖਿਆ ਤੰਤਰ ਲਗਭਗ ਫੇਲ ਹੋ ਗਿਆ ਹੈ। ਜਿਸ ਕਾਰਨ ਜਸਬੀਰ ਸਿੰਘ, ਨਵਦੀਪ ਸਿੰਘ ਉਰਫ ਨਵੀ, ਜਰਪ੍ਰੀਤ ਸਿੰਘ ਉਰਫ ਜੱਸਾ, ਅਸ਼ੋਕ ਕੁਮਾਰ, ਸਾਵਤ ਸ਼ਰਮਾ, ਮੁਨੀਸ਼ ਕੁਮਾਰ ਕੈਦੀਆਂ ਤੋਂ 6, ਇਕ ਲਾਵਾਰਿਸ ਮੋਬਾਇਲ ਅਤੇ 500 ਰੁਪਏ ਦੀ ਨਕਦ ਰਾਸ਼ੀ ਬਰਾਮਦ ਕੀਤੀ ਗਈ ਹੈ। ਸਹਾਇਕ ਸੁਪਰਡੈਂਟ ਭੁਪਿੰਦਰ ਸਿੰਘ ਵਲੋਂ ਕੈਦੀਆਂ ਖਿਲਾਫ ਭੇਜੇ ਗਏ ਪੱਤਰ ਦੇ ਅਧਾਰ ’ਤੇ ਪੁਲਸ ਨੇ ਕਾਰਵਾਈ ਕਰਦਿਆਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਲ ਅੰਦਰ ਕੈਦੀਆਂ ਦੇ ਜਾਣ ਦੇ ਰਸਤੇ ’ਤੇ ਸੀ. ਆਰ. ਪੀ. ਐੱਫ, ਜੇਲ ਮੁਲਾਜ਼ਮ ਹਰੇਕ ਕੈਦੀ ਦੀ ਸਖਤ ਤਲਾਸ਼ੀ ਲੈਂਦੇ ਹਨ ਪਰ ਤਲਾਸ਼ੀ ਦੇ ਬਾਵਜੂਦ ਸਮੇਂ-ਸਮੇਂ ’ਤੇ ਕੈਦੀਆਂ ਕੋਲੋਂ ਅਣਗਿਣਤ ਮੋਬਾਇਲ, ਜ਼ਰਦਾ, ਬੀੜੀਆਂ, ਨਸ਼ੀਲੇ ਪਦਾਰਥ ਆਦਿ ਦੀ ਬਰਾਮਦਗੀ ਹੁੰਦੀ ਹੈ ਤਾਂ ਇਹ ਸਿੱਧਾ-ਸਿੱਧਾ ਜੇਲ ਦੀ ਸੁਰੱਖਿਆ 'ਤੇ ਸਵਾਲ ਪੈਦਾ ਕਰਦਾ ਹੈ।
ਬੀਤੀ 11 ਮਈ ਤੋਂ ਅੱਜ ਤੱਕ 27 ਦਿਨਾਂ 'ਚ 55 ਦੇ ਲਗਭਗ ਮੋਬਾਇਲ ਬਰਾਮਦ ਹੋ ਚੁੱਕੇ ਹਨ। ਇਹ ਗਿਣਤੀ ਇੱਥੋਂ ਤੱਕ ਹੀ ਸੀਮਤ ਨਹੀਂ ਹੈ, ਜੋ ਮੋਬਾਇਲ ਸਰਚ ਦੇ ਦੌਰਾਨ ਬਰਾਮਦ ਨਹੀਂ ਹੋਏ, ਉਹ ਜੇਲ ਦੀਆਂ ਬੈਰਕਾਂ 'ਚ ਧੜੱਲੇ ਨਾਲ ਇਸਤੇਮਾਲ ਹੋ ਰਹੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਜੇਲ ਦੀ ਸੁਰੱਖਿਆ ਪ੍ਰਣਾਲੀ 'ਤੇ ਕੈਦੀਆਂ ਦਾ ਕੰਟਰੋਲ ਹੈ ਅਤੇ ਜੇਲ ਅਧਿਕਾਰੀਆਂ ਨੇ ਮੋਬਾਇਲ ਫੋਨ ਦੇ ਮਾਮਲਿਆਂ 'ਚ ਕੈਦੀਆਂ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਹਨ। ਨਹੀਂ ਤਾਂ ਕੋਈ ਕਾਰਨ ਨਹੀਂ ਕਿ 27 ਦਿਨਾਂ 'ਚ 55 ਮੋਬਾਇਲ ਬਰਾਮਦ ਹੋਣ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੇ ਖਿਲਾਫ ਕਾਰਵਾਈ ਨਹੀਂ ਹੋਈ। ਚੰਡੀਗੜ੍ਹ 'ਚ ਬੈਠੇ ਜੇਲ ਦੇ ਅਧਿਕਾਰੀਆਂ ਨੇ ਅਤੇ ਜੇਲ ਮੰਤਰੀ ਨੇ ਵੀ ਮੋਬਾਇਲ ਫੋਨ ਬਰਾਮਦਗੀ ਦੇ ਮਾਮਲੇ ’ਚ ਚੁੱਪ ਧਾਰ ਲਈ ਹੈ।