ਲੁਧਿਆਣਾ 'ਚ ਕਰਫਿਊ ਦੌਰਾਨ ਵੱਡੀ ਵਾਰਦਾਤ, ਜੇਲ 'ਚੋਂ 4 ਕੈਦੀ ਫਰਾਰ

03/28/2020 12:20:36 PM

ਲੁਧਿਆਣਾ (ਸਿਆਲ, ਰਿਸ਼ੀ) : ਲੁਧਿਆਣਾ ਦੀ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ 'ਚ ਬੀਤੀ ਰਾਤ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਜੇਲ 'ਚੋਂ 4 ਕੈਦੀ ਕੰਧ ਟੱਪ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਵੱਖ-ਵੱਖ ਮਾਮਲਿਆਂ 'ਚ ਜੇਲ 'ਚ ਬੰਦ ਉਕਤ 4 ਕੈਦੀ ਕੰਬਲ ਦੇ ਸਹਾਰੇ ਪਹਿਲਾਂ ਮਹਿਲਾ ਜੇਲ 'ਚ ਕੁੱਦੇ ਅਤੇ ਉੱਥੋਂ ਜੇਲ ਕੰਪਲੈਕਸ 'ਚੋਂ ਹੁੰਦੇ ਹੋਏ ਫਰਾਰ ਹੋ ਗਏ। ਜੇਲ ਅਧਿਕਾਰੀਆਂ ਨੂੰ ਇਸ ਘਟਨਾ ਦੀ ਸੂਚਨਾ ਕਈ ਘੰਟਿਆਂ ਬਾਅਦ ਮਿਲੀ ਤਾਂ ਉਨ੍ਹਾਂ ਦੇ ਹੱਥ-ਪੈਰ ਫੁੱਲ ਗਏ। ਫਿਲਹਾਲ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਮੌਕੇ 'ਤੇ ਪੁਲਸ ਦੇ ਆਲਾ ਅਧਿਕਾਰੀ ਪੁੱਜ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰੇ ਫਰਾਰ ਕੈਦੀ ਚੋਰੀ ਦੇ ਵੱਖ-ਵੱਖ ਮਾਮਲਿਆਂ 'ਚ ਜੇਲ ਅੰਦਰ ਬੰਦ ਸਨ।

PunjabKesari

ਭੱਜਣ ਵਾਲੇ ਕੈਦੀਆਂ ਦੀ ਪਛਾਣ ਰਵੀ ਕੁਮਾਰ ਖੰਨਾ, ਅਮਨ ਕੁਮਾਰ ਮੰਡੀ ਗੋਬਿੰਦਗੜ੍ਹ, ਅਰਸ਼ਦੀਪ ਸਿੰਘ ਸੀਪਾ ਅਤੇ ਸੂਰਜ ਕੁਮਾਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਕੈਦੀ ਜਿਹੜੇ ਸੈੱਲ ਬਲਾਕ 'ਚ ਸਨ, ਉੱਥੇ ਸਕਿਓਰਿਟੀ ਬਹੁਤ ਸਖਤ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਅਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੈਦੀ ਜੇਲ 'ਚੋਂ ਫਰਾਰ ਕਿਵੇਂ ਹੋ ਗਏ। ਫਿਲਹਾਲ ਕੈਦੀਆਂ ਨੂੰ ਲੱਭਣ ਲਈ ਪੁਲਸ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।
ਹਾਈਕੋਰਟ ਵਲੋਂ ਇਨ੍ਹਾਂ ਜੇਲ੍ਹਾਂ ਦੇ ਕੈਦੀਆਂ ਨੂੰ ਕੀਤਾ ਗਿਆ ਰਿਹਾਅ
ਕੋਰੋਨਾ ਵਾਇਰਸ ਮਹਾਂਮਾਰੀ ਦੇ ਵਧਦੇ ਸੰਕਟ ਨੂੰ ਦੇਖਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ-ਕਮ-ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਚੇਅਰਮੈਨ ਆਰ. ਕੇ. ਜੈਨ ਦੇ ਨਿਰਦੇਸ਼ਾਂ 'ਤੇ ਬਣਾਈ ਸਮਿਤੀ ਵਿਚ ਵਧੀਕ ਸੈਸ਼ਨ ਜੱਜ ਮੁਨੀਸ਼ ਅਰੋੜਾ ਨੇ ਸੈਂਟ੍ਰਲ ਜੇਲ, ਕੁਲਭੂਸ਼ਣ ਕੁਮਾਰ ਨੇ ਬ੍ਰੋਸਟਲ ਜੇਲ ਅਤੇ ਆਬਜ਼ਰਵੇਸ਼ਨ ਹੋਮ ਤੋਂ ਮੈਜਿਸਟ੍ਰੇਟ ਕਿਰਨ ਜੋਤੀ ਨੇ ਕੋਰਟ ਵਿਚ ਕੈਂਪ ਲਗਾ ਕੇ ਸੈਂਟ੍ਰਲ ਜੇਲ ਤੋਂ 127, ਮਹਿਲਾ ਜੇਲ ਤੋਂ 11, ਬ੍ਰੋਸਟਲ ਜੇਲ ਤੋਂ 17 ਤੇ ਆਬਜ਼ਰਵੇਸ਼ਨ ਹੋਮ ਤੋਂ 1 ਕੈਦੀ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ।

ਇਹ ਵੀ ਪੜ੍ਹੋ : ਕਰਫਿਊ ਦੌਰਾਨ 3521 ਲੋਕਾਂ ਨੂੰ ਲਿਆ ਹਿਰਾਸਤ 'ਚ

PunjabKesari
ਪਹਿਲੇ ਪੜਾਅ ਦੀ ਉਪਰੋਕਤ ਜਾਣਕਾਰੀ ਦਿੰਦੇ ਹੋਏ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਕਮ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰੀਤੀ ਸੁਖੀਜਾ ਨੇ ਦੱਸਿਆ ਕਿ ਜੇਲਾਂ ਵਿਚ ਕੈਦੀਆਂ ਦੀ ਰਿਹਾਈ ਲਈ ਰੋਜ਼ਾਨਾ ਵਧੀਕ ਸੈਸ਼ਨ ਜੱਜ ਵੱਲੋਂ ਅਦਾਲਤੀ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ ਵੱਖ-ਵੱਖ ਕੈਟਾਗਰੀ ਦੇ ਕੈਦੀਆਂ ਦੇ ਕੇਸਾਂ ਨੂੰ ਦੇਖ ਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਰਿਹਾਅ ਕੀਤਾ ਜਾਵੇਗਾ, ਜਿਨ੍ਹਾਂ ਬੰਦੀਆਂ ਨੂੰ ਅੰਤਰਿਮ ਜ਼ਮਾਨਤ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਸਕੀ ਦੇ ਤਹਿਤ ਰਿਹਾਅ ਕੀਤਾ ਜਾਵੇਗਾ।
 ਉਨ੍ਹਾਂ ਦੱਸਿਆ ਕਿ ਲੁਧਿਆਣਾ ਦੀਆਂ ਜੇਲਾਂ ਤੋਂ ਰੋਜ਼ਾਨਾ ਵੀਡੀਓ ਕਾਨਫਰੰਸ ਰਾਹੀਂ ਕੈਦੀਆਂ, ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਇਸ ਤੋਂ ਇਲਾਵਾ ਕਿਸੇ ਬੰਦੀ ਨੂੰ ਮੁਫਤ ਕਾਨੂੰਨੀ ਮਦਦ ਜਾਂ ਮੈਡੀਕਲ ਸਹੂਲਤ ਦੀ ਲੋੜ ਹੈ ਤਾਂ ਉਹ ਵੀ ਜਲਦ ਮੁਹੱਈਆ ਕਰਵਾਈ ਜਾਵੇਗੀ। ਸ਼ੁੱਕਰਵਾਰ ਰਿਹਾਅ ਹੋਣ ਵਾਲੇ ਕੈਦੀਆਂ ਵਿਚ 7 ਸਾਲ ਦੀ ਸਜ਼ਾ ਵਾਲੇ ਅਤੇ ਕਈ ਹੋਰਨਾਂ ਕੇਸਾਂ ਕਾਰਨ ਜੇਲਾਂ ਵਿਚ ਬੰਦ ਸਨ।
ਇਹ ਵੀ ਪੜ੍ਹੋ : ਲੁਧਿਆਣਾ : ਕਰਫਿਊ ਦੌਰਾਨ ਖੁੱਲ੍ਹੇ ਰਹਿਣਗੇ 'ਕੋਲਡ ਸਟੋਰ', ਕਿਸਾਨਾਂ ਨੂੰ ਮਿਲੀ ਛੋਟ
 


Babita

Content Editor

Related News