ਨਿਗਮ ਦੇ ਟ੍ਰੈਕਟਰ 'ਤੇ ਪਤੀ ਨਾਲ ਮਿਲ ਪਿਆਸਿਆਂ ਨੂੰ ਪਾਣੀ ਪਹੁੰਚਾਉਣ ਨਿਕਲੀ BJP ਕੌਂਸਲਰ

Monday, Aug 26, 2019 - 05:15 PM (IST)

ਨਿਗਮ ਦੇ ਟ੍ਰੈਕਟਰ 'ਤੇ ਪਤੀ ਨਾਲ ਮਿਲ ਪਿਆਸਿਆਂ ਨੂੰ ਪਾਣੀ ਪਹੁੰਚਾਉਣ ਨਿਕਲੀ BJP ਕੌਂਸਲਰ

ਲੁਧਿਆਣਾ (ਨਰਿੰਦਰ) - ਲੁਧਿਆਣਾ ਦੇ ਗੁਰਮੀਤ ਨਗਰ 'ਚ ਪਾਣੀ ਵਾਲੀ ਮੋਟਰ ਖਰਾਬ ਹੋ ਜਾਣ ਕਾਰਨ ਉਥੇ ਰਹਿ ਰਹੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਲੁਧਿਆਣਾ ਵਾਰਡ ਨੰਬਰ-31 ਦੀ ਭਾਜਪਾ ਕੌਂਸਲਰ ਸੋਨੀਆ ਸ਼ਰਮਾ ਆਪਣੇ ਪਤੀ ਨਾਲ ਨਗਰ-ਨਿਗਮ ਦਾ ਟਰੈਕਟਰ ਚਲਾ ਕੇ ਲੋਕਾਂ ਦੇ ਘਰਾਂ ਤੱਕ ਪੀਣ ਵਾਲਾ ਪਾਣੀ ਪਹੁੰਚਾ ਰਹੀ ਹੈ। ਦੱਸ ਦੇਈਏ ਕਿ ਮੋਟਰ ਖਰਾਬ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਸੀ, ਜਿਸ ਦੇ ਬਾਰੇ ਲੋਕਾਂ ਨੇ ਮੌਜੂਦਾ ਕੌਂਸਲਰ ਨੂੰ ਦੱਸਿਆ। ਕੌਂਸਲਰ ਨੇ ਇਸ ਸਮੱਸਿਆ ਦੇ ਹੱਲ ਲਈ ਜਦੋਂ ਨਗਰ-ਨਿਗਮ ਨੂੰ ਫੋਨ ਕਰਕੇ ਪਾਣੀ ਦਾ ਟੈਂਕਰ ਭੇਜਣ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਅਗੋਂ ਕੌਂਸਲਰ ਨੂੰ ਟਰੈਕਟਰ ਖਰਾਬ ਹੋਣ ਦੀ ਗੱਲ ਕਹੀ। 

PunjabKesari

ਫੋਨ ਰੱਖਣ ਤੋਂ ਬਾਅਦ ਉਕਤ ਕੌਂਸਲਰ ਆਪਣੇ ਪਤੀ ਨਾਲ ਮਿਲ ਕੇ ਨਗਰ ਨਿਗਮ ਪਹੁੰਚ ਗਈ, ਜਿਸ ਦੌਰਾਨ ਉਸ ਨੇ ਦੇਖਿਆ ਕਿ ਟਰੈਕਟਰ ਬਿਲਕੁਲ ਠੀਕ ਹੈ। ਲੋਕਾਂ ਦੀ ਪਿਆਸ ਬੁਝਾਉਣ ਲਈ ਉਹ ਆਪਣੇ ਪਤੀ ਨਾਲ ਨਗਰ ਨਿਗਮ ਤੋਂ ਟਰੈਕਟਰ ਚਲਾ ਕੇ ਇਲਾਕੇ 'ਚ ਪਹੁੰਚ ਗਈ, ਜਿੱਥੇ ਉਸ ਨੇ ਪਿਆਸਿਆਂ ਨੂੰ ਪਾਣੀ ਪਹੁੰਚਾਇਆ। ਜ਼ਿਕਰਯੋਗ ਹੈ ਕਿ ਲੁਧਿਆਣਾ 'ਚ ਕਾਰਪੋਰੇਸ਼ਨ ਕਾਂਗਰਸ ਦੀ ਹੈ ਅਤੇ ਮੇਅਰ ਵੀ ਕਾਂਗਰਸ ਦੀ ਹੀ ਹੈ। ਭਾਜਪਾ ਕੌਂਸਲਰ ਸੋਨੀਆ ਸ਼ਰਮਾ ਮੁਤਾਬਕ ਇਹੀ ਕਾਰਨ ਹੈ ਕਿ ਨਿਗਮ ਨੇ ਉਨ੍ਹਾਂ ਦੇ ਇਲਾਕੇ 'ਚ ਮਦਦ ਲਈ ਸਾਫ ਇਨਕਾਰ ਕਰ ਦਿੱਤਾ।


author

rajwinder kaur

Content Editor

Related News