ਲੁਧਿਆਣਾ ਹਾਦਸਾ : ਆਪਣਿਆਂ ਨੂੰ ਲੱਭਦੀਆਂ ਰਹੀਆਂ ਹੰਝੂਆਂ ਨਾਲ ਭਿੱਜੀਆਂ ਅੱਖਾਂ, ਦਰਦਨਾਕ ਮੰਜ਼ਰ ਨੇ ਖੜ੍ਹੇ ਕੀਤੇ ਰੌਂਗਟੇ

Wednesday, Nov 22, 2017 - 11:08 AM (IST)

ਲੁਧਿਆਣਾ (ਹਿਤੇਸ਼) : ਇੰਡਸਟਰੀਅਲ ਇਲਾਕੇ 'ਚ ਪੈਂਦੇ ਸੂਫੀਆ ਬਾਗ ਨੇੜੇ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੀ 5 ਮੰਜ਼ਿਲਾ ਫੈਕਟਰੀ 'ਚ ਹੋਏ ਧਮਾਕੇ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਮਲਬੇ ਦੇ ਢੇਰ ਵਿਚ ਬਦਲ ਚੁੱਕੀ ਸੂਫੀਆ ਚੌਕ ਕੋਲ ਸਥਿਤ 6 ਮੰਜ਼ਿਲਾ ਇਮਾਰਤ ਦਾ ਕੋਈ ਨਕਸ਼ਾ ਨਗਰ ਨਿਗਮ ਦੇ ਰਿਕਾਰਡ ਵਿਚ ਮੌਜੂਦ ਨਹੀਂ ਹੈ। ਇਹ ਖੁਲਾਸਾ ਮੌਕੇ 'ਤੇ ਪੁੱਜੀ ਸੈਨਾ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਨੂੰ ਬਚਾਅ ਕਾਰਜਾਂ ਵਿਚ ਮੁਸ਼ਕਲ ਆਉਣ ਤੋਂ ਬਾਅਦ ਹੋਇਆ। ਜਦੋਂ ਇਨ੍ਹਾਂ ਟੀਮਾਂ ਨੇ ਥੱਲੇ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰਨ ਲਈ ਅੰਦਰੂਨੀ ਨਕਸ਼ਾ ਮੰਗਿਆ ਤਾਂ ਮਾਲਕ ਮੌਕੇ 'ਤੇ ਮੌਜੂਦ ਨਹੀਂ ਸਨ। ਟੀਮਾਂ ਮੁਤਾਬਕ ਨਕਸ਼ਾ ਇਸ ਲਈ ਮੰਗਿਆ ਗਿਆ ਸੀ ਕਿ ਜਿਸ ਜਗ੍ਹਾ ਲੋਕਾਂ ਦੇ ਫਸੇ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ, ਉਥੋਂ ਪਿੱਲਰ ਆਦਿ ਖਿਸਕਣ 'ਤੇ ਕਿਤੇ ਜ਼ਿਆਦਾ ਨੁਕਸਾਨ ਨਾ ਹੋ ਜਾਵੇ। ਇਸ ਦੇ ਲਈ ਨਗਰ ਨਿਗਮ ਦੀ ਮਦਦ ਮੰਗੀ ਤਾਂ ਮੌਕੇ 'ਤੇ ਮੌਜੂਦ ਜ਼ੋਨ ਬੀ ਦੇ ਏ. ਟੀ. ਪੀ. ਹਰਵਿੰਦਰ ਸਿੰਘ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਇਮਾਰਤ ਕਾਫੀ ਪੁਰਾਣੀ ਬਣੀ ਹੋਈ ਹੈ, ਜਿਸ ਦਾ ਰਿਕਾਰਡ ਵਿਚ ਨਕਸ਼ਾ ਮੌਜੂਦ ਨਹੀਂ ਹੈ।
1997 ਤੋਂ ਪਹਿਲਾਂ ਨਹੀਂ ਲਾਗੂ ਸਨ ਬਾਈ-ਲਾਜ਼
ਨਿਗਮ ਅਫਸਰਾਂ ਦੀ ਮੰਨੀਏ ਤਾਂ ਇਮਾਰਤ 20 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਮਤਲਬ 1997 ਤੋਂ ਪਹਿਲਾਂ ਦੀ ਬਣੀ ਹੈ। ਉਸ ਸਮੇਂ ਇਮਾਰਤੀ ਬਾਈ-ਲਾਜ਼ ਲਾਗੂ ਨਹੀਂ ਸਨ। ਜਿਸ ਵਿਚ ਇਮਾਰਤ ਦੀ ਕਵਰੇਜ ਅਤੇ ਪਾਰਕਿੰਗ ਲਈ ਛੱਡੀ ਜਾਣ ਵਾਲੀ ਜਗ੍ਹਾ ਤੈਅ ਕੀਤੀ ਗਈ ਹੈ। 
ਸਟਰੱਕਚਰ ਸੇਫਟੀ ਸਰਟੀਫਿਕੇਟ
ਜਿੱਥੋਂ ਤੱਕ ਇਮਾਰਤ ਦੇ ਮਜ਼ਬੂਤ ਹੋਣ ਬਾਰੇ ਢਾਂਚਾ ਸੇਫਟੀ ਸਰਟੀਫਿਕੇਟ ਲੈਣ ਦਾ ਸਵਾਲ ਹੈ। ਉਹ ਨਕਸ਼ਾ ਪਾਸ ਕਰਵਾਉਣ ਤੋਂ ਪਹਿਲਾਂ ਲਿਆ ਜਾਂਦਾ ਹੈ, ਜਿਸ ਵਿਚ ਆਰਕੀਟੈਕਟ ਵੱਲੋਂ ਪ੍ਰਸਤਾਵਿਤ ਪਲਾਨ ਦੇ ਸਟਰੱਕਚਰ ਦੀ ਮਜ਼ਬੂਤੀ ਵਾਲਾ ਡਿਜ਼ਾਈਨ ਬਣਾਉਣ ਦੀ ਗਾਰੰਟੀ ਦਿੱਤੀ ਜਾਂਦੀ ਹੈ ਪਰ ਬਾਅਦ ਵਿਚ ਇਹ ਚੈਕਿੰਗ ਕਰਨ ਦੀ ਕੋਈ ਵਿਵਸਥਾ ਨਹੀਂ ਹੈ ਕਿ ਇਮਾਰਤ ਦਾ ਢਾਂਚਾ ਡਿਜ਼ਾਈਨ ਉਸ 'ਤੇ ਪੈਣ ਵਾਲਾ ਲੋਡ ਚੁੱਕਣ ਦੇ ਕਾਬਲ ਹੈ ਜਾਂ ਨਹੀਂ।
ਐਕਟ 'ਚ ਨਹੀਂ ਚੈਕਿੰਗ ਦੀ ਵਿਵਸਥਾ
ਜੇਕਰ ਇਸ ਇਮਾਰਤ ਨੂੰ ਦੋ ਦਹਾਕੇ ਤੋਂ ਵੀ ਪੁਰਾਣਾ ਦੱਸਿਆ ਜਾ ਰਿਹਾ ਹੈ ਤਾਂ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਕੀ ਉਸ ਦੀ ਮਜ਼ਬੂਤੀ ਨੂੰ ਲੈ ਕੇ ਸਬੰਧਤ ਵਿਭਾਗ ਵੱਲੋਂ ਕਦੇ ਕੋਈ ਚੈਕਿੰਗ ਕੀਤੀ ਗਈ। ਇਸ ਨੂੰ ਲੈ ਕੇ ਜ਼ੋਨ ਬੀ. ਦੇ ਏ. ਟੀ. ਪੀ. ਦਾ ਕਹਿਣਾ ਹੈ ਕਿ ਨਕਸ਼ਾ ਪਾਸ ਹੋਣ 'ਤੇ ਇਮਾਰਤ ਬਣਨ ਤੋਂ ਬਾਅਦ ਉਸ ਦੀ ਰੈਗੂਲਰ ਚੈਕਿੰਗ ਕਰਨ ਦੀ ਵਿਵਸਥਾ ਐਕਟ ਵਿਚ ਨਹੀਂ ਹੈ।
ਬਚਾਅ ਪ੍ਰਬੰਧਾਂ ਤੋਂ ਜ਼ਿਆਦਾ ਪਬਲਿਕ ਨੂੰ ਮੈਨੇਜ ਕਰਨ 'ਚ ਲੱਗਾ ਪੁਲਸ ਦਾ ਜ਼ੋਰ
ਮੌਕੇ 'ਤੇ ਮੌਜੂਦ ਪੁਲਸ ਫੋਰਸ ਨੂੰ ਬਚਾਅ ਪ੍ਰਬੰਧਾਂ ਤੋਂ ਜ਼ਿਆਦਾ ਪਬਲਿਕ ਨੂੰ ਸੰਭਾਲਣ 'ਚ ਜ਼ੋਰ ਲਾਉਂਦੇ ਦੇਖਿਆ ਜਾ ਸਕਦਾ ਸੀ। ਲੋਕਾਂ ਦੀਆਂ ਮਿੰਨਤਾਂ ਕਰਨ ਦੇ ਬਾਵਜੂਦ ਵੀ ਉਹ ਇਮਾਰਤ ਦੇ ਆਸ-ਪਾਸ ਖੜ੍ਹੇ ਰਹੇ ਅਤੇ ਦ੍ਰਿਸ਼ ਦੇਖਦੇ ਰਹੇ, ਜਦਕਿ ਪੁਲਸ ਉਨ੍ਹਾਂ ਨੂੰ ਰੌਲਾ ਪਾ ਕੇ ਕਹਿ ਰਹੀ ਸੀ ਬਚਾਅ ਕਾਰਜਾਂ 'ਚ ਲੱਗੇ ਕਰਮਚਾਰੀਆਂ ਨੂੰ ਅਤੇ ਐਂਬੂਲੈਂਸ ਨੂੰ ਲਿਜਾਣ ਲਈ ਰਸਤਾ ਚਾਹੀਦਾ ਹੈ ਪਰ ਲੋਕ ਮੰਨਣ ਨੂੰ ਤਿਆਰ ਨਹੀਂ ਸਨ। 
ਰਿਹਾਇਸ਼ੀ ਇਲਾਕੇ 'ਚ ਕਿਸ ਦੀ ਪਰਮਿਸ਼ਨ ਨਾਲ ਬਣੀ ਬਿਲਡਿੰਗ?
ਕੁੱਝ ਸਾਲ ਪਹਿਲਾਂ ਬਣੀ ਇਮਾਰਤ ਸੋਮਵਾਰ ਨੂੰ ਕਈ ਲੋਕਾਂ ਦੀ ਜਾਨ ਦੀ ਦੁਸ਼ਮਣ ਬਣ ਗਈ, ਇਮਾਰਤ ਦੇ ਪਿਛਲੇ ਇਲਾਕੇ ਮੁਸ਼ਤਾਕਗੰਜ ਦੇ ਰਹਿਣ ਵਾਲੇ ਨਿਰਮਲ ਸਿੰਘ, ਜਗਰੂਪ ਸਿੰਘ, ਗੁਰਦੇਵ ਸਿੰਘ ਨੇ ਦੱਸਿਆ ਕਿ ਸਾਲ 1947 ਨੂੰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਹ ਇਥੇ ਰਹਿ ਰਹੇ ਹਨ, ਕੁੱਝ ਸਾਲ ਪਹਿਲਾਂ ਹੀ ਫੈਕਟਰੀ ਮਾਲਕ ਵਲੋਂ ਇੰਨੀ ਵੱਡੀ ਇਮਾਰਤ ਖੜ੍ਹੀ ਕੀਤੀ ਗਈ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਰਿਹਾਇਸ਼ੀ ਇਲਾਕੇ 'ਚ ਕਿਸਦੀ ਮਨਜ਼ੂਰੀ ਨਾਲ ਇਮਾਰਤ ਬਣੀ ਸੀ, ਜੋ ਅੱਜ ਬਰਬਾਦੀ ਦਾ ਕਾਰਨ ਬਣ ਗਈ।
4 ਮਹੀਨੇ ਪਹਿਲਾਂ ਹੀ ਹੋਇਆ ਸੀ ਅੰਮ੍ਰਿਤਸਰ ਤੋਂ ਲੁਧਿਆਣਾ ਤਬਾਦਲਾ ਫਾਇਰ ਸਬ ਅਫਸਰ ਗਿੱਲ ਦਾ
ਲੁਧਿਆਣਾ ਬਿਲਡਿੰਗ ਹਾਦਸੇ 'ਚ ਨਗਰ ਨਿਗਮ ਫਾਇਰ ਬ੍ਰਿਗੇਡ ਲੁਧਿਆਣਾ 'ਚ ਤਾਇਨਾਤ ਫਾਇਰ ਸਬ ਅਫਸਰ ਸਮਾਨ ਗਿੱਲ ਵਾਸੀ ਅੰਮ੍ਰਿਤਸਰ ਰਾਮ ਤੀਰਥ ਰੋਡ ਦੀ ਆਪਣੀਆਂ ਸੇਵਾਵਾਂ ਦਿੰਦੇ ਹੋਏ ਮੌਤ ਹੋ ਗਈ। ਘਟਨਾ ਦੀ ਖਬਰ ਮਿਲਦੇ ਹੀ ਗਿੱਲ ਦਾ ਸਾਰਾ ਪਰਿਵਾਰ ਲੁਧਿਆਣਾ ਵੱਲ ਨਿਕਲ ਪਿਆ। ਗਿੱਲ ਆਪਣੇ ਪਿੱਛੇ ਪਤਨੀ ਵੀਨਸ ਗਿੱਲ, ਬੇਟਾ ਸਾਹਿਲ ਗਿੱਲ ਜੋ ਕਿ ਨਗਰ ਨਿਗਮ ਫਾਇਰ ਬ੍ਰਿਗੇਡ ਅੰਮ੍ਰਿਤਸਰ 'ਚ ਕੰਟਰੈਕਟ 'ਤੇ ਫਾਇਰਮੈਨ ਦੇ ਤੌਰ 'ਤੇ ਕੰਮ ਕਰ ਰਿਹਾ ਹੈ, ਬੇਟੀ ਸ਼ਹਿਨਾਜ਼ ਗਿੱਲ ਬੀ. ਐੱਸ. ਸੀ. ਨਰਸਿੰਗ ਕਰ ਰਹੀ ਹੈ, ਨੂੰ ਛੱਡ ਗਏ। ਉਨ੍ਹਾਂ ਦੇ ਬੇਟੇ ਸਾਹਿਲ ਨੇ ਫੋਨ 'ਤੇ ਦੱਸਿਆ ਕਿ ਉਨ੍ਹਾਂ ਨੂੰ ਫਾਇਰ ਬ੍ਰਿਗੇਡ ਲੁਧਿਆਣਾ ਤੋਂ ਦੁਪਹਿਰ 1.30 'ਤੇ ਫੋਨ ਆਇਆ ਕਿ ਉਨ੍ਹਾਂ ਦੇ ਪਿਤਾ ਬਿਲਡਿੰਗ ਹਾਦਸੇ 'ਚ ਜ਼ਖਮੀ ਹੋ ਗਏ ਹਨ ਤੁਰੰਤ ਲੁਧਿਆਣਾ ਆ ਜਾਓ। ਜਿਸ ਨਾਲ ਸਾਰਾ ਪਰਿਵਾਰ ਉਸੇ ਸਮੇਂ ਲੁਧਿਆਣਾ ਵੱਲ ਨਿਕਲ ਗਿਆ ਅਤੇ ਹਸਪਤਾਲ ਪੁੱਜਣ 'ਤੇ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 4 ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦਾ ਤਬਾਦਲਾ ਲੁਧਿਆਣਾ 'ਚ ਹੋਇਆ ਸੀ। ਰਾਮ ਤੀਰਥ ਰੋਡ ਸਥਿਤ ਲਾਭ ਨਗਰ 'ਚ ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਗਿੱਲ ਇਕ ਮਿਲਣਸਾਰ ਵਿਅਕਤੀ ਸਨ ਅਤੇ ਉਹ ਹਮੇਸ਼ਾ ਲੋਕਾਂ ਨਾਲ ਖੁਸ਼ੀ-ਖੁਸ਼ੀ ਮਿਲਦੇ ਸਨ। 
ਅੰਦਰ ਗਏ 4 ਦੋਸਤਾਂ 'ਚੋਂ ਇਕ ਦੀ ਮਿਲੀ ਲਾਸ਼, ਦੂਜਾ ਲਾਪਤਾ
ਅੱਗ ਲੱਗਣ ਦੇ ਬਾਅਦ ਫੈਕਟਰੀ ਦੇ ਅੰਦਰ ਗਏ 4 ਦੋਸਤਾਂ 'ਚੋਂ ਹੁਣ ਤੱਕ ਇਕ ਦੀ ਲਾਸ਼ ਮਿਲੀ ਹੈ, ਜਦਕਿ ਦੂਜਿਆਂ ਦੇ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਦਿੰਦੇ ਹੋਏ ਹਰਵੀਰ ਸਿੰਘ ਨੇ ਦੱਸਿਆ ਕਿ ਉਹ ਫੈਕਟਰੀ ਮਾਲਕ ਇੰਦਰਜੀਤ ਸਿੰਘ ਦਾ ਦੋਸਤ ਹੈ। ਸਵੇਰੇ ਅੱਗ ਲੱਗਣ ਦੇ ਬਾਅਦ ਇੰਦਰਜੀਤ ਦੇ ਦੋਸਤ ਭਾਵਾਧਸ ਦੇ ਲਛਮਣ ਦ੍ਰਾਵਿੜ ਅਤੇ ਇੰਦਰਪਾਲ ਸਿੰਘ ਵੀ ਉਥੇ ਆ ਗਏ। ਅਸੀਂ ਚਾਰੇ ਫੈਕਟਰੀ ਦੇ ਅੰਦਰ ਗਏ। ਪਹਿਲੀ ਮੰਜ਼ਿਲ 'ਤੇ ਜਾਂਦੇ ਹੀ ਇੰਨਾ ਜ਼ਿਆਦਾ ਧੂੰਆਂ ਦੇਖ ਮੈਂ ਅਤੇ ਫੈਕਟਰੀ ਮਾਲਕ ਬਾਹਰ ਆ ਗਏ। ਅਜੇ ਆ ਕੇ ਖੜ੍ਹੇ ਹੀ ਹੋਏ ਕਿ ਇਕਦਮ ਨਾਲ ਧੂੰਆਂ ਹੋ ਗਿਆ ਅਤੇ ਦੋ ਦੋਸਤ ਅੰਦਰ ਰਹਿ ਗਏ, ਜਿਨ੍ਹਾਂ 'ਚੋਂ ਇਕ ਦੀ ਲਾਸ਼ ਕੁੱਝ ਸਮੇਂ ਬਾਅਦ ਹੀ ਮਿਲ ਗਈ। 
ਭਾਵਾਧਸ ਦੇ ਲਛਮਣ ਦ੍ਰਾਵਿੜ ਨਾਲ ਫੋਨ 'ਤੇ ਗੱਲ 
ਅੱਗ ਲੱਗਣ ਤੋਂ ਬਾਅਦ ਘਟਨਾ ਸਥਾਨ 'ਤੇ ਪਹੁੰਚੇ ਭਾਵਾਧਸ ਦੇ ਨੇਤਾ ਲਛਮਣ ਦ੍ਰਾਵਿੜ ਇਮਾਰਤ ਡਿੱਗਣ ਨਾਲ ਹੇਠਾਂ ਦੱਬ ਗਏ। ਪਤਾ ਲਗਦੇ ਹੀ ਪੂਰਾ ਭਾਵਾਧਸ ਸਮਾਜ ਉਥੇ ਪਹੁੰਚ ਗਿਆ। ਦੇਖਦੇ ਹੀ ਦੇਖਦੇ ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਇਮਾਰਤ ਦੇ ਕੋਲ ਇਕੱਠੇ ਹੋ ਗਏ। ਤਦ ਕਿਸੇ ਨੇ ਫੋਨ 'ਤੇ ਲਛਮਣ ਦ੍ਰਾਵਿੜ ਨਾਲ ਗੱਲ ਹੋਣ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਸ ਨੇ ਕਿਹਾ ਕਿ ਉਹ ਸੁਰੱਖਿਅਤ ਹੈ ਅਤੇ ਲੱਤਾਂ 'ਤੇ ਸਲੈਬ ਡਿੱਗੀ ਹੋਣ ਦੇ ਕਾਰਨ ਫਸਿਆ ਹੋਇਆ ਹੈ, ਜਿਸ ਦੇ ਕੁੱਝ ਘੰਟਿਆਂ ਬਾਅਦ ਉਨ੍ਹਾਂ ਦਾ ਨੰਬਰ ਬੰਦ ਆ ਰਿਹਾ ਸੀ। ਇਸ ਗੱਲ ਦੀ ਸਾਰੇ ਸ਼ਹਿਰ ਵਿਚ ਚਰਚਾ ਸੀ ਕਿ ਆਖਿਰ ਭਾਵਾਧਸ ਨੇਤਾ ਠੀਕ ਹੈ ਜਾਂ ਨਹੀਂ। ਜਿੱਥੋਂ ਤੱਕ ਮੌਕੇ ਦੀ ਗੱਲ ਕਰੀਏ ਤਾਂ ਬਚਾਅ ਕਰਮਚਾਰੀਆਂ ਨੂੰ ਇਹ ਜਾਣਨ 'ਚ ਵੀ ਮੁਸ਼ਕਿਲ ਹੋ ਰਹੀ ਸੀ ਕਿ ਇਮਾਰਤ ਦੇ ਕਿਸ ਹਿੱਸੇ 'ਚ ਲੋਕ ਫਸੇ ਹੋਏ ਹਨ।
ਇਕ ਕਿਲੋਮੀਟਰ ਦਾ ਇਲਾਕਾ ਕੀਤਾ ਸੀਲ, ਲਾਈਟ ਬੰਦ
ਮੌਕੇ 'ਤੇ ਮੌਜੂਦ ਪੁਲਸ ਅਧਿਕਾਰੀਆਂ ਵਲੋਂ 1 ਕਿਲੋਮੀਟਰ ਤਕ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਇਲਾਕੇ ਦੀ ਲਾਈਟ ਬੰਦ ਕਰ ਕੇ ਬਚਾਅ ਕਾਰਜ ਕੀਤਾ ਜਾ ਰਿਹਾ ਸੀ। ਮਲਬੇ ਨੂੰ ਹਟਾਉਣ ਲਈ ਨਗਰ ਨਿਗਮ ਦੀਆਂ ਅੱਧਾ ਦਰਜਨ ਤੋਂ ਜ਼ਿਆਦਾ ਕਰੇਨਾਂ ਕੰਮ ਕਰ ਰਹੀਆਂ ਸਨ ਅਤੇ ਭੀੜ-ਭੜੱਕੇ ਵਾਲਾ ਇਲਾਕਾ ਹੋਣ ਕਾਰਨ ਕਈ ਰਸਤੇ ਬਣਾਏ ਗਏ ਸਨ। ਮੌਕੇ 'ਤੇ 200 ਤੋਂ ਜ਼ਿਆਦਾ ਪੁਲਸ ਅਧਿਕਾਰੀ ਅਤੇ ਕਰਮਚਾਰੀ ਕਮਾਨ ਸੰਭਾਲ ਰਹੇ ਸਨ।
ਜੇ ਨਿਯਮਾਂ ਦੀ ਉਲੰਘਣਾ ਕੀਤੀ ਹੋਈ ਤਾਂ ਕਾਰਵਾਈ ਕਰਾਂਗੇ : ਪਨੂੰ 
ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕਾਹਨ ਸਿੰਘ ਪਨੂੰ ਨੇ ਲੁਧਿਆਣਾ ਫੈਕਟਰੀ  'ਚ ਲੱਗੀ ਅੱਗ ਸਬੰਧੀ ਆਖਿਆ ਕਿ ਉਹ ਇਸਦੀ ਜਾਂਚ ਕਰਵਾਉਣਗੇ ਤੇ ਜੇਕਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਉਲੰਘਣਾ ਫੈਕਟਰੀ ਨੇ ਕੀਤੀ ਹੋਈ ਤਾਂ ਕਾਰਵਾਈ ਹੋਵੇਗੀ। ਉਨ੍ਹਾਂ ਇਸ ਤਰ੍ਹਾਂ ਦੇ ਫੈਕਟਰੀ ਯੂਨਿਟਾਂ ਨੂੰ ਤਾਕੀਦ ਕੀਤੀ ਕਿ ਉਹ ਨਿਯਮਾਂ ਦੀ ਪਾਲਣਾ ਕਰਨ।


Related News