ਪੰਜਾਬ 'ਚ ਅਕਾਲੀ ਵੀ 'ਆਪ' ਦੇ ਰਾਹ ਚੱਲੇ, ਤਿੰਨ ਸਾਲ 'ਚ ਬਦਲੇ ਤਿੰਨ ਨੇਤਾ

01/07/2020 9:43:24 AM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ ਮੁੱਖ ਵਿਰੋਧੀ ਪਾਰਟੀ 'ਆਪ' (ਆਮ ਆਦਮੀ ਪਾਰਟੀ) ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਵਿਚ ਚੁਣੇ ਹੋਏ ਵਿਧਾਇਕਾਂ 'ਚੋਂ ਤਿੰਨ ਸਾਲਾਂ 'ਚ ਤਿੰਨ ਨੇਤਾ ਬਦਲ ਕੇ ਕਮਾਲ ਕਰ ਦਿੱਤੀ ਹੈ। ਜੇਕਰ ਇਸ ਨੂੰ ਇਤਫਾਕ ਆਖ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।

ਪੰਜਾਬ ਵਿਚ 20 ਵਿਧਾਇਕ ਲੈ ਕੇ ਵਿਰੋਧੀ ਧਿਰ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਐੱਚ. ਐੱਸ. ਫੂਲਕਾ ਬੈਠੇ ਸਨ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਰੁਤਬਾ, ਕੋਠੀ, ਕਾਰ ਮਿਲੀ ਸੀ ਪਰ ਉਹ ਅਸਤੀਫਾ ਦੇ ਕੇ ਫਾਰਗ ਹੋ ਗਏ। ਉਨ੍ਹਾਂ ਦੀ ਜਗ੍ਹਾ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਤੇ ਉਹ ਬਾਗੀ ਹੋ ਗਿਆ ਅਤੇ ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੂੰ ਇਹ ਕੁਰਸੀ ਕੋਠੀ, ਕਾਰ ਤੇ ਕੈਬਨਿਟ ਰੈਂਕ ਮਿਲਿਆ। ਤਿੰਨ ਸਾਲਾਂ ਵਿਚ ਆਪ ਨੇ ਤਿੰਨ ਆਗੂ ਬਦਲ ਦਿੱਤੇ।

ਹੁਣ 10 ਸਾਲ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਵਿਚ ਤਸਵੀਰ ਵੇਖ ਲੈਣੀ ਚਾਹੀਦੀ ਹੈ। 15 ਵਿਧਾਇਕ ਲੈ ਕੇ ਹੋਂਦ ਵਿਚ ਆਇਆ ਸ਼੍ਰੋਮਣੀ ਅਕਾਲੀ ਦਲ ਜਿਸ ਕਾਰਣ ਅਕਾਲੀ ਦਲ ਹਾਊਸ ਦੇ ਲੀਡਰ ਸੁਖਬੀਰ ਸਿੰਘ ਬਾਦਲ ਬਣੇ ਪਰ ਫਿਰੋਜ਼ਪੁਰ ਤੋਂ ਐੱਮ. ਪੀ. ਬਣ ਕੇ ਦਿੱਲੀ ਪਾਰਲੀਮੈਂਟ ਵਿਚ ਚਲੇ ਗਏ ਅਤੇ ਉਨ੍ਹਾਂ ਦੀ ਜਗ੍ਹਾ ਪਰਮਿੰਦਰ ਸਿੰਘ ਢੀਂਡਸਾ ਨੇਤਾ ਬਣੇ, ਜੋ ਬਾਗੀ ਹੋ ਕੇ ਬਾਪੂ ਸ. ਢੀਂਡਸਾ ਨਾਲ ਚਲੇ ਗਏ ਤੇ ਹੁਣ ਤੀਜੇ ਵਿਧਾਇਕ ਸ. ਸ਼ਰਣਜੀਤ ਸਿੰਘ ਢਿੱਲੋਂ ਨੂੰ ਪਾਰਟੀ ਨੇ ਇਹ ਮਾਣ ਦਿੱਤਾ ਹੈ।

ਇਸ ਸਾਲ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕੇਵਲ ਵਿਧਾਨ ਸਭਾ ਵਿਚ ਦਫਤਰ ਮਿਲਣਾ ਹੈ, ਜਿੱਥੇ ਵਿਧਾਇਕ ਬੈਠ ਕੇ ਮੀਟਿੰਗਾਂ ਕਰਦੇ ਹਨ, ਜਦੋਂਕਿ ਕੈਬਨਿਟ ਰੈਂਕ ਅਤੇ ਵਿਰੋਧੀ ਧਿਰ ਦੀ ਕੁਰਸੀ ਹਰਪਾਲ ਸਿੰਘ ਚੀਮਾ ਕੋਲ ('ਆਪ' ਕੋਲ) ਹੈ। ਦੇਖਿਆ 'ਆਪ' ਤੇ ਅਕਾਲੀ ਦਲ ਦਾ ਕਮਾਲ, ਤਿੰਨ ਸਾਲ 'ਚ ਤਿੰਨ ਨੇਤਾ ਬਦਲੇ ਗਏ। ਭਵਿੱਖ ਵਿਚ ਕੀ ਹੋਵੇਗਾ ਇਹ ਅਜੇ ਦੋਵਾਂ ਪਾਰਟੀਆਂ ਦੇ ਗਰਭ ਵਿਚ ਪਲ ਰਿਹਾ ਹੈ।


cherry

Content Editor

Related News