ਲੁਧਿਆਣਾ 'ਚ ਗਰਭਵਤੀ ਜਨਾਨੀ ਸਮੇਤ 9 ਮਰੀਜ਼ ਕੋਰੋਨਾ ਪਾਜ਼ੇਟਿਵ
Friday, Jun 05, 2020 - 11:18 PM (IST)
ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਦੇ ਅੱਜ ਸਾਹਮਣੇ ਆਉਣ ਵਾਲੇ ਮਾਮਲਿਆਂ ਵਿਚ ਇਕ ਗਰਭਵਤੀ ਜਨਾਨੀ ਸਮੇਤ 9 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। 26 ਸਾਲਾ ਜਨਾਨੀ ਕੁਲਦੀਪ ਨਗਰ, ਰਾਹੋਂ ਰੋਡ ਦੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਦਯਾਨੰਦ ਹਸਪਤਾਲ ਵਿਚ ਭਰਤੀ ਜਨਾਨੀ ਮਰੀਜ਼ ਦੇ ਸੰਪਰਕ ਵਿਚ ਆਉਣ ਨਾਲ 3 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਤੋਂ ਗ੍ਰਸਤ ਹੋਣ ਦਾ ਪਤਾ ਲੱਗਾ ਹੈ। ਇਨ੍ਹਾਂ 'ਚੋਂ ਇਕ 61 ਅਤੇ 28 ਸਾਲਾ ਪੁਰਸ਼ ਅਤੇ 31 ਸਾਲਾ ਜਨਾਨੀ ਵੀ ਸ਼ਾਮਲ ਹੈ। ਸਾਰੇ ਮਰੀਜ਼ ਈਸ਼ਵਰ ਨਗਰ, ਗਿੱਲ ਰੋਡ ਦੇ ਰਹਿਣ ਵਾਲੇ ਹਨ। ਐੱਸ. ਏ. ਐੱਸ. ਨਗਰ ਦਾ ਇਕ ਹੋਰ ਮਰੀਜ਼ ਜੋ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਭਰਤੀ ਹੈ, ਦੀ ਮਾਤਾ ਅਤੇ 12 ਸਾਲਾ ਭਰਾ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਜ਼ਿਆਦਾਤਰ ਮਾਮਲੇ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਸਾਹਮਣੇ ਆਏ ਹਨ। ਉਪਰੋਕਤ ਤੋਂ ਇਲਾਵਾ ਪ੍ਰੇਮ ਨਗਰ ਵੈਲਡਿੰਗ ਚੌਂਕ ਵਿਚ ਰਹਿਣ ਵਾਲੇ ਇਕ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਨਾਲ ਦੋ ਵਿਅਕਤੀ, ਜਿਨ੍ਹਾਂ ਦੀ ਉਮਰ 42 ਅਤੇ 50 ਸਾਲ ਹੈ, ਕੋਰੋਨਾ ਨਾਲ ਪ੍ਰਭਾਵਿਤ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰੇਮ ਨਗਰ ਦੀ ਰਹਿਣ ਵਾਲੀ ਇਕ 40 ਸਾਲਾ ਜਨਾਨੀ ;ਜੋ ਰਾਜਸਥਾਨ ਤੋਂ ਯਾਤਰਾ ਕਰ ਕੇ ਇਥੇ ਆਈ ਹੈ, ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਹਾਨਗਰ ਵਿਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੁਣ 235 ਹੋ ਗਈ ਹੈ।