ਲੁਧਿਆਣਾ ਜ਼ਿਲ੍ਹੇ 'ਚ ਹਾਲਾਤ ਖਤਰਨਾਕ, ਕੋਰੋਨਾ ਦੇ 462 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
Friday, Aug 21, 2020 - 10:05 PM (IST)
ਲੁਧਿਆਣਾ,(ਸਹਿਗਲ): ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾਵਾਇਰਸ ਨੂੰ ਲੈ ਕੇ ਸਥਿਤੀ ਖਤਰਨਾਕ ਹੁੰਦੀ ਜਾ ਰਹੀ ਹੈ। ਅੱਜ ਇਥੇ 485 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਜੋ ਕਿ ਅੱਜ ਤਕ ਦਾ ਰਿਕਾਰਡ ਹੈ ਅਤੇ 9 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ 485 ਮਰੀਜ਼ਾਂ 'ਚੋਂ 462 ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ 289 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਦੂਜੇ ਪਾਸੇ ਪੁਲਸ ਸਟੇਸ਼ਨ ਹੈਬੋਵਾਲ ਕਲਾਂ ਦੇ ਅਧੀਨ ਪੈਂਦੀ ਪੁਲਸ ਚੌਂਕੀ ਜਗਤਪੁਰ 'ਚ 14 ਪੁਲਸ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਨਾਲ ਪੂਰੇ ਥਾਣੇ 'ਚ ਹਲਚਲ ਪੈਦਾ ਹੋ ਗਈ ਹੈ। ਸਿਹਤ ਵਿਭਾਗ ਵਲੋਂ ਦਿੱਤੀ ਗਈ ਰਿਪੋਰਟ ਮੁਤਾਬਕ ਅੱਜ ਇਨਫਲੁਏਂਜਾ ਦੇ ਲੱਛਣਾਂ ਵਾਲੇ 117 ਮਰੀਜ਼ ਸਾਹਮਣੇ ਆਏ ਜਦਕਿ 129 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਨਾਲ ਪਾਜ਼ੇਟਿਵ ਹੋਏ। ਹਸਪਤਾਲ ਦੀ ਓ. ਪੀ. ਡੀ. 'ਤੇ ਜਾਂਚ ਦੌਰਾਨ 84 ਮਰੀਜ਼ ਪਾਜ਼ੇਟਿਵ ਪਾਏ ਗਏ। ਇਸ ਤੋਂ ਇਲਾਵਾ 7 ਹੈਲਥ ਕੇਅਰ ਵਰਕਰ 8 ਗਰਭਵਤੀ ਜਨਾਨੀਆਂ ਅਤੇ 6 ਦੂਜੇ ਪ੍ਰਦੇਸ਼ਾਂ ਅਤੇ ਵਿਦੇਸ਼ ਯਾਤਰਾ ਕਰਕੇ ਆਏ ਲੋਕ ਸ਼ਾਮਲ ਹਨ।
ਸਿਵਲ ਹਸਪਤਾਲ ਦੇ ਕੋਵਿਡ-19 ਵਾਰਡ 'ਚ ਸ਼ਾਰਟ-ਸਰਕਟ ਦਾ ਸ਼ੱਕ
ਸਿਵਲ ਹਸਪਤਾਲ ਦੇ ਕੋਵਿਡ-19 ਆਈਸੋਲੇਸ਼ਨ ਵਾਰਡ ਵਿਚ ਇਲੈਕਟ੍ਰਿਕ ਵਾਇਰਿੰਗ ਦੀ ਖਸਤਾ ਹਾਲਤ ਹੋਣ ਕਾਰਨ ਉੱਥੇ ਕਦੇ ਵੀ ਸ਼ਾਰਟ ਸਰਕਟ ਹੋ ਸਕਦਾ ਹੈ। ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 28 ਜੁਲਾਈ ਨੂੰ ਵੀ ਆਈਸੋਲੇਸ਼ਨ ਵਾਰਡ ਵਿਚ ਤਾਰਾਂ ਦੀ ਸਪਾਰਕਿੰਗ ਹੋਈ ਸੀ ਪਰ ਕੋਈ ਵੱਡਾ ਹਾਦਸਾ ਹੋਣੋਂ ਬਚ ਗਿਆ। ਇਲੈਕਟ੍ਰਿਕ ਵਾਇਰਿੰਗ ਦੀ ਸਥਿਤੀ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਆਈਸੋਲੇਸ਼ਨ ਵਾਰਡ ਵਿਚ ਤਾਰਾਂ ਪੁਰਾਣੀਆਂ ਹਨ ਅਤੇ ਪੀ. ਡਬਲਿਊ. ਡੀ. ਦੇ ਨਿਸਮਾਂ ਮੁਤਾਬਕ ਨਹੀਂ ਹਨ। ਇਸ ਵਾਰਡ ਵਿਚ 15 ਨਵੇਂ ਏ. ਸੀ., ਰੈਫ੍ਰਿਜਰੇਟਰ, ਵਾਸ਼ਿੰਗ ਮਸ਼ੀਨਾਂ ਲਾਈਆਂ ਗਈਆਂ ਹਨ ਪਰ ਤਾਰਾਂ ਨਹੀਂ ਬਦਲੀਆਂ ਗਈਆਂ। ਇਲੈਕਟ੍ਰੀਕਲ ਲੋਡ ਵਧਣ ਨਾਲ ਪੁਰਾਣੀਆਂ ਤਾਰਾਂ ਗਰਮ ਹੋ ਜਾਂਦੀਆਂ ਹਨ। ਕਿਸੇ ਵੀ ਸਮੇਂ ਇਥੇ ਸ਼ਾਰਟ ਸਰਕਟ ਹੋ ਸਕਦਾ ਹੈ, ਜਿਸ ਨਾਲ ਵਾਰਡ ਵਿਚ ਲੱਗੇ ਸਾਰੇ ਯੰਤਰ ਆਦਿ ਵੀ ਖਰਾਬ ਹੋ ਸਕਦੇ ਹਨ। ਵਰਣਨਯੋਗ ਹੈ ਕਿ ਆਂਧਰਾ ਪ੍ਰਦੇਸ਼ ਵਿਚ 9 ਅਗਸਤ ਨੂੰ ਕੋਰੋਨਾ ਕੇਅਰ ਸੈਂਟਰ 'ਚ ਇਲੈਕਟ੍ਰੀਕਲ ਸ਼ਾਰਟ ਸਰਕਟ ਨਾਲ 10 ਮਰੀਜ਼ਾਂ ਦੀ ਮੌਤ ਹੋ ਗਈ ਸੀ। 11 ਅਗਸਤ ਨੂੰ ਪੇਸ਼ ਕੀਤੀ ਗਈ ਰਿਪੋਰਟ ਤੋਂ ਬਾਅਦ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੀ ਹਾਲਤ ਜਿਓਂ ਦੀ ਤਿਓਂ ਹੈ। ਸੂਬੇ ਅਤੇ ਜ਼ਿਲਿਆਂ ਦੇ ਅੰਕੜਿਆਂ ਵਿਚ ਫਰਕ ਬਰਕਰਾਰ ਹੈ। ਸੂਬੇ ਅਤੇ ਜ਼ਿਲੇ ਵੱਲੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਤਿਆਰੀ ਕੀਤੀ ਜਾ ਰਹੀ ਰਿਪੋਰਟ ਦੇ ਅੰਕੜਿਆਂ ਵਿਚ ਫਰਕ ਬਰਕਰਾਰ ਹੈ। ਸਟੇਟ ਕੋਵਿਡ-19 ਬੁਲੇਟਿਨ ਵਿਚ ਲੁਧਿਆਣਾ ਦੇ ਮਰੀਜ਼ਾਂ ਦੀ ਗਿਣਤੀ 8580 ਦਰਸਾਈ ਗਈ ਹੈ, ਜਦੋਂਕਿ ਜ਼ਿਲੇ ਵਿਚ ਇਹ ਅੰਕੜਾ 8148 ਤੱਕ ਦਾ ਹੈ। ਐਕਟਿਵ ਮਰੀਜ਼ਾਂ ਦੀ ਗਿਣਤੀ ਜ਼ਿਲੇ ਵਿਚ 2334 ਦੱਸੀ ਗਈ ਹੈ, ਜਦੋਂਕਿ ਸੂਬੇ ਦੀ ਰਿਪੋਰਟ ਵਿਚ ਇਹ ਗਿਣਤੀ 3530 ਹੈ।
432 ਮਰੀਜ਼ ਕਿਥੇ ਕਰ ਦਿੱਤੇ ਗਾਇਬ
ਜ਼ਿਲਾ ਸਿਹਤ ਵਿਭਾਗ ਦੀ ਰਿਪੋਰਟ 'ਚ 432 ਮਰੀਜ਼ ਘੱਟ ਦਿਖਾਏ ਗਏ ਹਨ। ਇਨ੍ਹਾਂ ਮਰੀਜ਼ਾਂ ਨੂੰ ਘੱਟ ਗਿਣਤੀ ਦਿਖਾਉਣ ਦੇ ਚੱਕਰ ਵਿਚ ਜ਼ਿਲਾ ਸਿਹਤ ਵਿਭਾਗ ਵਿਚ ਕਿੱਥੇ ਗਾਇਬ ਕਰ ਦਿੱਤਾ ਹੈ, ਇਹ ਜਾਂਚ ਦਾ ਵਿਸ਼ਾ ਹੈ।
3588 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਵੱਲੋਂ ਸੈਂਪਲਿੰਗ ਦਾ ਦਾਇਰਾ ਵਧਾਉਂਦੇ ਹੋਏ ਅੱਜ 35 88 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਧਿਆਨਦੇਣਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਸੈਂਪਲਿੰਗ ਦਾ ਦਾਇਰਾ ਵਧਾਉਣ ਦੇ ਸੰਕੇਤ ਦਿੰਦੇ ਹੀ ਕਈ ਜ਼ਿਲਿਆਂ ਨੇ ਇਸ ਦੇ ਮੁਤਾਬਕ ਕੰਮ ਸ਼ੁਰੂ ਕਰ ਦਿੱਤਾ ਹੈ।
3149 ਵਿਅਕਤੀਆਂ ਦੀ ਰਿਪੋਰਟ ਪੈਂਡਿੰਗ
ਸਿਹਤ ਵਿਭਾਗ ਵੱਲੋਂ 3149 ਸ਼ੱਕੀ ਮਰੀਜ਼ਾਂ ਦੇ ਭੇਜੇ ਸੈਂਪਲ ਅਜੇ ਪੈਂਡਿੰਗ ਚੱਲ ਰਹੇ ਹਨ। ਸਿਹਤ ਅਧਿਕਾਰੀਆਂ ਦੇ ਮੁਤਾਬਕ ਸੈਂਪਲਾਂ ਦੀ ਗਿਣਤੀ ਵਧਣ ਦੇ ਨਾਲ ਹੀ ਉਨ੍ਹਾਂ 'ਤੇ ਵੀ ਕੰਮ ਦਾ ਬੋਝ ਪਿਆ ਹੈ, ਜਿਸ ਕਾਰਣ ਰਿਪੋਰਟ ਆਉਣ ਵਿਚ ਦੇਰੀ ਹੋ ਰਹੀ ਹੈ।
496 ਵਿਅਕਤੀਆਂ ਨੂੰ ਭੇਜਿਆ ਹੋਮ ਆਈਸੋਲੇਟ
ਕੋਵਿਡ-19 ਦੇ ਲੱਛਣਾਂ ਵਾਲੇ ਜਾਂ ਸ਼ੱਕ ਦੇ ਆਧਾਰ 'ਤੇ ਅੱਜ 496 ਵਿਅਕਤੀਆਂ ਨੂੰ ਹੋਮ-ਆਈਸੋਲੇਸ਼ਨ ਲਈ ਭੇਜਿਆ ਗਿਆ ਹੈ। ਮੌਜੂਦਾ ਸਮੇਂ ਵਿਚ 5265 ਵਿਅਕਤੀ ਹੋਮ ਆਈਸੋਲੇਟ ਹਨ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ :
ਉਮੇਸ਼ (39) ਵਾਸੀ ਬਹਾਦਰਕੇ ਰੋਡ, ਰੰਜਨਾ ਦੇਵੀ (40) ਵਾਸੀ ਢੰਡਾਰੀ ਖੁਰਦ, ਧਰਮਵੀਰ (90) ਵਾਸੀ ਮੁੰਡੀਆਂ ਕਲਾਂ, ਅਨਿਲ ਕੁਮਾਰ (47) ਵਾਸੀ ਤਾਜਪੁਰ ਰੋਡ, ਮਨਜੀਤ ਸਿੰਘ (62) ਵਾਸੀ ਜਗਰਾਓਂ, ਅਮਰਜੀਤ ਸਿੰਘ ਵਾਸੀ (60), ਰਾਜ ਕੁਮਾਰ (35) ਵਾਸੀ ਪਿੰਡ ਲੋਹਾਰਾ, ਧਰਮਜੀਤ ਕੌਰ (70) ਵਾਸੀ ਭਾਈ ਰਣਧੀਰ ਸਿੰਘ ਨਗਰ, ਰਾਜ ਰਾਣੀ (60) ਵਾਸੀ ਹਿਮਾਯੂੰਪੁਰੀ ਸਰਹਦ।