ਲੁਧਿਆਣਾ 'ਚ ਜਾਰੀ ਕੋਰੋਨਾ ਦਾ ਕਹਿਰ, 39 ਹੋਰ ਨਵੇਂ ਮਾਮਲੇ ਆਏ ਸਾਹਮਣੇ
Wednesday, Jun 17, 2020 - 07:00 PM (IST)
ਲੁਧਿਆਣਾ,(ਨਰਿੰਦਰ, ਸਹਿਗਲ)- ਜ਼ਿਲੇ 'ਚ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਮਰੀਜ਼ਾਂ ਦੇ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਹੈ। ਅੱਜ 39 ਹੋਰ ਨਵੇਂ ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਜੀ. ਐਮ. ਸੀ. ਪਟਿਆਲਾ ਤੋਂ ਉਨ੍ਹਾਂ ਨੂੰ 1042 ਮਰੀਜ਼ਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ 'ਚੋਂ 39 ਲੋਕ ਕੋਰੋਨਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਨ੍ਹਾਂ ਮਰੀਜ਼ਾਂ 'ਚ 8 ਮਰੀਜ਼ ਹੰਬੜਾ ਰੋਡ, 10 ਮਰੀਜ਼ ਛਾਉਣੀ ਮੁਹੱਲਾ, 10 ਮਰੀਜ਼ ਸੇਂਸੀ ਮੁਹੱਲਾ, 9 ਮਰੀਜ਼ ਹਬੀਬਗੰਜ ਅਤੇ ਇਕ-ਇਕ ਮਰੀਜ਼ ਤਲਵੰਡੀ ਰਾਜ ਪਿੰਡ ਅਮਰਪੁਰਾ ਅਤੇ ਖੰਨਾ ਦਾ ਰਹਿਣ ਵਾਲਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਹੁਣ ਤਕ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 456 ਹੋ ਗਈ ਹੈ, ਜਿਨ੍ਹਾਂ 'ਚੋਂ 13 ਲੋਕਾਂ ਦੀ ਮੌਤ ਹੋ ਚੁਕੀ ਹੈ, ਇਸ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਤੇ ਪ੍ਰਦੇਸ਼ਾਂ ਤੋਂ ਸਥਾਨਕ ਹਸਪਤਾਲਾਂ 'ਚ ਦਾਖਲ ਹੋਣ ਵਾਲੇ ਲੋਕਾਂ 'ਚੋਂ 134 ਮਰੀਜ਼ ਕੋਰੋਨਾ ਪਾਜ਼ੇਟਿਵ ਆ ਚੁਕੇ ਹਨ ਅਤੇ ਇਨ੍ਹਾਂ 'ਚੋਂ 9 ਲੋਕਾਂ ਦੀ ਮੌਤ ਹੋ ਚੁਕੀ ਹੈ। ਉਨ੍ਹਾਂ ਦੱਸਿਆ ਕਿ 241 ਲੋਕਾਂ ਨੂੰ ਠੀਕ ਹੋਣ 'ਤੇ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਵਿਦੇਸ਼ਾਂ ਤੋਂ ਆਉਣ ਵਾਲੇ 192 ਨੂੰ ਆਈਸੋਲੇਸ਼ਨ ਸੈਂਟਰੋ ਅਤੇ ਹੋਟਲਾਂ 'ਚ ਕੁਆਰੰਟਾਈਨ ਕਰਕੇ ਰੱਖਿਆ ਹੈ। ਹੁਣ ਤਕ ਕੁੱਲ 3519 ਲੋਕ ਹੋਮ ਕੁਆਰੰਟਾਈਨ 'ਚ ਰਹਿ ਰਹੇ ਹਨ।