ਐੱਨ. ਆਰ. ਆਈ. ਨੇ ਸਾਲੇ ਤੇ ਦੋਸਤ ਨਾਲ ਮਿਲ ਕੇ ਕੀਤੀ ਸੀ ਵਾਰਦਾਤ
Sunday, Mar 03, 2019 - 03:59 AM (IST)
ਲੁਧਿਆਣਾ (ਰਿਸ਼ੀ)-ਚੰਡੀਗਡ਼੍ਹ ਤੋਂ ਫਿਲਮ ਦੀ ਸ਼ੂਟਿੰਗ ਕਰਨ ਦੇ ਬਹਾਨੇ ਬੱਸ ਅੱਡੇ ’ਤੇ ਨੌਜਵਾਨ ਨੂੰ ਬੁਲਾ ਕੇ ਕੁੱਟ-ਮਾਰ ਕਰ ਕੇ 15 ਲੱਖ ਦੀ ਕੀਮਤ ਦੇ ਕੈਮਰੇ ਖੋਹ ਕੇ ਲੈ ਜਾਣ ਦੇ ਕੇਸ ਨੂੰ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ 24 ਘੰਟੇ ਵਿਚ ਹੱਲ ਕਰ ਲਿਆ ਹੈ। ਮੁੱਖ ਮੁਲਜ਼ਮ ਐੱਨ. ਆਰ. ਆਈ. ਅਬਦੁਲ ਰਹੀਮ (30) ਨਿਵਾਸੀ ਸਿੰਘਾਪੁਰ, ਉਸ ਦੇ ਸਾਲੇ ਪ੍ਰਗਟ ਮਸੀਹ (32) ਨਿਵਾਸੀ ਪਿੰਡ ਲੋਹਾਰਾ ਅਤੇ ਦੋਸਤ ਸ਼ਾਹਿਦ ਅਲੀ ਨਿਵਾਸੀ ਤਾਮਿਲਨਾਡੂ ਦੇ ਨਾਲ ਮਿਲ ਕੇ ਉਕਤ ਠੱਗੀ ਕੀਤੀ। ਇਸ ਗੱਲ ਦਾ ਖੁਲਾਸਾ ਏ. ਸੀ. ਪੀ. ਸਿਵਲ ਲਾਈਨ ਮਨਦੀਪ ਸਿੰਘ ਅਤੇ ਇੰਸਪੈਕਟਰ ਕੁਲਵੰਤ ਸਿੰਘ ਨੇ ਸ਼ਨੀਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਕੀਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਚੰਡੀਗਡ਼੍ਹ ਦੇ ਰਹਿਣ ਵਾਲੇ ਕਰਨ ਨੇ ਦੱਸਿਆ ਸੀ ਕਿ ਉਹ ਫਿਲਮਾਂ ਦੀ ਸ਼ੂਟਿੰਗ ਕਰਨ ਵਾਲਿਆਂ ਨੂੰ ਕਿਰਾਏ ’ਤੇ ਕੈਮਰੇ ਦੇ ਲੈਨਜ਼ ਦੇਣ ਦਾ ਕੰਮ ਕਰਦੇ ਹਨ। ਉਕਤ ਮੁਲਜ਼ਮਾਂ ਨੇ 5 ਲੈਨਜ਼ ਕਿਰਾਏ ’ਤੇ ਲਏ ਸਨ ਜਿਨ੍ਹਾਂ ਦਾ 8 ਹਜ਼ਾਰ ਰੁਪਏ ਰੋਜ਼ਾਨਾ ਦਾ ਖਰਚਾ ਸੀ। ਉਨ੍ਹਾਂ ਨੇ ਆਪਣੇ ਵਰਕਰ ਰੋਹਿਤ ਨੂੰ ਲੈਨਜ਼ ਦੇ ਕੇ ਜਦੋਂ ਬੱਸ ਅੱਡੇ ’ਤੇ ਭੇਜਿਆ ਤਾਂ ਪਹਿਲਾਂ ਤੋਂ ਉੱਥੇ ਖਡ਼੍ਹੇ ਪ੍ਰਗਟ ਅਤੇ ਸ਼ਾਹਿਦ ਅਲੀ ਨੇ ਉਸ ਨੂੰ ਗੱਲਾਂ ਵਿਚ ਲਾ ਕੇ ਲੈਨਜ਼ ਲੈ ਲਏ ਅਤੇ ਬਾਅਦ ਵਿਚ ਕੁੱਟ-ਮਾਰ ਕਰ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲਸ ਨੇ ਕੈਮਰਿਆਂ ਦੀ ਫੁਟੇਜ ਅਤੇ ਮੋਬਾਇਲ ਨੰਬਰਾਂ ਦੀ ਲੋਕੇਸ਼ਨ ਨਾਲ ਉਨ੍ਹਾਂ ਨੂੰ ਦਬੋਚ ਲਿਆ। ਪੁਲਸ ਦੇ ਮੁਤਾਬਕ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਬਾਰੀਕੀ ਨਾਲ ਪੁੱਛਗਿਛ ਕਰੇਗੀ।
