ਲੁਧਿਆਣਾ: ਨਿਗਮ ਦੇ ਜ਼ੋਨਲ ਕਮਿਸ਼ਨਰ ਸਮੇਤ 40 ਮਰੀਜ਼ ਕੋਰੋਨਾ ਪਾਜ਼ੇਟਿਵ
Friday, Jul 10, 2020 - 10:56 PM (IST)
ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਦਾ ਕਹਿਰ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਬਰਕਰਾਰ ਹੈ। ਅੱਜ ਨਗਰ ਨਿਗਮ ਦੇ ਜ਼ੋਨ ਡੀ ਦੇ ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੇ ਪਾਜ਼ੇਟਿਵ ਆਉਣ ਦੀ ਖਬਰ ਤੋਂ ਬਾਅਦ ਨਗਰ ਨਿਗਮ ਜ਼ੋਨ ਡੀ ਦਫਤਰ ਵਿਚ ਹਫੜਾ-ਦਫੜੀ ਮਚ ਗਈ। ਉਨ੍ਹਾਂ ਦੇ ਦਫਤਰ ਨੂੰ ਸੈਨੇਟਾਈਜ਼ ਕਰਵਾ ਕੇ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਸੰਪਰਕ ਵਿਚ ਆਏ ਸਟਾਫ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ।
ਜ਼ੋਨਲ ਕਮਿਸ਼ਨਰ ਤੋਂ ਇਲਾਵਾ ਅੱਜ ਆਈਆਂ ਰਿਪੋਰਟਾਂ ਵਿਚ 3 ਪੁਲਸ ਅਫਸਰ ਵੀ ਕੋਰੋਨਾ ਦੀ ਲਪੇਟ ਵਿਚ ਆਏ ਹਨ। ਇਨ੍ਹਾਂ ਵਿਚ ਪੁਲਸ ਸਟੇਸ਼ਨ ਮੋਤੀ ਨਗਰ ਵਿਚ ਪੋਸਟਡ 56 ਸਾਲਾ ਸਬ-ਇੰਸਪੈਕਟਰ, ਥਾਣਾ ਡਵੀਜ਼ਨ ਨੰ. 7 ਵਿਚ ਨਿਯੁਕਤ 53 ਸਾਲਾ ਏ. ਐੱਸ. ਆਈ. ਅਤੇ ਸੀ. ਆਈ. ਏ-1 ਵਿਚ ਨਿਯੁਕਤ 47 ਸਾਲਾ ਹੈੱਡ ਕਾਂਸਟੇਬਲ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਦੂਜੇ ਪਾਸੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ 40 ਵਿਅਕਤੀ ਵੀ ਕੋਰੋਨਾ ਦੀ ਲਪੇਟ ਵਿਚ ਆਏ, ਜਿਨ੍ਹਾਂ ਵਿਚ 4 ਗਰਭਵਤੀ ਔਰਤਾਂ ਵੀ ਸ਼ਾਮਲ ਹਨ, ਜਿਸ ਤੋਂ ਬਾਅਦ ਜ਼ਿਲੇ ਵਿਚ ਪਾਜ਼ੇਟਿਵ ਆਏ ਮਰੀਜ਼ਾਂ ਦੀ ਗਿਣਤੀ 1287 ਤੱਕ ਪੁੱਜ ਗਈ, ਜਦਕਿ ਤਿੰਨ ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।
ਦੂਜੇ ਜ਼ਿਲਿਆਂ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 241 ਹੋਈ
ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਜ਼ਿਲੇ ਦੇ ਹਸਪਤਾਲਾਂ ਵਿਚ ਦੂਜੇ ਸ਼ਹਿਰਾਂ ਜਾਂ ਸੂਬਿਆਂ ਤੋਂ ਆ ਕੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਛੀ 241 ਹੋ ਗਈ ਹੈ, ਜਦਕਿ ਇਨ੍ਹਾਂ ਵਿਚ 27 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ 871 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਅਤੇ 210 ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਗਿਆ।
ਪਾਜ਼ੇਟਿਵ ਆਏ ਸ਼ੱਕੀ ਮਰੀਜ਼ ਦੀ ਮੌਤ
ਸਿਵਲ ਹਸਪਤਾਲ ਵਿਚ ਭਰਤੀ ਰਾਏਕੋਟ ਦੇ ਪਿੰਡ ਅਕਾਲਗੜ੍ਹ ਦੇ ਰਹਿਣ ਵਾਲੇ ਇਕ ਸ਼ੱਕੀ ਮਰੀਜ਼ ਦੀ ਮੌਤ ਹੋ ਗਈ। 25 ਸਾਲਾ ਮਰੀਜ਼ ਸਿਵਲ ਹਸਪਤਾਲ ਦੀ ਟਰੂਨੈਟ ਮਸ਼ੀਨ ਵਿਚ ਕਰਵਾਈ ਗਈ ਜਾਂਚ ਵਿਚ ਪਾਜ਼ੇਟਿਵ ਸੀ। ਉਸ ਦਾ ਥ੍ਰੋਟ ਸਵੈਬ ਦਾ ਟੈਸਟ ਨਹੀਂ ਹੋਇਆ। ਇਸ ਕਾਰਨ ਇਸ ਮੌਤ ਨੂੰ ਵਿਭਾਗ ਵੱਲੋਂ ਸ਼ੱਕੀ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ।