ਢੀਂਡਸੇ ਦੇ ਰੱਥ ਨੂੰ ਰੋਕਣ ਲਈ ਅਕਾਲੀ ਸਾਹੋ-ਸਾਹ!

01/26/2020 9:03:18 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ-ਕੱਲ ਬਾਗੀ ਹੋਏ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦੇ ਸਪੁੱਤਰ ਪਰਮਿੰਦਰ ਢੀਂਡਸਾ ਦਾ ਸਿਆਸੀ ਡਰ ਐਨਾ ਸਤਾਉਣ ਲੱਗ ਪਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਢੀਂਡਸੇ ਦੇ ਸਿਆਸੀ ਰੱਥ ਨੂੰ ਰੋਕਣ ਲਈ ਮੁਕਾਬਲੇ ਵਿਚ ਅਕਾਲੀ ਦਲ ਦੀ ਫੌਜ ਉਤਾਰ ਦਿੱਤੀ ਹੈ।

ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਧੜੇ ਵਲੋਂ ਦਿੱਲੀ ਵਿਚ ਕੀਤੇ ਗਏ ਪੰਥਕ ਇਕੱਠ ਦਾ ਸਿੱਧਾ ਅਸਰ ਸ਼੍ਰੋਮਣੀ ਅਕਾਲੀ ਦਲ 'ਤੇ ਅਜਿਹਾ ਪਿਆ ਕਿ ਦਿੱਲੀ ਬੈਠੀ ਭਾਜਪਾ ਨੇ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿਚੋਂ ਬਾਹਰ ਕੱਢਣ ਵਰਗੇ ਹਾਲਾਤ ਬਣਾ ਕੇ ਘਿਓ 'ਚੋਂ ਵਾਲ ਵਾਂਗ ਕੱਢ ਦਿੱਤਾ। ਹੁਣ ਢੀਂਡਸਾ ਧੜੇ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਮੀਟਿੰਗਾਂ ਕਰਨ ਦੀ ਜੋ ਵਿਉਂਤਬੰਦੀ ਬਣਾਈ ਹੈ, ਉਸ ਦੀ ਸ਼ੁੱਕਰਵਾਰ ਨੂੰ ਲੁਧਿਆਣਾ ਵਿਚ ਸ਼ੁਰੂਆਤ ਹੋ ਗਈ ਤੇ ਸ਼ਨੀਵਾਰ ਨੂੰ ਮੋਗੇ ਵਿਚ ਢੀਂਡਸਾ ਨੇ ਬਾਦਲ ਨੂੰ ਰਗੜੇ ਲਾਏ ਅਤੇ ਹੁਣ ਇਹ ਢੀਂਡਸਾ ਧੜੇ ਦਾ ਕਾਫਲਾ ਹੋਰ ਅੱਗੇ ਵਧੇਗਾ, ਜਿਸ ਨੂੰ ਰੋਕਨ ਤੇ ਬਾਗੀ ਹੋ ਰਹੇ ਅਕਾਲੀਆਂ ਕੋਲ ਪਹੁੰਚ ਕੀਤੀ ਜਾਵੇਗੀ।

ਇਸ ਕੜੀ ਤਹਿਤ ਹੁਣ ਸ਼੍ਰੋਮਣ ਅਕਾਲੀ ਦਲ ਦੇ ਨੇਤਾਵਾਂ ਨੇ ਲੁਧਿਆਣਾ ਵਿਚ ਬਾਗੀ ਹੋਣ ਵਾਲੇ ਅਕਾਲੀ ਨੇਤਾਵਾਂ 'ਤੇ ਸੀਨੀਅਰ ਵਰਕਰਾਂ 'ਤੇ ਬਾਜ਼ ਦੀ ਅੱਖ ਰੱਖ ਕੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਨ ਲਈ ਸਿਆਸੀ ਦੌੜ ਲਾ ਦਿੱਤੀ ਹੈ, ਜਿਸ ਕਾਰਨ ਸਾਹੋ-ਸਾਹ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਆਪਣੇ ਮਿਸ਼ਨ ਵਿਚ ਸਫਲ ਹੁੰਦੇ ਹਨ ਜਾਂ ਨਹੀਂ ਪਰ ਢੀਂਡਸਾ ਨੇ ਸਾਫ ਕਰ ਦਿੱਤਾ ਹੈ ਕਿ ਸਮੁੱਚੇ ਪੰਜਾਬ ਦਾ ਅਕਾਲੀ ਦਲ ਬਾਦਲ ਖਿਲਾਫ ਹੈ, ਕੇਵਲ ਲਾਮਬੰਦ ਤੇ ਅੱਗੇ ਲੱਗਣ ਦੀ ਲੋੜ ਸੀ।

ਸਿਆਸੀ ਮਾਹਰ ਢੀਂਡਸਾ ਦੀਆਂ ਫੇਰੀਆਂ ਨੂੰ ਇਸ ਗੱਲ ਨਾਲ ਜੋੜ ਕੇ ਦੇਖ ਰਹੇ ਹਨ ਕਿ ਦਿੱਲੀ ਚੋਣਾਂ ਤੋਂ ਬਾਅਦ ਭਾਜਪਾ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਹੌਲੀ-ਹੌਲੀ ਦੂਰ ਹੋ ਜਾਣਗੇ। ਪੰਜਾਬ ਵਿਚ ਬਾਦਲ ਵਿਰੋਧੀ ਟਕਸਾਲੀ ਅਕਾਲੀ ਦਲ ਅਤੇ ਹੋਰਨਾਂ ਹਮਖਿਆਲੀਆਂ ਨਾਲ ਸਮਝੌਤਾ ਕਰ ਕੇ ਨਵਾਂ ਗਠਜੋੜ ਬਣਾ ਕੇ ਚੋਣ ਲੜਨਗੇ। ਇਸ ਨਾਲ ਉਨ੍ਹਾਂ ਦਾ ਅਲਾਪਿਆ ਰਾਗ ਕੀ ਅਸੀਂ ਅਕਾਲੀ ਦਲ ਤੋਂ 2022 ਵਿਚ ਵੱਖ ਹੋ ਕੇ ਚੋਣ ਲੜਾਂਗੇ, ਦੇ ਮਿਸ਼ਨ ਵਿਚ ਕਾਮਯਾਬ ਹੋ ਜਾਣਗੇ।


cherry

Content Editor

Related News