ਸੋਸ਼ਲ ਮੀਡੀਆ ''ਤੇ ਸਿੱਖ ਧਰਮ ਦੀ ਬੇਅਦਬੀ ਕਰਨ ਵਾਲੇ ਦੋ ਗ੍ਰਿਫਤਾਰ

Sunday, Jul 07, 2019 - 10:52 AM (IST)

ਸੋਸ਼ਲ ਮੀਡੀਆ ''ਤੇ ਸਿੱਖ ਧਰਮ ਦੀ ਬੇਅਦਬੀ ਕਰਨ ਵਾਲੇ ਦੋ ਗ੍ਰਿਫਤਾਰ

ਲੁਧਿਆਣਾ (ਰਿਸ਼ੀ, ਨਰਿੰਦਰ) : ਸੋਸ਼ਲ ਮੀਡੀਆ 'ਤੇ ਸਿੱਖ ਧਰਮ ਦੀ ਬੇਅਦਬੀ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ 'ਚ 12 ਦਿਨ ਗੁਜ਼ਰ ਜਾਣ 'ਤੇ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਵੱਲੋਂ 2 ਮੁਲਜ਼ਮਾਂ ਨੂੰ ਦਬੋਚਿਆ ਗਿਆ ਹੈ, ਜਿਨ੍ਹਾਂ ਨੂੰ ਐਤਵਾਰ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ। ਉਪਰੋਕਤ ਜਾਣਕਾਰੀ ਏ. ਸੀ. ਪੀ. ਸੈਂਟ੍ਰਲ ਵਰਿਆਮ ਸਿੰਘ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਸ਼ਦੀਪ (23) ਨਿਵਾਸੀ ਕੂਚਾ ਨੰ. 13 ਫੀਲਡਗੰਜ ਅਤੇ ਤਰਨਜੋਤ ਸਿੰਘ (23) ਨਿਵਾਸੀ ਸਤਜੋਤ ਨਗਰ, ਧਾਂਦਰਾਂ ਰੋਡ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਨੂੰ ਸੂਚਨਾ ਦੇ ਆਧਾਰ 'ਤੇ ਦਾਖਾ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ।

ਵਰਣਨਯੋਗ ਹੈ ਕਿ ਬੀਤੀ 22 ਜੂਨ ਨੂੰ ਤਨੁਜ ਮੋਗਾ ਨਿਵਾਸੀ ਸਿਟੀ ਐਨਕਲੇਵ, ਹੈਬੋਵਾਲ ਦੇ ਘਰ 'ਚ ਉਸ ਦਾ ਜਨਮ ਦਿਨ ਮਨਾਉਂਦੇ ਸਮੇਂ 10 ਦੋਸਤਾਂ ਵਲੋਂ ਸਿੱਖ ਧਰਮ ਦੀ ਬੇਅਦਬੀ ਕੀਤੀ ਗਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਬਾਬਾ ਬੁੱਢਾ ਦਲ ਅਤੇ ਦਮਦਮੀ ਟਕਸਾਲ ਵਲੋਂ ਪੁਲਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾ ਕੇ ਬੀਤੀ 25 ਜੂਨ ਨੂੰ ਜਗਰਾਓਂ ਪੁਲ 'ਤੇ ਧਰਨਾ ਲਾਇਆ ਗਿਆ ਸੀ। ਜਿਸ ਤੋਂ ਬਾਅਦ ਹਰਕਤ 'ਚ ਆਈ ਪੁਲਸ ਵੱਲੋਂ ਤੁਰੰਤ 10 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਵਿਖਾਵਾਕਾਰੀ ਗ੍ਰਿਫਤਾਰੀ ਦੀ ਮੰਗ 'ਤੇ ਅੜੇ ਰਹੇ ਸਨ ਅਤੇ ਪੁਲਸ ਨੂੰ 10 ਦਿਨਾਂ ਦਾ ਅਲਟੀਮੇਟਮ ਦੇ ਕੇ ਧਰਨਾ ਖਤਮ ਕੀਤਾ ਸੀ।


author

Baljeet Kaur

Content Editor

Related News