ਵਿਆਹ ਦਾ ਲਾਰਾ ਲਗਾ ਕੇ 2 ਬੱਚਿਆਂ ਦੀ ਮਾਂ ਨਾਲ ਕੀਤਾ ਜਬਰ-ਜ਼ਨਾਹ

Wednesday, Feb 13, 2019 - 10:38 AM (IST)

ਵਿਆਹ ਦਾ ਲਾਰਾ ਲਗਾ ਕੇ 2 ਬੱਚਿਆਂ ਦੀ ਮਾਂ ਨਾਲ ਕੀਤਾ ਜਬਰ-ਜ਼ਨਾਹ

ਲੁਧਿਆਣਾ (ਰਿਸ਼ੀ) : 2 ਬੱਚਿਆਂ ਦੀ ਮਾਂ ਨੂੰ ਵਿਆਹ ਕਰਵਾਉਣ ਦੇ ਸੁਪਨੇ ਦਿਖਾ ਕੇ ਨੌਜਵਾਨ ਨੇ ਪਹਿਲਾਂ ਦੋਸਤੀ ਕਰ ਲਈ ਅਤੇ ਫਿਰ 6 ਮਹੀਨਿਆਂ 'ਚ ਹੀ ਨਜ਼ਦੀਕੀਆਂ ਵਧਾ ਲਈਆਂ । 1 ਫਰਵਰੀ ਨੂੰ ਆਪਣੇ ਨਾਲ ਫਿਲਮ ਦੇਖਣ ਦੇ ਬਹਾਨੇ ਥੀਏਟਰ ਵਿਚ ਲੈ ਗਿਆ ਜਿਥੇ ਬੇਸੁੱਧ ਕਰ ਕੇ ਸਰੀਰਕ ਸਬੰਧ ਬਣਾਏ ਅਤੇ ਬਾਅਦ ਵਿਚ ਔਰਤ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਪੀੜਤਾ ਦੇ ਬਿਆਨ 'ਤੇ ਉਕਤ ਨੌਜਵਾਨ ਖਿਲਾਫ ਜਬਰ-ਜ਼ਨਾਹ ਤੇ ਧਮਕਾਉਣ ਦੇ ਦੋਸ਼ 'ਚ ਉਸ ਦੇ ਭਰਾ, ਮਾਂ, ਮਾਸੜ ਅਤੇ ਮਾਮਾ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਅਨੁਸਾਰ ਮੁਲਜ਼ਮ ਦੀ ਜੱਸੀਆਂ ਰੋਡ 'ਤੇ ਇਕ ਕਰਿਆਨੇ ਦੀ ਦੁਕਾਨ ਹੈ। 

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਲਗਭਗ 13 ਸਾਲ ਪਹਿਲਾਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਹੋਇਆ ਸੀ। ਉਸ ਦੇ 2 ਬੱਚੇ ਹਨ ਪਰ 11 ਸਾਲਾਂ ਤੋਂ ਆਪਣੇ ਮਾਪਿਆਂ ਘਰ ਰਹਿ ਰਹੀ ਹੈ। ਲਗਭਗ 6 ਮਹੀਨੇ ਪਹਿਲਾਂ ਇਕ ਸੰਸਥਾ ਜੋ ਕਿ ਹਸਪਤਾਲਾਂ ਦੇ ਬਾਹਰ ਲੰਗਰ ਲਾਉਂਦੀ ਹੈ, ਉਥੇ ਸੇਵਾ ਕਰਦੇ ਸਮੇਂ ਮੁਲਜ਼ਮ ਨਾਲ ਉਸ ਦੀ ਜਾਣ-ਪਛਾਣ ਹੋ ਗਈ। ਹੌਲੀ-ਹੌਲੀ ਜਾਣ ਪਛਾਣ ਵਧਦੀ ਗਈ ਅਤੇ ਨਜ਼ਦੀਕੀਆਂ ਵਧ ਗਈਆਂ, ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਵਿਆਹ ਕਰਵਾਉਣ ਦੇ ਸੁਪਨੇ ਦਿਖਾਏ। ਕਈ ਵਾਰ ਆਪਣੇ ਘਰ ਲਿਜਾ ਕੇ ਮਾਂ ਬਾਪ ਨਾਲ ਮਿਲਵਾਇਆ। 1 ਫਰਵਰੀ ਨੂੰ ਸਵੇਰੇ  9.30 ਵਜੇ ਸੰਸਥਾ 'ਚ ਸੇਵਾ ਕਰਨ ਤੋਂ ਬਾਅਦ ਮੁਲਜ਼ਮ ਨੇ ਇਕ ਥੀਏਟਰ ਵਿਚ ਫਿਲਮ ਦੇਖਣ ਦੇ ਬਹਾਨੇ ਬੁਲਾ ਲਿਆ ਅਤੇ ਪਾਣੀ 'ਚ ਕੁਝ ਨਸ਼ੇ ਵਾਲਾ ਪਦਾਰਥ ਮਿਲਾ ਦਿੱਤਾ ਜਿਸ ਤੋਂ ਬਾਅਦ ਬੇਸੁੱਧ ਹੋ ਗਈ। ਇਸੇ ਗੱਲ ਦਾ ਫਾਇਦਾ ਉਠਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਦ ਉਹ 3 ਘੰਟੇ ਬਾਅਦ ਥੀਏਟਰ ਤੋਂ ਬਾਹਰ ਆਈ ਤਾਂ ਇਸ ਬਾਰੇ  ਕਿਸੇ ਨੂੰ ਕੁਝ ਨਾ ਦੱਸਣ ਦੀ ਗੱਲ ਕਹੀ ਪਰ ਬਾਅਦ 'ਚ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਔਰਤ ਅਨੁਸਾਰ ਨੌਜਵਾਨ ਨੇ ਪਹਿਲਾਂ ਘਰ ਬੁਲਾਇਆ, ਜਿਥੇ ਪਹਿਲਾਂ ਹੀ ਉਸ ਦੇ ਪਰਿਵਾਰਕ ਮੈਂਬਰ ਬੈਠੇ ਸਨ, ਜਿਨ੍ਹਾਂ ਨੇ ਲੜਕੇ ਖਿਲਾਫ ਪੁਲਸ ਸ਼ਿਕਾਇਤ ਨਾ ਕਰਨ ਲਈ ਧਮਕਾਇਆ ਪਰ ਉਸ ਨੇ ਆ ਕੇ ਆਪਣੇ ਭਰਾ ਨੂੰ ਸਾਰੀ ਗੱਲ ਦੱਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਲਿਖਤ ਸ਼ਿਕਾਇਤ ਦਿੱਤੀ।


author

Baljeet Kaur

Content Editor

Related News