ਚੋਣਾਂ ''ਚ ਲਾਊਡ ਸਪੀਕਰਾਂ ਦੀ ਬੋਲਤੀ ਬੰਦ!

Sunday, May 12, 2019 - 09:13 AM (IST)

ਚੋਣਾਂ ''ਚ ਲਾਊਡ ਸਪੀਕਰਾਂ ਦੀ ਬੋਲਤੀ ਬੰਦ!

ਲੁਧਿਆਣਾ (ਜ.ਬ.) : ਉਹ ਵੀ ਸਮਾਂ ਸੀ ਜਦੋਂ ਚੋਣਾਂ ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ ਦਾ ਪ੍ਰਚਾਰ ਕਰਨ ਲਈ ਰਿਕਸ਼ਾ, ਥ੍ਰੀ ਵ੍ਹੀਲਰ, ਕਾਰ, ਜੀਪ ਅਤੇ ਹੋਰਨਾਂ ਸਾਧਨਾਂ ਰਾਹੀਂ ਲਾਊਡ ਸਪੀਕਰ ਬੰਨ੍ਹ ਕੇ ਪਿੰਡਾਂ ਤੇ ਸ਼ਹਿਰ ਵਿਚ ਚੋਣਾਂ ਦੀ ਮੁਨਿਆਦੀ ਕੀਤੀ ਜਾਂਦੀ ਸੀ। ਇੱਥੋਂ ਤੱਕ ਕਿ ਆਪੋ ਆਪਣੇ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕਰਨ ਲਈ ਵੋਟਰਾਂ 'ਚ ਇੰਨਾ ਉਤਸ਼ਾਹ ਅਤੇ ਜੋਸ਼ ਹੁੰਦਾ ਸੀ ਕਿ ਉਹ ਮਾਇਕ 'ਤੇ ਬੋਲਣ ਦੀ ਜ਼ਿੱਦ ਕਰਦੇ ਸਨ। ਕਈ ਵਾਰ ਲੜ ਵੀ ਪੈਂਦੇ ਸਨ ਪਰ ਸਮਾਂ ਬਹੁਤ ਬਦਲ ਗਿਆ ਹੈ। ਕਿਧਰੇ ਕਿਸੇ ਵੀ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕਰਨ ਲਈ ਕੋਈ ਵੀ ਲਾਊਡ ਸਪੀਕਰ ਵਾਹਨ ਨਜ਼ਰ ਨਹੀਂ ਆਉਂਦਾ, ਜਦੋਂਕਿ ਮਾਡਰਨ ਜ਼ਮਾਨਾ ਹੋਣ ਕਰ ਕੇ ਇਸ ਵਾਰ ਉਮੀਦਵਾਰਾਂ ਨੇ ਆਪੋ ਆਪਣੀ ਪਾਰਟੀ ਦੇ ਕੀਤੇ ਕੰਮਾਂ ਦੀ ਐੱਲ. ਸੀ. ਡੀ. ਬਣਾ ਕੇ ਚੌਕਾਂ ਵਿਚ ਸਕਰੀਨ ਲਾ ਕੇ ਵੋਟਰਾਂ ਨੂੰ ਦਿਖਾਈ ਜਾ ਰਹੀ ਹੈ, ਜਦੋਂਕਿ ਇਨ੍ਹਾਂ ਚੋਣਾਂ 'ਚ ਜੇਕਰ ਇਹ ਆਖ ਲਿਆ ਜਾਵੇ ਕਿ ਲਾਊਡ ਸਪੀਕਰਾਂ ਦੀ ਬੋਲਤੀ ਬੰਦ ਹੋ ਗਈ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਜਿੱਥੇ ਲੋਕਾਂ ਨੂੰ ਕੰਨ ਪਾੜਵੀਂ ਆਵਾਜ਼ ਤੋਂ ਰਾਹਤ ਮਿਲੀ ਹੈ, ਉੱਥੇ ਦੂਜੇ ਪਾਸੇ ਇਸ ਖਿੱਤੇ ਨਾਲ ਜੁੜੇ ਛੋਟੇ ਵਾਹਨਾਂ ਦੇ ਚਾਲਕਾਂ ਲਾਊਡ ਸਪੀਕਰਾਂ ਵਾਲਿਆਂ ਅਤੇ ਮੁਨਿਆਦੀ ਕਰਨ ਵਾਲਿਆਂ ਦੇ ਰੋਜ਼ਗਾਰ ਨੂੰ ਵੀ ਵੱਡੀ ਸੱਟ ਵੱਜੀ ਮੰਨੀ ਜਾ ਰਹੀ ਹੈ।


author

Baljeet Kaur

Content Editor

Related News