ਗੰਭੀਰ ਬਣੇ ਹਾਲਾਤ ਨੂੰ ਦੇਖਦੇ ਹੋਏ ਲੁਧਿਆਣਾ ਡੀ. ਸੀ. ਨੇ ਫੌਜ ਤੋਂ ਮੰਗੀ ਮਦਦ
Wednesday, Sep 24, 2025 - 02:30 PM (IST)

ਸਾਹਨੇਵਾਲ/ਕੁਹਾੜਾ (ਜਗਰੂਪ) : ਪਿੰਡ ਸਸਰਾਲੀ ’ਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਉਪਰ ਲਗਾਤਾਰ ਬਣੇ ਹੋਏ ਬੰਨ੍ਹ ਟੁੱਟਣ ਦੇ ਖ਼ਤਰੇ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਫੌਜ ਦੀ ਮਦਦ ਮੰਗੀ ਗਈ ਹੈ। ਬੀਤੇ ਲਗਭਗ 20-22 ਦਿਨਾਂ ਤੋਂ ਲਗਾਤਾਰ ਡਰ ਅਤੇ ਚਿੰਤਾਂ ਦੇ ਸਾਏ ਹੇਠ ਦਿਨ ਕੱਢ ਰਹੇ ਸਸਰਾਲੀ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਵਲੋਂ ਲਗਾਤਾਰ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਸਤਲੁਜ ਦਰਿਆ ਦੇ ਪਾਣੀ ਵਲੋਂ ਰਾਸਤਾ ਬਦਲਣ ਦੇ ਚੱਲਦੇ ਧੁੱਸੀ ਬੰਨ੍ਹ ਦੇ ਕਿਨਾਰਿਆਂ ਨੂੰ ਲੱਗ ਰਹੇ ਖੋਰੇ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵਲੋਂ ਦਿੱਤੇ ਗਏ ਹੁਕਮਾਂ ਤੋਂ ਬਾਅਦ ਐੱਸ.ਡੀ.ਐੱਮ. ਜਸਲੀਨ ਕੌਰ ਭੁੱਲਰ ਵਲੋਂ ਫੌਜ ਨੂੰ ਪੱਤਰ ਲਿਖ ਕੇ ਮਦਦ ਮੰਗੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਖ਼ੁਸ਼ਖਬਰੀ, ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ
ਦੱਸਣਯੋਗ ਹੈ ਕਿ ਭਾਖੜਾ ਨੰਗਲ ਡੈਮ ਤੋਂ ਛੱਡੇ ਗਏ ਪਾਣੀ ਦੇ ਚੱਲਦੇ ਸਤਲੁਜ ਦਰਿਆ ’ਚ ਵਧੇ ਪਾਣੀ ਦੇ ਪੱਧਰ ਕਾਰਨ ਪਿੰਡ ਸਸਰਾਲੀ ਅਤੇ ਆਸਪਾਸ ਦੇ ਪਿੰਡਾਂ ਦੀ ਲਗਭਗ 350 ਤੋਂ 400 ਏਕੜ ਫਸਲ ਪੂਰੀ ਤਰ੍ਹਾ ਬਰਬਾਦ ਹੋ ਗਈ। ਸਸਰਾਲੀ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਐੱਨ.ਡੀ.ਆਰ.ਐੱਫ. ਅਤੇ ਫੌਜ ਦੀਆਂ ਟੀਮਾਂ ਦੀ ਮਦਦ ਨਾਲ ਬੰਨ੍ਹ ਦੇ ਕੁਝ ਹਿੱਸੇ ਨੂੰ ਪੱਕਾ ਕਰਕੇ ਹੜ੍ਹਾ ਦੇ ਖ਼ਤਰੇ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਹੈ ਪਰ ਹੁਣ ਮੁੜ ਤੋਂ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਕਿਨਾਰਿਆਂ ਨੂੰ ਹੋ ਰਹੇ ਨੁਕਸਾਨ ਕਾਰਨ ਲੋਕਾਂ ਦੀਆਂ ਚਿੰਤਾਵਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, 'ਆਪ' ਨੇ ਇਸ ਆਗੂ ਨੂੰ ਪਾਰਟੀ 'ਚੋਂ ਕੀਤਾ ਮੁਅੱਤਲ
ਦੱਸਣਯੋਗ ਹੈ ਕਿ ਬੀਤੇ ਦਿਨੀਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਬੋਪਾਰਾਏ ਨੇ ਸਸਰਾਲੀ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਸੀ ਅਤੇ ਮੌਕੇ ’ਤੇ ਹੀ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨਾਲ ਗੱਲ ਕਰਕੇ ਮੁੱਢਲੀ ਰਾਹਤ ਮੁਹੱਈਆ ਕਰਵਾਈ ਸੀ। ਡਿਪਟੀ ਕਮਿਸ਼ਨਰ ਨੇ ਸਸਰਾਲੀ ਦੇ ਧੁੱਸੀ ਬੰਨ੍ਹ ਦੇ ਨਾਜ਼ੁਕ ਬਣੇ ਹੋਏ ਹਾਲਾਤ ਨੂੰ ਦੇਖਦੇ ਹੋਏ ਐੱਸ.ਡੀ.ਐਮ. ਜਸਲੀਨ ਕੌਰ ਭੁੱਲਰ ਰਾਹੀਂ ਫੌਜ ਨੂੰ ਪੱਤਰ ਲਿਖ ਕੇ ਤਕਨੀਕੀ ਮਾਹਿਰਾਂ ਦੀ ਸਹਾਇਤਾ ਵਾਸਤੇ ਮੰਗ ਰੱਖੀ ਹੈ। ਜਿਸ ਨਾਲ ਕਿ ਕਿਸਾਨਾਂ ਦੀ ਜ਼ਮੀਨ ਦੇ ਲਗਾਤਾਰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਪ੍ਰਵਾਸੀ ਮਜ਼ਦੂਰਾਂ ਲਈ ਜਾਰੀ ਹੋ ਗਿਆ ਨਵਾਂ ਫ਼ਰਮਾਨ, ਦਿੱਤਾ ਗਿਆ 15 ਅਕਤੂਬਰ ਤੱਕ ਦਾ ਸਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e