3 ਮਿੰਟ ‘ਚ ਏ.ਟੀ.ਐਮ. ਉਖਾੜ ਕੇ ਲੈ ਜਾਣ ਵਾਲੇ 3 ਮੈਂਬਰਾਂ ਗ੍ਰਿਫਤਾਰ

Thursday, Nov 14, 2019 - 10:38 AM (IST)

3 ਮਿੰਟ ‘ਚ ਏ.ਟੀ.ਐਮ. ਉਖਾੜ ਕੇ ਲੈ ਜਾਣ ਵਾਲੇ 3 ਮੈਂਬਰਾਂ ਗ੍ਰਿਫਤਾਰ

ਲੁਧਿਆਣਾ ( ਨਰਿੰਦਰ, ਰਿਸ਼ੀ ) - ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੇ ਕੁਝ ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਮਿਲ ਜਗਰਾਓਂ ਦੇ ਥਾਣਾ ਸੁਧਾਰ ਦੇ ਪਿੰਡ ਪੱਖੋਵਾਲ 'ਚੋਂ ਐੱਸ. ਬੀ. ਆਈ. ਦਾ ਏ. ਟੀ. ਐੱਮ. ਪੁੱਟਿਆ ਸੀ। ਪੁਲਸ ਨੇ 11 ਦਿਨਾਂ ਦੇ ਅੰਦਰ ਲੁੱਟ-ਖੋਹ ਕਰਨ ਵਾਲੇ ਇਸ ਗੈਂਗ ਦੇ ਤਿੰਨ ਮੈਂਬਰਾਂ ਨੂੰ ਦਬੋਚ ਲਿਆ ਹੈ, ਜਦਕਿ 23 ਲੱਖ ਦੀ ਨਕਦੀ ਬਰਾਮਦ ਨਹੀਂ ਹੋ ਸਕੀ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨ ਰਾਕੇਸ਼ ਅਗਰਵਾਲ, ਡੀ. ਸੀ. ਪੀ. ਕ੍ਰਾਈਮ ਸਿਮਰਤਪਾਲ ਸਿੰਘ, ਏ. ਡੀ. ਸੀ. ਪੀ. ਕ੍ਰਾਈਮ ਓਮ ਪ੍ਰਕਾਸ਼, ਏ. ਡੀ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ, ਏ. ਸੀ. ਪੀ. ਸਮੀਰ ਵਰਮਾ ਨੇ ਬੁੱਧਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ।

ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਗੈਂਗ ਦੇ 3 ਮੈਂਬਰਾਂ ਨੂੰ ਸੂਚਨਾ ਦੇ ਆਧਾਰ 'ਤੇ ਪ੍ਰਤਾਪ ਸਿੰਘ ਵਾਲਾ ਤੋਂ ਉਦੋਂ ਦਬੋਚਿਆ ਜਦੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਸਨ, ਜਦੋਂਕਿ 6 ਮੈਂਬਰ ਫਰਾਰ ਹਨ। ਪੁਲਸ ਮੁਤਾਬਕ ਮਾਸਟਰ ਮਾਈਂਡ ਮੋਨੀ ਅਕਤੂਬਰ ਮਹੀਨੇ 'ਚ ਜ਼ਮਾਨਤ 'ਤੇ ਬਾਹਰ ਆਇਆ ਸੀ, ਜਿਸ ਦੌਰਾਨ ਉਸ ਨੇ ਫਿਰ ਅਮੀਰ ਬਣਨ ਦੀ ਯੋਜਨਾ ਬਣਾਈ। ਇਸ ਕਾਰਨ ਉਸ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਇਕੱਠਾ ਕੀਤਾ ਅਤੇ ਕੁਝ ਨਵੇਂ ਸਾਥੀ ਜੋੜੇ। ਇਸ ਗੈਂਗ ਨੇ ਪਹਿਲਾਂ 22 ਅਕਤੂਬਰ ਨੂੰ ਐਕਸਿਸ ਬੈਂਕ ਦਾ ਏ. ਟੀ. ਐੱਮ. ਲੁੱਟਣ ਤੇ ਫਿਰ 29 ਅਕਤੂਬਰ ਨੂੰ ਬੈਂਕ ਆਫ ਇੰਡੀਆ ਦਾ ਏ. ਟੀ. ਐੱਮ. ਲੁੱਟਣ ਦਾ ਯਤਨ ਕੀਤਾ। ਦੋਵੇਂ ਏ. ਟੀ. ਐੱਮ. ਪੁਲਸ ਸਟੇਸ਼ਨ ਪੀ. ਏ. ਯੂ. ਦੇ ਇਲਾਕੇ 'ਚ ਪੈਂਦੇ ਹਨ ਪਰ ਦੋਵੇਂ ਵਾਰਦਾਤਾਂ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ, ਜਿਸ ਤੋਂ ਬਾਅਦ ਇਨ੍ਹਾਂ ਨੇ ਜਗਰਾਓਂ ਵਿਚ ਜਾ ਕੇ ਵਾਰਦਾਤ ਕੀਤੀ। ਪਹਿਲਾਂ ਏ. ਟੀ. ਐੱਮ. ਦਾ ਸ਼ਟਰ ਕੱਟਿਆ, ਫਿਰ ਏ. ਟੀ. ਐੱਮ. ਮਸ਼ੀਨ ਪੁੱਟ ਕੇ ਲੈ ਗਏ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ 3 ਦਿਨ ਦੇ ਰਿਮਾਂਡ 'ਤੇ ਬਾਰੀਕੀ ਨਾਲ ਪੁੱਛÎਗਿੱਛ ਕਰ ਰਹੀ ਹੈ। ਪੁਲਸ ਦੇ ਮੁਤਾਬਕ ਦੋਸ਼ੀ ਦਿਨ ਦੇ ਸਮੇਂ ਅਜਿਹੇ ਏ. ਟੀ. ਐੱਮ. ਬੂਥ ਲੱਭਦੇ ਸਨ ਜਿੱਥੇ ਕੁਝ ਸਮਾਂ ਪਹਿਲਾਂ ਹੀ ਬੈਂਕ ਵੱਲੋਂ ਪੈਸੇ ਭਰੇ ਹੋਣ ਅਤੇ ਰਾਤ ਹੋਣ 'ਤੇ ਵਾਰਦਾਤ ਕਰਦੇ ਸਨ।


author

rajwinder kaur

Content Editor

Related News