LPU ਦੀ ਵਿਦਿਆਰਥਣ ਨੂੰ ਮਾਈਕ੍ਰੋਸਾਫਟ ਨੇ ਦਿੱਤੀ ਵੱਡੀ ਜੌਬ ਆਫਰ

Monday, Oct 21, 2019 - 09:22 AM (IST)

LPU ਦੀ ਵਿਦਿਆਰਥਣ ਨੂੰ ਮਾਈਕ੍ਰੋਸਾਫਟ ਨੇ ਦਿੱਤੀ ਵੱਡੀ ਜੌਬ ਆਫਰ

ਜਲੰਧਰ (ਦਰਸ਼ਨ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) 'ਚ ਬੀ. ਟੈੱਕ. ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਫਾਈਨਲ ਸਾਲ ਦੀ ਵਿਦਿਆਰਥਣ ਤਾਨੀਆ ਅਰੋੜਾ ਨੂੰ ਮਾਈਕ੍ਰੋਸਾਫਟ ਨੇ 42 ਲੱਖ ਰੁਪਏ ਦੀ ਜੌਬ ਆਫਰ ਕੀਤੀ ਹੈ। ਇਹ ਸਾਲ 2019 'ਚ ਇਕ ਇੰਜੀਨੀਅਰਿੰਗ ਫ੍ਰੈਸ਼ਰ ਵਲੋਂ ਪ੍ਰਾਪਤ ਉੱਚਤਮ ਪੇਸ਼ਕਸ਼ ਹੈ। ਤਾਨੀਆ ਨੂੰ ਮਾਈਕ੍ਰੋਸਾਫਟ ਦੇ ਇੰਡੀਆ ਆਰ. ਐਂਡ ਡੀ. ਸੈਂਟਰ ਹੈਦਰਾਬਾਦ 'ਚ ਸਾਫਟਵੇਅਰ ਇੰਜੀਨੀਅਰ ਦੀ ਜੌਬ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਮੌਕੇ ਤਾਨੀਆ ਨੇ ਕਿਹਾ ਕਿ ਮੈਂ ਮਾਈਕ੍ਰੋਸਾਫਟ ਨਾਲ ਕੰਮ ਕਰਨ ਦਾ ਮੌਕਾ ਪ੍ਰਾਪਤ ਕਰਨ 'ਤੇ ਬਹੁਤ ਉਤਸ਼ਾਹਿਤ ਹਾਂ। ਮੈਂ ਕੰਪਨੀ 'ਚ ਇੰਟਰਨਸ਼ਿਪ ਕੀਤੀ ਅਤੇ ਇਹ ਮੇਰਾ ਚੰਗਾ ਅਨੁਭਵ ਰਿਹਾ। ਹੁਣ ਮੇਰੇ ਲਈ ਮਾਈਕ੍ਰੋਸਾਫਟ ਟੀਮ ਮੈਂਬਰ ਦੇ ਰੂਪ 'ਚ ਚੁਣਿਆ ਜਾਣਾ ਅਸਲ 'ਚ ਇਕ ਵੱਡੇ ਸੁਪਨੇ ਦੇ ਸੱਚ ਹੋਣ ਵਾਂਗ ਹੈ।

ਐੱਲ. ਪੀ. ਯੂ. 'ਚ ਆਪਣੇ ਜੀਵਨ ਬਾਰੇ ਤਜਰਬਾ ਸਾਂਝਾ ਕਰਦਿਆਂ ਤਾਨੀਆ ਨੇ ਕਿਹਾ ਕਿ ਸਫਲਤਾ ਦੀ ਯਾਤਰਾ 'ਚ ਮੈਨੂੰ ਬਹੁਤ ਫਾਇਦਾ ਮਿਲਿਆ ਹੈ। ਮੈਂ ਆਪਣੇ ਅਲਮਾ ਮੇਟਰ ਐੱਲ. ਪੀ. ਯੂ. ਦੀ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਕਰੀਅਰ ਕੇਂਦਰਿਤ ਪੜ੍ਹਾਈ ਦਾ ਮਾਹੌਲ ਪ੍ਰਦਾਨ ਕੀਤਾ। ਤਾਨੀਆ ਨੂੰ ਵਧਾਈ ਦਿੰਦਿਆਂ ਐੱਲ. ਪੀ. ਯੂ. ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਸਾਨੂੰ ਇਸ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਅਨੁਸਾਰ ਉੱਚ ਅਹੁਦੇ ਤੱਕ ਪਹੁੰਚਣ ਦੇ ਯੋਗ ਬਣਾਉਂਦੇ ਹਾਂ। ਮੈਨੂੰ ਉਮੀਦ ਹੈ ਕਿ ਐੱਲ. ਪੀ. ਯੂ. ਦੇ ਹੋਰ ਵਿਦਿਆਰਥੀ ਵੀ ਤਾਨੀਆ ਵਾਂਗ ਹੀ ਸਫਲਤਾ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਐੱਲ. ਪੀ. ਯੂ. ਦਾ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇਸ਼ ਦੇ ਸਰਵੋਤਮ ਸਕੂਲਾਂ 'ਚੋਂ ਇਕ ਹੈ। ਪਿਛਲੇ 3 ਸਾਲਾਂ 'ਚ ਐੱਲ. ਪੀ. ਯੂ. ਦੇ ਇਸ ਸਕੂਲ ਨੇ ਉੱਤਰ ਭਾਰਤ 'ਚ ਸਭ ਤੋਂ ਵੱਧ ਪਲੇਸਮੈਂਟ ਦਾ ਰਿਕਾਰਡ ਸਥਾਪਿਤ ਕੀਤਾ ਹੈ।


author

rajwinder kaur

Content Editor

Related News