ਰਾਣੀ ਦੀਆਂ ਅੱਖਾਂ ''ਚ ਸੂਆ ਮਾਰਨ ਵਾਲਾ ਪ੍ਰੇਮੀ ਗ੍ਰਿਫਤਾਰ

07/05/2019 10:12:50 AM

ਜਲੰਧਰ (ਕਮਲੇਸ਼)— ਹੈਵਾਨੀਅਤ ਵਿਚ ਆਪਣੀ ਪ੍ਰੇਮਿਕਾ ਦੀਆਂ ਅੱਖਾਂ ਵਿਚ ਬਰਫ ਦਾ ਸੂਆ ਮਾਰਨ ਵਾਲੇ ਪ੍ਰੇਮੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਐੈੱਸ. ਐੱਚ. ਓ. ਮੇਜਰ ਸਿੰਘ ਨੇ ਦੱਸਿਆ ਕਿ 13 ਜੂਨ ਨੂੰ ਰਾਣੀ ਪ੍ਰੇਮੀ ਵਿਜੇ ਨਾਲ ਵਿਵਾਦ ਤੋਂ ਬਾਅਦ ਆਪਣੇ ਚਚੇਰੇ ਭਰਾ-ਭਾਬੀ ਦੇ ਘਰ ਜਲੰਧਰ ਆਈ ਹੋਈ ਸੀ, ਜਿਥੇ ਵਿਜੇ ਵੀ ਆ ਪਹੁੰਚਿਆ, ਜਿਸ ਤੋਂ ਬਾਅਦ ਵਿਜੇ ਤੇ ਰਾਣੀ ਦੇ ਚਚੇਰੇ ਭਰਾ ਸ਼ੰਕਰ ਤੇ ਭਾਬੀ ਗੀਤਾ ਨੇ ਮਿਲ ਕੇ ਰਾਣੀ 'ਤੇ ਹਮਲਾ ਬੋਲ ਦਿੱਤਾ। ਵਿਜੇ ਨੇ ਰਾਣੀ ਦੀਆਂ ਅੱਖਾਂ ਵਿਚ ਬਰਫ ਤੋੜਣ ਵਾਲੇ ਸੂਏ ਨਾਲ ਕਈ ਵਾਰ ਕੀਤੇ, ਜਿਸ ਤੋਂ ਬਾਅਦ ਰਾਣੀ ਬੇਹੋਸ਼ ਹੋ ਗਈ।
ਪੁਲਸ ਨੂੰ ਰਾਣੀ ਲੈਦਰ ਕੰਪਲੈਕਸ ਦੇ ਕੋਲੋਂ ਮਿਲੀ, ਜਿਥੇ ਉਹ ਲਹੂ-ਲੁਹਾਣ ਹਾਲਤ ਵਿਚ ਪਈ ਸੀ। ਪੁਲਸ ਰਾਣੀ ਨੂੰ ਸਿਵਲ ਹਸਪਤਾਲ ਲੈ ਗਈ ਸੀ, ਜਿਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਰਾਣੀ ਦੇ ਬਿਆਨਾਂ 'ਤੇ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਗੀਤਾ ਤੇ ਸ਼ੰਕਰ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ, ਜਦੋਂਕਿ ਮਾਮਲੇ ਵਿਚ ਵਿਜੇ ਫਰਾਰ ਚੱਲ ਰਿਹਾ ਸੀ। ਐੈੱਸ. ਐੈੱਚ. ਓ. ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਵਿਜੇ ਬਸਤੀ ਬਾਵਾ ਖੇਲ ਨਹਿਰ ਪੁਲ ਕੋਲ ਦੇਖਿਆ ਗਿਆ ਹੈ, ਜਿਸ 'ਤੇ ਪੁਲਸ ਨੇ ਤੁਰੰਤ ਐਕਸ਼ਨ ਲੈ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

ਅਜੇ ਵੀ ਜ਼ੇਰੇ ਇਲਾਜ ਹੈ ਰਾਣੀ
ਰਾਣੀ ਅਜੇ ਵੀ ਜ਼ੇਰੇ ਇਲਾਜ ਹੈ। ਸੂਏ ਨਾਲ ਕੀਤੇ ਗਏ ਕਈ ਵਾਰਾਂ ਨਾਲ ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਰਾਣੀ ਪਹਿਲਾਂ ਹੀ ਵਿਆਹੀ ਹੋਈ ਹੈ ਤੇ ਉਸ ਦੇ 2 ਬੱਚੇ ਵੀ ਸਨ ਪਰ ਉਹ ਉਨ੍ਹਾਂ ਨੂੰ ਛੱਡ ਕੇ ਆਪਣੇ ਪ੍ਰੇਮੀ ਦੇ ਨਾਲ ਰਹਿਣ ਲੱਗੀ ਸੀ। ਹੁਣ ਜਦੋਂ ਰਾਣੀ ਆਪਣੀਆਂ ਅੱਖਾਂ ਨਾਲ ਦੁਨੀਆ ਨਹੀਂ ਦੇਖ ਸਕਦੀ ਤਾਂ ਉਸ ਦੇ ਬੱਚੇ ਉਸ ਦਾ ਸਹਾਰਾ ਬਣੇ ਹੋਏ ਹਨ, ਜਿਨ੍ਹਾਂ ਨੂੰ ਵਿਜੇ ਦੇ ਕਾਰਨ ਉਹ ਇਕੱਲਾ ਛੱਡ ਗਈ ਸੀ।


Shyna

Content Editor

Related News