ਹੁਸ਼ਿਆਰਪੁਰ ''ਚ ਵੱਡੀ ਵਾਰਦਾਤ, ਪ੍ਰੇਮੀ ਵਲੋਂ ਬੇਰਿਮਹੀ ਨਾਲ ਪ੍ਰੇਮਿਕਾ ਦਾ ਕਤਲ (ਤਸਵੀਰਾਂ)

03/16/2018 6:56:29 PM

ਚੱਬੇਵਾਲ (ਗੁਰਮੀਤ, ਅਮਰਿੰਦਰ) : ਬੀਤੀ ਰਾਤ ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਸਿੰਘਪੁਰ ਵਿਚ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ। ਥਾਣਾ ਚੱਬੇਵਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪ੍ਰੇਮੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਿੰਦਰ ਕੌਰ (35) ਵਾਸੀ ਜਗਤਪੁਰ ਥਾਣਾ ਬਲਾਚੌਰ ਦਾ ਵਿਆਹ 18 ਕੁ ਸਾਲ ਪਹਿਲਾਂ ਸੁਖ਼ਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਸਿੰਘਪੁਰ ਥਾਣਾ ਚੱਬੇਵਾਲ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਦੇ ਦੋ ਲੜਕੇ ਅਤੇ ਇਕ ਲੜਕੀ ਨੇ ਜਨਮ ਲਿਆ।
PunjabKesari
ਮ੍ਰਿਤਕਾ ਸਤਿੰਦਰ ਕੌਰ ਦੇ ਵਿਆਹ ਤੋਂ ਬਾਅਦ ਪਿੰਡ ਸਿੰਘਪੁਰ ਦੇ ਹੀ ਲਖ਼ਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਨਾਲ ਪ੍ਰੇਮ ਸਬੰਧ ਬਣ ਗਏ ਜਿਸ ਕਾਰਨ ਮ੍ਰਿਤਕਾ ਦੇ ਘਰ ਵਿਚ ਲੜਾਈ ਝਗੜਾ ਰਹਿਣ ਲੱਗ ਪਿਆ, ਜਿਸ ਕਾਰਨ ਢਾਈ ਕੁ ਸਾਲ ਪਹਿਲਾਂ ਪਿੰਡ ਦੀ ਪੰਚਾਇਤ ਵਿਚ ਸਤਿੰਦਰ ਕੌਰ ਤੇ ਸੁਖਵਿੰਦਰ ਸਿੰਘ ਨੇ ਵੱਖ-ਵੱਖ ਰਹਿਣ ਦਾ ਫੈਸਲਾ ਕਰ ਲਿਆ ਅਤੇ ਤਿੰਨ ਬੱਚਿਆਂ ਨੂੰ ਵੀ ਆਪਸ ਵਿਚ ਵੰਡ ਲਿਆ ਗਿਆ। ਜਿਨ੍ਹਾਂ ਵਿਚ ਵੱਡੇ ਲੜਕੇ-ਲੜਕੀ ਨੂੰ ਸੁਖਵਿੰਦਰ ਸਿੰਘ ਨੇ ਆਪਣੇ ਕੋਲ ਰੱਖ ਲਿਆ ਅਤੇ ਛੋਟੇ ਲੜਕੇ ਨੂੰ ਸਤਿੰਦਰ ਕੌਰ ਨੇ ਆਪਣੇ ਕੋਲ ਰੱਖ ਲਿਆ। ਸੁਖ਼ਵਿੰਦਰ ਸਿੰਘ ਦਾ ਪੰਚਾਇਤ ਨੇ ਤਲਾਕ ਕਰਵਾ ਦਿੱਤਾ ਅਤੇ ਪ੍ਰੇਮੀ-ਪ੍ਰੇਮਿਕਾ ਨੂੰ ਹਦਾਇਤ ਕੀਤੀ ਕਿ ਉਹ ਪਿੰਡ ਤੋਂ ਬਾਹਰ ਹੀ ਰਹਿਣਗੇ ਪਰ ਪੰਚਾਇਤੀ ਫੈਸਲੇ ਦੇ ਉਲਟ ਦੋਵੇਂ ਕੁਝ ਸਮੇਂ ਤੋਂ ਪਿੰਡ 'ਚ ਹੀ ਰਹਿ ਰਹੇ ਸਨ।
PunjabKesari
ਮੌਕੇ 'ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਅਕਸਰ ਦੋਹਾਂ ਦਾ ਝਗੜਾ ਹੁੰਦਾ-ਰਹਿੰਦਾ ਸੀ ਅਤੇ ਕੁੱਟਮਾਰ ਤੇ ਗਾਲੀ-ਗਲੋਚ ਆਮ ਗੱਲ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵੀ ਲਖ਼ਵਿੰਦਰ ਸਿੰਘ ਦੇ ਘਰ ਪਹਿਲਾਂ ਲੜਾਈ ਹੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਸ ਤੋਂ ਬਾਅਦ ਦੇਰ ਰਾਤ ਤੱਕ ਲਖਵਿੰਦਰ ਸਤਿੰਦਰ ਦੀ ਘਰ ਵਿਚ ਕੁੱਟਮਾਰ ਕਰਦਾ ਰਿਹਾ ਤੇ ਮ੍ਰਿਤਕਾ ਦੀਆਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਅੱਜ ਸਵੇਰੇ ਲਖਵਿੰਦਰ ਸਿੰਘ ਨੇ ਆਂਢ ਗੁਆਂਢ ਵਿਚ ਦੱਸਿਆ ਕਿ ਉਸ ਦੀ ਪ੍ਰੇਮਿਕਾ ਸਤਿੰਦਰ ਕੌਰ ਦੀ ਮੌਤ ਹੋ ਗਈ ਹੈ ਅਤੇ ਸਥਾਨਕ ਲੋਕਾਂ ਨੇ ਥਾਣਾ ਚੱਬੇਵਾਲ ਪੁਲਸ ਨੂੰ ਸੂਚਿਤ ਕੀਤਾ।
PunjabKesari
ਮੌਕੇ 'ਤੇ ਪਹੁੰਚੇ ਥਾਣਾ ਮੁੱਖ਼ੀ ਚੱਬੇਵਾਲ ਬਲਵਿੰਦਰ ਸਿੰਘ ਤੇ ਪੁਲਸ ਪਾਰਟੀ ਨੇ ਮ੍ਰਿਤਕਾ ਦੇ ਪ੍ਰੇਮੀ ਲਖਵਿੰਦਰ ਸਿੰਘ ਨੂੰ ਕਾਬੂ ਕਰਕੇ ਪੁੱਛ- ਗਿੱਛ ਕੀਤੀ ਤਾਂ ਉਸ ਨੇ ਮੌਕੇ 'ਤੇ ਹੀ ਮੰਨ ਲਿਆ ਕਿ ਉਸ ਨੇ ਹੀ ਆਪਣੀ ਪ੍ਰੇਮਿਕਾ ਦਾ ਕਤਲ ਕੀਤਾ ਹੈ। ਥਾਣਾ ਚੱਬੇਵਾਲ ਦੀ ਪੁਲਸ ਨੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News