ਮਾਨਸਾ ’ਚ ਵੱਡੀ ਵਾਰਦਾਤ, ਪ੍ਰੇਮ ਵਿਆਹ ਦੀ ਜ਼ਿੱਦ ’ਤੇ ਅੜੀ ਧੀ ਦਾ ਪਿਓ ਵਲੋਂ ਕਤਲ
Tuesday, May 11, 2021 - 01:42 PM (IST)
ਮਾਨਸਾ (ਸੰਦੀਪ ਮਿੱਤਲ): ਪ੍ਰੇਮ ਵਿਆਹ ਕਰਵਾਉਣ ਦੀ ਜਿੱਦ ਤੇ ਅੜੀ ਕੁੜੀ ਦਾ ਪਿੰਡ ਧਿੰਗੜ ਵਿਖੇ ਬਾਪ ਵਲੋਂ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੁਲਸ ਸਦਰ ਮਾਨਸਾ ਨੇ ਕੁੜੀ ਦੇ ਬਾਪ ਖ਼ਿਲਾਫ਼ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕੁੜੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਸੋਗ ਫੈਲਿਆ ਹੋਇਆ ਹੈ।
ਇਹ ਵੀ ਪੜ੍ਹੋ: ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ
ਦੱਸਣਯੋਗ ਹੈ ਕਿ ਪਿੰਡ ਧਿੰਗੜ ਦੀ ਕੁੜੀ ਖੁਸ਼ਪ੍ਰੀਤ ਕੌਰ ਕਿਸੇ ਇੰਦਰਜੀਤ ਸਿੰਘ ਨਾਮੀ ਵਿਅਕਤੀ ਨਾਲ ਘਰੋਂ ਚਲੀ ਗਈ ਸੀ,ਜੋ ਕੁੱਝ ਦਿਨਾਂ ਬਾਅਦ ਘਰ ਵਾਪਸ ਪਰਤ ਆਈ। ਇਸ ਤੋਂ ਕੁੜੀ ਪਰਿਵਾਰ ਅੱਗੇ ਪ੍ਰੇਮ ਵਿਆਹ ਕਰਵਾਉਣ ਦੀ ਜਿੱਦ ਕਰਨ ਲੱਗੀ, ਜਿਸ ਤੋਂ ਕੁੜੀ ਦਾ ਬਾਪ ਖ਼ਫ਼ਾ ਹੋ ਗਿਆ। 8 ਅਤੇ 9 ਮਈ ਦੀ ਦਰਮਿਆਨੀ ਰਾਤ ਨੂੰ ਕੁੜੀ ਦੇ ਪਿਤਾ ਗੁਰਜੰਟ ਸਿੰਘ ਨੇ ਰਾਤ ਵੇਲੇ ਰੋਟੀ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ, ਜਿਸ ਤੋਂ ਬਾਅਦ ਬੇਹੋਸ਼ ਹੋਣ ਉਪਰੰਤ ਰਾਤ ਨੂੰ ਹੀ ਗਲ ਘੁੱਟ ਕੇ ਉਸਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਆਪ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਤੇ ਦੋ ਦੋਸਤਾਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ
ਥਾਣਾ ਸਦਰ ਮਾਨਸਾ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਕੁੜੀ ਦੀ ਲਾਸ਼ ਖੁਰਦ ਬੁਰਦ ਕਰਨ ਤੇ ਸਬੂਤਾਂ ਨੂੰ ਖ਼ਤਮ ਕਰਨ ਲਈ ਹੀ ਅਗਲੀ ਸਵੇਰ ਪਰਿਵਾਰ ਨੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁੜੀ ਪ੍ਰੇਮ ਵਿਆਹ ਕਰਵਾਉਣ ਦੀ ਜਿੱਦ ਕਰ ਰਹੀ ਸੀ, ਜਿਸ ਤੋਂ ਉਸਦਾ ਬਾਪ ਖ਼ਫ਼ਾ ਸੀ ਤੇ ਉਹ ਇਸ ਦੇ ਖ਼ਿਲਾਫ਼ ਸੀ, ਜਿਸ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਦੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਮ੍ਰਿਤਕ ਕੁੜੀ ਦੇ ਬਾਪ ਗੁਰਜੰਟ ਸਿੰਘ ਵਾਸੀ ਧਿੰਗੜ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀਆਂ ਹੈਰਾਨੀਜਨਕ ਨੀਤੀਆਂ, ਕੋਈ ਵੈਕਸੀਨ ਨੂੰ ਤਰਸ ਰਿਹੈ ਤੇ ਕੋਈ ਲਗਵਾਉਣ ਲਈ ਤਿਆਰ ਨਹੀਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?