ਪੰਜਾਬ: ਢੋਲ ਵਜਾ ਇਕੱਠੇ ਕੀਤੇ ਪੈਸੇ ਤੇ ਖ਼ਰੀਦੀ ਟਿਕਟ, ਰਾਤੋ-ਰਾਤ ਬਣ ਗਿਆ ਕਰੋੜਪਤੀ

Tuesday, Apr 07, 2026 - 06:41 PM (IST)

ਪੰਜਾਬ: ਢੋਲ ਵਜਾ ਇਕੱਠੇ ਕੀਤੇ ਪੈਸੇ ਤੇ ਖ਼ਰੀਦੀ ਟਿਕਟ, ਰਾਤੋ-ਰਾਤ ਬਣ ਗਿਆ ਕਰੋੜਪਤੀ

ਲੁਧਿਆਣਾ (ਜ. ਬ.): ਨਵਾਂ ਸ਼ਹਿਰ ਦੇ ਰਹਿਣ ਵਾਲੇ ਇਕ ਢੋਲੀ ਦੀ ਕਿਸਮਤ ਪਲਟ ਗਈ ਤੇ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ। ਪੰਜਾਬ ਸਟੇਟ ਡੀਅਰ ਲਾਟਰੀ ਦੇ ਮਹੀਨਾਵਾਰ ਬੰਪਰ ਵਿਚ ਗੁਰਚਰਨ ਸਿੰਘ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।

ਗੁਰਚਰਨ ਸਿੰਘ ਨੇ ਇਹ ਟਿਕਟ ਲੁਧਿਆਣਾ ਤੋਂ ਆਪਣੇ ਬੇਟੇ ਦੇ ਨਾਂ 'ਤੇ ਖਰੀਦੀ ਸੀ, ਜਿਸ ਦਾ ਡਰਾਅ 4 ਅਪ੍ਰੈਲ ਨੂੰ ਨਿਕਲਿਆ। ਜੇਤੂ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਉਸ ਦੀ ਇੰਨੀ ਵੱਡੀ ਰਕਮ ਦੀ ਲਾਟਰੀ ਨਿਕਲੇਗੀ। ਲੁਧਿਆਣਾ ਪਹੁੰਚਣ 'ਤੇ ਗੁਰਚਰਨ ਸਿੰਘ ਦਾ ਢੋਲ-ਧਮੱਕਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਰਿਵਾਰ ਨੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

ਗੁਰਚਰਨ ਸਿੰਘ ਪੇਸ਼ੇ ਤੋਂ ਪੇਂਟਰ ਹੈ ਅਤੇ ਟਰਾਲੀਆਂ 'ਤੇ ਰੰਗ-ਰੋਗਣ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਉਹ ਜਗਰਾਤਿਆਂ ਵਿਚ ਢੋਲ ਅਤੇ ਤਬਲਾ ਵੀ ਵਜਾਉਂਦਾ ਹੈ। ਉਹ ਕਿਸਮਤ ਬਦਲਣ ਦੀ ਆਸ ਨਾਲ ਪਿਛਲੇ 40 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ। 

ਲਾਟਰੀ ਵਿਕਰੇਤਾ ਸ਼ਾਮ ਭਨੋਟ ਅਨੁਸਾਰ, ਗੁਰਚਰਨ ਸਿੰਘ ਇਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਵਿਕਰੇਤਾ ਨੇ ਦੱਸਿਆ ਕਿ ਇਹ 'ਪੰਜਾਬ ਸਟੇਟ ਡੀਅਰ ਲਾਟਰੀ ਬੰਪਰ 200' ਸਕੀਮ ਸੀ, ਜਿਸ ਵਿਚ ਗੁਰਚਰਨ ਦੀ ਕਿਸਮਤ ਚਮਕੀ ਹੈ। ਗੁਰਚਰਨ ਸਿੰਘ ਅਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੀ ਉਮਰ ਸਖ਼ਤ ਮਿਹਨਤ ਕੀਤੀ ਹੈ ਅਤੇ ਅੱਜ ਇਸ ਲਾਟਰੀ ਦੇ ਨਿਕਲਣ ਨਾਲ ਉਹ ਬਹੁਤ ਖੁਸ਼ ਹਨ।


author

Anmol Tagra

Content Editor

Related News