ਦਿਨ-ਦਿਹਾੜੇ ਲੁਟੇਰੇ ਪਿਸਤੌਲ ਦੀ ਨੋਕ ''ਤੇ ਸਕਾਰਪੀਓ ਗੱਡੀ ਲੈ ਕੇ ਫ਼ਰਾਰ, ਪੁਲਸ ਨੇ ਕੀਤੀ ਬਰਾਮਦ

03/25/2022 4:11:57 PM

ਤਪਾ ਮੰਡੀ/ਸ਼ਹਿਣਾ (ਸ਼ਾਮ, ਗਰਗ, ਮੇਸ਼ੀ, ਮਾਰਕੰਡਾ, ਗੋਇਲ, ਧਰਮਿੰਦਰ) : ਦਿਨ-ਦਿਹਾੜੇ ਅੱਜ ਸਵੇਰੇ 10 ਵਜੇ ਦੇ ਕਰੀਬ ਚਾਰ ਲੁਟੇਰੇ ਇੱਕ ਘਰ ਵਿਚ ਦਾਖ਼ਲ ਹੋ ਕੇ ਪਿਸਤੌਲ ਦੀ ਨੋਕ 'ਤੇ ਇੱਕ ਸਕਾਰਪੀਓ ਗੱਡੀ ਖੋਹ ਕੇ ਫ਼ਰਾਰ ਹੋ ਗਏ। ਇਕੱਤਰ ਹੋਈ ਜਾਣਕਾਰੀ ਅਨੁਸਾਰ ਚਾਰ ਲੁਟੇਰੇ ਸਵੇਰੇ ਲਵਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਘਰ ਗੱਡੀ 'ਚ ਸਵਾਰ ਹੋ ਕੇ ਆਏ। ਘਰ ਦਾਖ਼ਲ ਹੋ ਕੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਫਿਰ ਮਾਤਾ 'ਤੇ ਪਿਸਤੌਲ ਤਾਣ ਕੇ ਗੱਡੀ ਦੀਆਂ ਚਾਬੀਆਂ ਲੈ ਕੇ ਢਿਲਵਾਂ ਵੱਲ ਨੂੰ ਫ਼ਰਾਰ ਹੋ ਗਏ।

ਨੇੜਲੇ ਦੁਕਾਨਦਾਰਾਂ ਨੂੰ ਜਦੋ ਵਾਰਦਾਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਲੁਟੇਰਿਆਂ 'ਤੇ ਲੱਕੜ ਦੀਆਂ ਫੱਟੀਆਂ ਵੀ ਮਾਰੀਆਂ ਅਤੇ ਕੰਧ ਓਹਲੇ ਖੜ੍ਹ ਗਏ। ਉਸ ਸਮੇਂ ਘਰ 'ਚ ਮਾਤਾ ਤੋਂ ਇਲਾਵਾ ਨੂੰਹ ਅਤੇ ਧੀ ਵੀ ਹਾਜ਼ਰ ਸੀ। ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੋ ਗਿਆ ਅਤੇ ਡੀ. ਐੱਸ. ਪੀ. ਤਪਾ ਦੀ ਅਗਵਾਈ ਵਿਚ ਥਾਣਾ ਮੁਖੀ ਤਪਾ ਨਰਦੇਵ ਸਿੰਘ ਅਤੇ ਸਿਟੀ ਇੰਚਾਰਜ ਗੁਰਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ 'ਚ ਨਾਕਾਬੰਦੀ ਕਰਵਾ ਦਿੱਤੀ। ਮੌਕੇ 'ਤੇ ਹਾਜ਼ਰ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ, ਜਿਸ ਕਾਰਨ ਲੋਕਾਂ ਵਿਚ ਹੋਈ ਵਾਰਦਾਤ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ।

ਇਸ ਤੋਂ ਬਾਅਦ ਤਪਾ ਪੁਲਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰ ਕੇ ਚੋਰੀ ਹੋਈ ਗੱਡੀ ਨੂੰ ਕੁੱਝ ਹੀ ਘੰਟਿਆਂ 'ਚ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ। ਦੱਸਿਆ ਜਾ ਰਿਹਾ ਹੈ ਪੁਲਸ ਨੇ ਇਸ ਗੱਡੀ ਸਮੇਤ 2 ਜਣਿਆਂ ਨੂੰ ਵੀ ਕਾਬੂ ਕੀਤਾ ਹੈ ਪਰ ਪੁਲਸ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
 


Babita

Content Editor

Related News