ASI ਦੀ ਪਤਨੀ ਤੇ ਬੇਟੇ ਨੇ ਗੈਂਗਸਟਰ ਸ਼ੇਰਾ ਖੁੱਬਨ ਗਰੁੱਪ ਨਾਲ ਮਿਲ ਕੇ ਬਣਾਇਆ ਸੀ ਲੁਟੇਰਾ ਗੈਂਗ (ਵੀਡੀਓ)

09/05/2018 4:10:07 PM

ਜਲੰਧਰ (ਵਰੁਣ)— 9 ਲੱਖ ਦਾ ਉਧਾਰ ਉਤਾਰਨ ਲਈ ਪੀ. ਏ. ਪੀ. 'ਚ ਤਾਇਨਾਤ ਏ. ਐੱਸ. ਆਈ. ਦੀ ਪਤਨੀ ਅਤੇ ਬੇਟੇ ਨੇ ਗੈਂਗਸਟਰ ਸ਼ੇਰਾ ਖੁੱਬਨ ਗਰੁੱਪ ਦੇ ਸ਼ੂਟਰ ਨੂੰ ਨਾਲ ਮਿਲਾ ਕੇ ਲੁਟੇਰਾ ਗਿਰੋਹ ਬਣਾਇਆ ਹੋਇਆ ਸੀ। ਇਸ ਗਿਰੋਹ 'ਚ ਰਾਮਾ ਮੰਡੀ ਥਾਣੇ ਦੇ ਏਰੀਏ 'ਚ ਪੈਂਦੇ ਕੇ. ਐੱਫ. ਸੀ. ਬਾਹਰ 11 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸ਼ੂਟਰ ਜਗਸ਼ੀਰ ਉਰਫ ਸ਼ੀਰਾ ਨੂੰ ਏ. ਐੱਸ. ਆਈ. ਦੀ ਪਤਨੀ ਨਾਲ ਮਿਲਵਾਇਆ। 21 ਅਗਸਤ ਨੂੰ ਇਸੇ ਗੈਂਗ ਨੇ ਪੰਚਕੂਲਾ ਵਿਚ ਇਨੋਵਾ ਗੱਡੀ ਖੋਹ ਕੇ ਫਾਇਰਿੰਗ ਕੀਤੀ ਸੀ। ਪੁਲਸ ਨੇ ਲੁੱਟੀ ਹੋਈ ਇਨੋਵਾ ਗੱਡੀ ਬਰਾਮਦ ਕਰ ਕੇ ਏ. ਐੱਸ. ਆਈ. ਦੀ ਪਤਨੀ ਅਤੇ ਬੇਟੇ ਸਮੇਤ 4 ਲੋਕਾਂ ਨੂੰ ਅਰੈਸਟ ਕੀਤਾ ਹੈ, ਜਦਕਿ ਸ਼ੂਟਰ ਸ਼ੀਰਾ ਅਜੇ ਫਰਾਰ ਹੈ।

ਡੀ. ਸੀ. ਪੀ. (ਇਨਵੈਸਟੀਗੇਸ਼ਨ) ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਅਜੇ ਸਿੰਘ, ਏ. ਐੱਸ. ਆਈ. ਮੋਹਨ ਸਿੰਘ ਅਤੇ ਹੋਰ ਟੀਮ ਨੇ ਗੁਪਤ ਸੂਚਨਾ 'ਤੇ ਪਟੇਲ ਚੌਕ 'ਤੇ ਨਾਕਾਬੰਦੀ ਦੌਰਾਨ ਨਰਿੰਦਰ ਕੌਰ ਪਤਨੀ ਰਣਧੀਰ ਸਿੰਘ ਨਿਵਾਸੀ ਸੂਰਯਾ ਐਨਕਲੇਵ, ਨਰਿੰਦਰ ਕੌਰ ਦੇ ਬੇਟੇ ਕੁਲਪ੍ਰੀਤ ਸਸ ਚੋਪੜਾ ਪੁੱਤਰ ਚਮਨ ਲਾਲ ਚੋਪੜਾ ਨਿਵਾਸੀ ਨੰਗਲ ਕਰਾਰ ਖਾਂ ਜਲੰਧਰ ਅਤੇ ਸਾਗਰ ਪੁੱਤਰ ਰੂਪ ਚੰਦ ਨਿਵਾਸੀ ਨੰਗਲ ਕਰਾਰ ਖਾਂ ਨੂੰ ਅਰੈਸਟ ਕੀਤਾ। ਨਰਿੰਦਰ ਕੌਰ ਦਾ ਪਤੀ ਪੀ. ਏ. ਪੀ. 'ਚ ਏ. ਐੱਸ. ਆਈ. ਹੈ।

ਸੀ. ਆਈ. ਏ. ਸਟਾਫ ਨੇ ਜਦ ਚਾਰਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੇ ਇਕ ਮਹੀਨਾ ਪਹਿਲਾਂ ਇਕ ਲੁਟੇਰਾ ਗਿਰੋਹ ਬਣਾਇਆ ਹੋਇਆ ਸੀ। ਦਰਅਸਲ ਨਰਿੰਦਰ ਕੌਰ ਨੇ ਕੁੱਕੜ ਪਿੰਡ ਦੇ ਹੀ ਇਕ ਫਾਈਨਾਂਸਰ ਤੋਂ ਕੁਝ ਪੈਸੇ ਉਧਾਰ ਵਿਚ ਲਏ ਸੀ, ਜਿਸ ਦੇ ਵਿਆਜ ਸਮੇਤ 9 ਲੱਖ ਰੁਪਏ ਵਾਪਸ ਕਰਨੇ ਸੀ। ਪੈਸਿਆਂ ਦਾ ਪ੍ਰਬੰਧ ਨਾ ਹੋਇਆ ਤਾਂ ਉਸ ਨੇ ਆਪਣੇ ਬੇਟੇ ਕੁਲਪ੍ਰੀਤ ਨਾਲ ਲੁੱਟ ਦੀਆਂ ਵਾਰਦਾਤਾਂ ਕਰਕੇ ਪੈਸਾ ਇਕੱਠਾ ਕਰਨ ਦੀ ਗੱਲ ਕੀਤੀ। ਨਰਿੰਦਰ ਕੌਰ ਕੇ. ਐੱਫ. ਸੀ. ਵਿਚ 11 ਲੱਖ ਦੀ ਲੁੱਟ ਨੂੰ ਅੰਜਾਮ ਦੇਣ ਵਾਲੇ ਜੱਸ ਚੋਪੜਾ ਤੇ ਸਾਗਰ ਨੂੰ ਜਾਣਦੀ ਸੀ। ਇਨ੍ਹਾਂ ਚਾਰਾਂ ਨੇ ਮੀਟਿੰਗ ਕਰ ਕੇ ਲੁੱਟ-ਖੋਹ ਕਰਨ ਦੀ ਯੋਜਨਾ ਤਿਆਰ ਕੀਤੀ ਪਰ ਜੱਸ ਨੇ ਆਪਣੇ ਨਾਲ ਇਕ ਮਾਸਟਰ ਮਾਈਂਡ ਅਤੇ ਕ੍ਰਿਮੀਨਲ ਵਿਅਕਤੀ ਸ਼ਾਮਲ ਕਰਨ ਦੀ ਸਲਾਹ ਦਿੱਤੀ। ਜੱਸ ਨੇ ਨਰਿੰਦਰ ਨੂੰ ਖੁਦ ਹੀ ਸ਼ੇਰਾ ਖੁੱਬਨ ਗੈਂਗਸਟਰ ਦੇ ਗੈਂਗ ਨਾਲ ਜੁੜੇ ਜਗਸ਼ੀਰ ਸਿੰਘ ਸ਼ੀਰਾ ਨਿਵਾਸੀ ਮੋਗਾ ਦੇ ਬਾਰੇ ਦੱਸਿਆ।

PunjabKesari

11 ਲੱਖ ਦੀ ਲੁੱਟ ਦੇ ਕੇਸ ਵਿਚ ਜਦ ਜੱਸ ਜੇਲ 'ਚ ਚਾਰ ਮਹੀਨੇ ਲਈ ਗਿਆ ਸੀ ਤਾਂ ਉਸ ਦੀ ਮੁਲਾਕਾਤ ਤਦ ਸ਼ੀਰਾ ਨਾਲ ਹੋਈ ਸੀ। ਦੋਵੇਂ ਹੀ ਹੁਣ ਜ਼ਮਾਨਤ 'ਤੇ ਸੀ। ਸ਼ੀਰਾ ਦੇ ਨਾਲ ਸੰਪਰਕ ਕਰ ਕੇ ਜੱਸ ਨੇ ਸ਼ੀਰਾ ਨੂੰ ਨਰਿੰਦਰ ਕੌਰ ਦੇ ਘਰ ਬੁਲਾਇਆ ਅਤੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਯੋਜਨਾ ਤਿਆਰ ਕਰ ਲਈ। ਸ਼ੀਰਾ ਵੀ ਸੂਰਯਾ ਐਨਕਲੇਵ ਵਿਚ ਕਿਰਾਏ 'ਤੇ ਰਹਿਣ ਲੱਗਾ। 20 ਅਗਸਤ ਨੂੰ ਇਨ੍ਹਾਂ ਲੋਕਾਂ ਨੇ 3500 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਫਾਰਚੂਨਰ ਗੱਡੀ ਕਿਰਾਏ 'ਤੇ ਲਈ ਅਤੇ ਪੰਚਕੂਲਾ ਚਲੇ ਗਏ। ਰਾਤ ਦੇ ਸਮੇਂ ਇਨ੍ਹਾਂ ਲੋਕਾਂ ਨੇ ਆਪਣੀ ਗੱਡੀ ਦੇ ਅੱਗੇ ਜਾ ਰਹੀ ਇਨੋਵਾ ਕਾਰ ਨੂੰ ਪਹਿਲਾਂ ਟੱਕਰ ਮਾਰੀ ਅਤੇ ਜਿਵੇਂ ਹੀ ਇਨੋਵਾ ਕਾਰ ਚਾਲਕ ਬਾਹਰ ਆਇਆ ਤਾਂ ਉਸ ਨੂੰ ਕੁੱਟ ਕੇ ਫਾਇਰਿੰਗ ਕਰਦੇ ਹੋਏ ਇਹ ਪੰਜੇ ਦੋਸ਼ੀ ਫਾਰਚੂਨਰ ਸਮੇਤ ਇਨੋਵਾ ਗੱਡੀ ਲੈ ਕੇ ਫਰਾਰ ਹੋ ਗਏ।
ਡੀ. ਸੀ. ਪੀ. ਨੇ ਕਿਹਾ ਕਿ ਲੁੱਟ-ਖੋਹ ਦਾ ਸਿਲਸਿਲਾ ਇਥੇ ਹੀ ਨਹੀਂ ਰੁਕਿਆ ਸੀ। ਇਨ੍ਹਾਂ ਲੋਕਾਂ ਨੇ ਇਨੋਵਾ ਵਿਚ ਸਵਾਰ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨੀਆਂ ਸਨ। ਫਾਰਚੂਨਰ ਗੱਡੀ ਉਨ੍ਹਾਂ ਨੇ ਅਜੇ ਵੀ ਆਪਣੇ ਪਾਸ ਹੀ ਰੱਖੀ ਹੋਈ ਸੀ। ਮਾਮਲਾ ਠੰਡਾ ਹੋਣ ਦੇ ਇੰਤਜ਼ਾਰ ਵਿਚ ਇਸ ਗਿਰੋਹ ਨੇ ਕੋਈ ਦੂਜੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ। ਪੁਲਸ ਨੇ ਚਾਰਾਂ ਦੋਸ਼ੀਆਂ ਨੂੰ ਕੋਰਟ 'ਚ ਪੇਸ਼ ਕਰ ਕੇ ਦੋ ਦਿਨ ਦੇ ਰਿਮਾਂਡ 'ਤੇ ਲਿਆ ਹੈ। ਪੁਲਸ ਨੇ ਦੋਸ਼ੀਆਂ ਤੋਂ ਇਨੋਵਾ ਸਮੇਤ ਵਾਰਦਾਤ ਵਿਚ ਇਸਤੇਮਾਲ ਕੀਤੀ ਗਈ ਫਾਰਚੂਨਰ ਗੱਡੀ ਅਤੇ ਲਾਈਟਰ ਵਰਗਾ ਪਿਸਟਲ ਬਰਾਮਦ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ੀਰਾ ਦੀ ਤਲਾਸ਼ 'ਚ ਰੇਡ ਕੀਤੀ ਜਾ ਰਹੀ ਹੈ। ਉਸ ਕੋਲ ਹੀ ਲੁੱਟ ਦੀ ਵਾਰਦਾਤ ਵਿਚ ਇਸਤੇਮਾਲ ਕੀਤੀ ਗਈ ਪਿਸਟਲ ਹੈ। ਓਧਰ ਪੰਚਕੂਲਾ ਪੁਲਸ ਵੀ ਇਸ ਮਾਮਲੇ 'ਤੇ ਨਜ਼ਰ ਰੱਖੀ ਹੋਈ ਹੈ। ਜਲੰਧਰ ਪੁਲਸ ਨੇ ਦੋਸ਼ੀਆਂ ਦੇ ਫੜੇ ਜਾਣ ਦੀ ਸੂਚਨਾ ਪੰਚਕੂਲਾ ਪੁਲਸ ਨੂੰ ਦੇ ਦਿੱਤੀ ਹੈ।

ਪੰਜਾਬ, ਹਰਿਆਣਾ ਅਤੇ ਰਾਜਸਥਾਨ ਪੁਲਸ ਨੂੰ ਵਾਂਟੇਡ ਹੈ ਸ਼ੀਰਾ
ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ੀਰਾ ਅਪਰਾਧੀ ਕਿਸਮ ਦਾ ਵਿਅਕਤੀ ਹੈ। ਉਸ ਵਿਰੁੱਧ ਕਾਰ ਲੁੱਟਣ ਅਤੇ ਚੋਰੀ ਕਰਨ ਜਿਹੇ ਕਈ ਕੇਸ ਦਰਜ ਹਨ ਅਤੇ ਉਹ ਪੰਜਾਬ, ਹਰਿਆਣਾ ਤੇ ਰਾਜਸਥਾਨ ਪੁਲਸ ਨੂੰ ਵਾਂਟੇਡ ਹੈ।

PunjabKesari

ਬੱਸ ਸਟੈਂਡ 'ਤੇ ਬੇਟੇ ਨੂੰ ਛੱਡ ਕੇ ਆ ਰਹੇ ਇੰਸ਼ੋਰੈਂਸ ਸਰਵੇਅਰ ਤੋਂ ਲੁੱਟੀ ਸੀ ਕਾਰ
ਇਸ ਗੈਂਗ ਨੇ ਇੰਸ਼ੋਰੈਂਸ ਸਰਵੇਅਰ ਦਾ ਕੰਮ ਕਰਨ ਵਾਲੇ ਰਾਜੇਸ਼ ਕੁਮਾਰ ਨਿਵਾਸੀ ਸੈਕਟਰ 20 ਪੰਚਕੂਲਾ ਤੋਂ ਕਾਰ ਲੁੱਟੀ ਸੀ। ਥਾਣਾ ਸੈਕਟਰ 20 ਪੰਚਕੂਲਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜੇਸ਼ ਨੇ ਕਿਹਾ ਸੀ ਕਿ ਉਸ ਦੇ ਬੇਟੇ ਨੇ 22 ਅਗਸਤ ਨੂੰ ਦਿੱਲੀ ਤੋਂ ਚੇਨਈ ਜਾਣ ਲਈ ਫਲਾਈਟ ਫੜਨੀ ਸੀ, ਜਿਸ ਕਾਰਨ 21 ਅਗਸਤ ਦੀ ਰਾਤ ਨੂੰ ਉਹ ਆਪਣੀ ਪਤਨੀ ਨਾਲ ਬੇਟੇ ਨੂੰ ਜ਼ੀਰਕਪੁਰ ਬੱਸ ਸਟੈਂਡ 'ਤੇ ਛੱਡ ਕੇ ਵਾਪਸ ਆ ਰਹੇ ਸੀ ਕਿ ਰਸਤੇ 'ਚ ਪਿੱਛੇ ਤੋਂ ਇਕ ਗੱਡੀ ਨੇ ਉਸ ਦੀ ਕਾਰ ਨੂੰ ਟੱਕਰ ਮਾਰੀ। ਗੱਡੀ ਰੋਕਦੇ ਹੀ ਪਿੱਛੇ ਵਾਲੀ ਗੱਡੀ ਤੋਂ ਇਕ ਨੌਜਵਾਨ ਉਤਰ ਆਇਆ ਅਤੇ ਕੁਝ ਨਾ ਹੋਣ ਦੀ ਗੱਲ ਕਹੀ। ਅਜੇ ਉਹ ਗੱਲ ਹੀ ਕਰ ਰਹੇ ਸੀ ਕਿ ਉਨ੍ਹਾਂ ਦੀ ਗੱਡੀ 'ਚੋਂ ਦੋ ਹੋਰ ਨੌਜਵਾਨ ਆਏ, ਜਿਨ੍ਹਾਂ ਨੇ ਪਿਸਟਲ ਕੱਢ ਲਈ ਅਤੇ ਗੱਡੀ ਵਿਚ ਬੈਠ ਗਏ। ਵਿਰੋਧ ਕਰਨ 'ਤੇ ਉਨ੍ਹਾਂ ਹਵਾਈ ਫਾਇਰ ਕੀਤੇ ਅਤੇ ਇਕ ਨੌਜਵਾਨ ਨੇ ਰਾਜੇਸ਼ ਦੇ ਸਿਰ 'ਤੇ ਲੋਹੇ ਦੀ ਰਾਡ ਮਾਰ ਦਿੱਤੀ। ਇਹ ਸਭ ਕੁਝ ਦੇਖ ਕੇ ਰਾਜੇਸ਼ ਦੀ ਪਤਨੀ ਵੀ ਕਾਰ ਤੋਂ ਹੇਠਾਂ ਉਤਰ ਆਈ ਅਤੇ ਪਤੀ ਨੂੰ ਸੰਭਾਲਣ ਲੱਗੀ। ਇਸ ਤੋਂ ਬਾਅਦ ਦੋਸ਼ੀ ਦੋਵਾਂ ਗੱਡੀਆਂ ਵਿਚ ਸਵਾਰ ਹੋ ਕੇ ਭੱਜ ਗਏ।

ਜਲੰਧਰ ਵਿਚ ਵਾਰਾਦਾਤ ਕਰਦੇ ਤਾਂ ਪਛਾਣ ਲੈਂਦੀ ਪੁਲਸ
ਪੁੱਛਗਿਛ ਵਿਚ ਜੱਸ ਨੇ ਕਿਹਾ ਕਿ ਜਿਸ ਸਮੇਂ ਉਸ ਨੇ ਕੇ. ਐੱਫ. ਸੀ. ਵਿਚ ਲੁੱਟ ਦੀ ਵਾਰਦਾਤ ਕੀਤੀ ਤਦ ਉਸ ਨੂੰ ਯਕੀਨ ਸੀ ਕਿ ਉਹ ਫੜਿਆ ਨਹੀਂ ਜਾਵੇਗਾ ਪਰ ਜਲੰਧਰ ਪੁਲਸ ਨੇ ਉਸ ਨੂੰ ਟਰੇਸ ਕਰ ਲਿਆ। ਇਨ੍ਹਾਂ ਲੋਕਾਂ ਨੇ ਪਹਿਲਾਂ ਜਲੰਧਰ 'ਚ ਵਾਰਦਾਤਾਂ ਕਰਨ ਦਾ ਪਲਾਨ ਬਣਾਇਆ ਸੀ ਪਰ ਜੱਸ ਦੇ ਕਹਿਣ 'ਤੇ ਉਨ੍ਹਾਂ ਨੇ ਪਲਾਨ ਬਦਲ ਲਿਆ। ਦਰਅਸਲ ਜੱਸ ਜੇ ਜਲੰਧਰ ਵਿਚ ਲੁੱਟ ਦੀ ਵਾਰਦਾਤ ਕਰਦਾ ਤਾਂ ਉਸ ਨੂੰ ਪੁਲਸ ਪਛਾਣ ਲੈਂਦੀ ਅਤੇ ਆਸਾਨੀ ਨਾਲ ਉਹ ਫੜਿਆ ਜਾਂਦਾ।


Related News