ਮੁਹੱਲੇ ''ਚ ਦਿਨ-ਦਿਹਾੜੇ ਲੁੱਟੀ ਗਈ ਐੱਨ. ਆਰ. ਆਈ. ਬਜ਼ੁਰਗ ਔਰਤ, ਹਸਪਤਾਲ ਭਰਤੀ

Friday, Jan 31, 2020 - 10:08 AM (IST)

ਮੁਹੱਲੇ ''ਚ ਦਿਨ-ਦਿਹਾੜੇ ਲੁੱਟੀ ਗਈ ਐੱਨ. ਆਰ. ਆਈ. ਬਜ਼ੁਰਗ ਔਰਤ, ਹਸਪਤਾਲ ਭਰਤੀ

ਖੰਨਾ (ਵਿਪਨ) : ਸੰਘਣੀ ਆਬਾਦੀ ਵਾਲੇ ਮੁਹੱਲੇ 'ਚ ਦਿਨ-ਦਿਹਾੜੇ ਇਕ ਐੱਨ. ਆਰ. ਆਈ. ਬਜ਼ੁਰਗ ਔਰਤ ਲੁੱਟ ਦਾ ਸ਼ਿਕਾਰ ਬਣ ਗਈ। ਫਿਲਹਾਲ ਬੇਹੋਸ਼ੀ ਦੀ ਹਾਲਤ 'ਚ ਔਰਤ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਪੀੜਤ ਐੱਨ. ਆਰ. ਆਈ. ਬਜ਼ੁਰਗ ਔਰਤ ਦਰਸ਼ਨਾ ਰਾਣੀ (60) ਪਤਨੀ ਰਤਨ ਲਾਲ ਦੇ ਦੋਹਤੇ ਪ੍ਰਿੰਸ ਵਾਸੀ ਕ੍ਰਿਸ਼ਨਾ ਨਗਰ ਨੇ ਦੱਸਿਆ ਕਿ ਗੁਲਮੋਹਰ ਨਗਰ 'ਚ ਉਸ ਦੀ ਨਾਨੀ ਦਾ ਘਰ ਹੈ, ਜੋ ਕਿ ਪਰਿਵਾਰ ਸਮੇਤ ਅਮਰੀਕਾ 'ਚ ਰਹਿੰਦੀ ਹੈ ਅਤੇ ਹਰ ਸਾਲ ਭਾਰਤ ਆ ਕੇ ਉਸ ਕੋਲ ਰਹਿੰਦੀ ਹੈ।

ਉਸ ਨੇ ਦੱਸਿਆ ਕਿ 10 ਦਿਨ ਪਹਿਲਾਂ ਹੀ ਉਸ ਦੀ ਨਾਨੀ ਭਾਰਤ ਆਈ ਹੈ ਅਤੇ ਉਹ ਦਿਨ ਦੇ ਸਮੇਂ ਆਪਣੀ ਨਾਨੀ ਨੂੰ ਗੁਲਮੋਹਰ ਨਗਰ ਛੱਡ ਆਉਂਦਾ ਹੈ। ਕੁਝ ਘੰਟੇ ਉੱਥੇ ਬਿਤਾ ਕੇ ਉਸ ਦੀ ਨਾਨੀ ਵਾਪਸ ਉਸ ਕੋਲ ਕ੍ਰਿਸ਼ਨਾ ਨਗਰ ਆ ਜਾਂਦੀ ਹੈ। ਪ੍ਰਿੰਸ ਨੇ ਦੱਸਿਆ ਕਿ ਬੀਤੇ ਦਿਨ ਵੀ ਉਹ ਦੁਪਹਿਰ 12 ਵਜੇ ਦੀ ਕਰੀਬ ਆਪਣੀ ਨਾਨੀ ਨੂੰ ਗੁਲਮੋਹਰ ਨਗਰ ਛੱਡ ਕੇ ਗਿਆ ਪਰ ਅਚਾਨਕ ਨਾਨੀ ਦੇ ਗੁਆਂਢੀਆਂ ਦਾ ਫੋਨ ਆ ਗਿਆ ਕਿ ਤੁਰੰਤ ਇੱਥੇ ਆ ਜਾਓ।

ਜਦੋਂ ਪ੍ਰਿੰਸ ਨੇ ਗੁਲਮੋਹਰ ਨਗਰ ਜਾ ਕੇ ਦੇਖਿਆ ਤਾਂ ਉਸ ਦੀ ਨਾਨੀ ਅਰਧ ਬੇਹੋਸ਼ੀ ਦੀ ਹਾਲਤ 'ਚ ਗੇਟ ਕੋਲ ਪਈ ਸੀ। ਬੇਹੋਸ਼ੀ ਦੀ ਹਾਲਤ 'ਚ ਹੀ ਨਾਨੀ ਨੇ ਦੱਸਿਆ ਕਿ ਇਕ ਵਿਅਕਤੀ ਲੁੱਟ-ਖੋਹ ਕਰਦੇ ਹੋਏ ਉਸ ਕੋਲੋਂ 2 ਸੋਨੇ ਦੀਆਂ ਚੂੜੀਆਂ, ਸੋਨੇ ਦੀਆਂ ਬਾਲੀਆਂ, ਸੋਨੇ ਦੀ ਚੈਨ, ਸੋਨੇ ਦੀਆਂ 2 ਅੰਗੂਠੀਆਂ, ਅਮਰੀਕੀ ਡਾਲਰ ਅਤੇ ਭਾਰਤੀ ਕਰੰਸੀ ਲੈ ਕੇ ਰਫੂਚੱਕਰ ਹੋ ਗਿਆ ਹੈ। ਇਸ ਤੋਂ ਬਾਅਦ ਪ੍ਰਿੰਸ ਨੇ ਆਪਣੀ ਨਾਨੀ ਨੂੰ ਇਕ ਨਿਜੀ ਹਸਪਤਾਲ ਭਰਤੀ ਕਰਾਇਆ ਅਤੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਫਿਲਹਾਲ ਪੁਲਸ ਵਲੋਂ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ।
 


author

Babita

Content Editor

Related News