ਲੁੱਟ ਦੀ ਦਿੱਤੀ ਝੂਠੀ ਸ਼ਿਕਾਇਤ, ਪੁਲਸ ਕਾਰਵਾਈ ਦੀ ਤਿਆਰੀ ''ਚ
Sunday, Dec 03, 2017 - 07:38 AM (IST)
ਜਲੰਧਰ, (ਪ੍ਰੀਤ)— ਸਵੇਰੇ ਸਵੇਰੇ ਹੀ 120 ਫੁੱਟੀ ਰੋਡ 'ਤੇ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਨੂੰ ਲੁੱਟ ਲਿਆ ਗਿਆ ਪਰ ਜਦੋਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਮਾਮਲਾ ਲੁੱਟ-ਖੋਹ ਦਾ ਨਹੀਂ, ਬਲਕਿ ਸ਼ਰਾਬੀ ਹਾਲਤ ਵਿਚ ਆਪਸੀ ਕੁੱਟਮਾਰ ਦਾ ਨਿਕਲਿਆ। ਪੁਲਸ ਆਪਸ ਵਿਚ ਕੁੱਟਮਾਰ ਕਰਨ ਅਤੇ ਲੁੱਟ ਦੀ ਝੂਠੀ ਸ਼ਿਕਾਇਤ ਦੇਣ ਵਾਲਿਆਂ ਖਿਲਾਫ ਕਾਰਵਾਈ ਦੀ ਤਿਆਰੀ ਕਰ ਰਹੀ ਹੈ।
120 ਫੁੱਟੀ ਰੋਡ 'ਤੇ ਕੁਆਰਟਰਾਂ ਵਿਚ ਰਹਿੰਦੇ ਨੌਜਵਾਨ ਰਾਮ ਵਿਲਾਸ ਨੇ ਸਵੇਰੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਬੀਤੀ ਰਾਤ ਉਸਦੇ ਕੁਆਰਟਰ ਵਿਚ ਕੁਝ ਲੋਕਾਂ ਨੇ ਹਮਲਾ ਕਰਕੇ ਲੁੱਟ-ਖੋਹ ਕੀਤੀ ਹੈ। ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ.ਓ. ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਰਾਮ ਵਿਲਾਸ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। ਬੀਤੀ ਰਾਤ ਕਰੀਬ 11 ਵਜੇ ਉਹ ਕੁਆਰਟਰ ਵਿਚ ਸੌਂ ਰਿਹਾ ਸੀ ਕਿ ਲੁਟੇਰਿਆਂ ਨੇ ਅਚਾਨਕ ਤੇਜ਼ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਲੁਟੇਰੇ ਉਸਦੇ ਕੁਆਰਟਰ ਵਿਚੋਂ ਨਕਦੀ ਅਤੇ ਸਾਮਾਨ ਲੁੱਟ ਕੇ ਲੈ ਗਏ। ਘਟਨਾ ਵਾਲੀ ਥਾਂ 'ਤੇ ਜਾਂਚ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਵਲੋਂ ਦਿੱਤੀ ਗਈ ਲੁੱਟ ਦੀ ਸੂਚਨਾ ਗਲਤ ਹੈ। ਐੱਸ. ਐੱਚ. ਓ. ਮੁਤਾਬਕ ਰਾਮ ਵਿਲਾਸ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਨਾਲ 11 ਵਜੇ ਰਾਤ ਨੂੰ ਲੁੱਟ ਹੋਈ ਸੀ ਪਰ ਉਸਨੇ ਵਾਰਦਾਤ ਦੀ ਸੂਚਨਾ ਕਰੀਬ 10-11 ਘੰਟਿਆਂ ਬਾਅਦ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਜਦੋਂ ਉਹ ਮੌਕੇ 'ਤੇ ਗਏ ਤਾਂ ਜਾਂਚ ਵਿਚ ਪਤਾ ਲੱਗਿਆ ਕਿ ਕੁਆਰਟਰ ਵਿਚ ਰਹਿੰਦੇ ਨੌਜਵਾਨ ਰੋਜ਼ਾਨਾ ਰਾਤ ਦੇ ਸਮੇਂ ਸ਼ਰਾਬ ਪੀ ਕੇ ਆਪਸ ਵਿਚ ਲੜਦੇ ਹਨ। ਕਾਲੋਨੀਆਂ ਵਿਚ ਰਹਿੰਦੇ ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਦਾ ਖੁਲਾਸਾ ਕੀਤਾ ਹੈ। ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਸੂਚਨਾ ਗਲਤ ਸਾਬਿਤ ਹੋਈ ਹੈ। ਲੁੱਟ ਦੀ ਝੂਠੀ ਸ਼ਿਕਾਇਤ ਦੇਣ ਦੇ ਮਾਮਲੇ ਵਿਚ ਨੌਜਵਾਨ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
