ਸਟੇਸ਼ਨ ਜਾਣ ਲਈ ਆਟੋ ''ਚ ਬੈਠਾ ਵਪਾਰੀ, ਲੁੱਟ-ਖੋਹ ਕਰਕੇ ਨਹਿਰ ''ਚ ਸੁੱਟਿਆ

07/11/2022 3:29:32 PM

ਸਾਹਨੇਵਾਲ (ਜਗਰੂਪ) : ਮਹਾਨਗਰ ਅੰਦਰ ਲੁਟੇਰਿਆਂ ਦੇ ਹੌਂਸਲੇ ਇੰਨੇ ਕੁ ਜ਼ਿਆਦਾ ਵੱਧ ਚੁੱਕੇ ਹਨ ਕਿ ਉਹ ਹੁਣ ਜ਼ਿਲ੍ਹਾ ਪੁਲਸ ਦੀ ਪਰਵਾਹ ਕੀਤੇ ਬਿਨਾਂ ਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। 8 ਜੁਲਾਈ ਦੀ ਰਾਤ ਦੇ ਘਟਨਾਕ੍ਰਮ ’ਚ ਤਾਂ ਲੁਟੇਰਿਆਂ ਨੇ ਇਕ ਵਪਾਰੀ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਤੋਂ ਬਾਅਦ ਉਸ ਨੂੰ ਨਹਿਰ ’ਚ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ। ਪੁਲਸ ਨੂੰ ਦਿੱਤੇ ਬਿਆਨਾਂ ’ਚ ਇਰਫਾਨ ਪੁੱਤਰ ਨਿਜ਼ਾਮੂਦੀਨ ਵਾਸੀ ਵਿਜੇਪੁਰ ਜੰਮੂ ਨੇ ਦੱਸਿਆ ਕਿ ਉਹ ਇਕ ਵਪਾਰੀ ਹੈ।

8 ਜੁਲਾਈ ਨੂੰ ਉਹ ਰਾਤ ਕਰੀਬ ਸਾਢੇ 9 ਵਜੇ ਸ਼ੇਰਪੁਰ ਚੌਂਕ ਤੋਂ ਰੇਲਵੇ ਸਟੇਸ਼ਨ ਜਾਣ ਲਈ ਇਕ ਆਟੋ ’ਚ ਬੈਠ ਗਿਆ। ਇਸ ਆਟੋ ’ਚ ਚਾਲਕ ਅਤੇ ਉਸਦਾ ਇਕ ਸਾਥੀ ਬੈਠੇ ਹੋਏ ਸਨ, ਜਿਨ੍ਹਾਂ ਨੂੰ ਰੇਲਵੇ ਸਟੇਸ਼ਨ ਜਾਣ ਲਈ ਕਿਹਾ ਪਰ ਉਹ ਰੇਲਵੇ ਸਟੇਸ਼ਨ ਜਾਣ ਦੀ ਬਜਾਏ ਉਸ ਨੂੰ ਪਿੰਡ ਹਰਨਾਮਪੁਰਾ ਸਥਿਤ ਇਕ ਡੇਰੇ ਕੋਲ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਏ। ਇੱਥੇ ਆਟੋ ਚਾਲਕ ਅਤੇ ਉਸਦੇ ਸਾਥੀ ਨੇ ਲੋਹੇ ਦੀ ਚੀਜ਼ ਨਾਲ ਉਸਦੇ ਗਲੇ 'ਤੇ ਵਾਰ ਕਰਕੇ ਉਸ ਨੂੰ ਨਹਿਰ ’ਚ ਸੁੱਟ ਦਿੱਤਾ ਪਰ ਇਸ ਤੋਂ ਪਹਿਲਾਂ ਦੋਵੇਂ ਲੁਟੇਰਿਆਂ ਨੇ ਉਸ ਕੋਲੋਂ 67700 ਰੁਪਏ ਦੀ ਨਕਦੀ, ਮੋਬਾਇਲ ਫੋਨ ਮਾਰਕਾ ਸੈਮਸੰਗ ਏ-21, ਪਲਾਜ਼ਮਾ ਕਟਰ ਮਸ਼ੀਨ, ਪਰਸ ਅਤੇ ਬਲੂਟੁੱਥ ਖੋਹ ਲਿਆ।

ਵਪਾਰੀ ਇਰਫ਼ਾਨ ਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਨਹਿਰ ’ਚੋਂ ਤੈਰ ਕੇ ਬਾਹਰ ਆ ਗਿਆ ਅਤੇ ਰੋਡ ’ਤੇ ਪੁੱਜ ਕੇ ਕਿਸੇ ਰਾਹਗੀਰ ਦੀ ਮਦਦ ਨਾਲ ਪੁਲਸ ਤੱਕ ਪਹੁੰਚਿਆ। ਥਾਣਾ ਸਾਹਨੇਵਾਲ ਦੀ ਪੁਲਸ ਨੇ ਅਣਪਛਾਤੇ ਆਟੋ ਸਵਾਰ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Babita

Content Editor

Related News