ਪੁਲਸ ਨਾਕੇ ਨੇੜੇ ਔਰਤ ਨਾਲ ਲੁੱਟ-ਖੋਹ
Tuesday, Mar 20, 2018 - 06:12 AM (IST)

ਜਲੰਧਰ, (ਮਹੇਸ਼)- ਰੈਣਕ ਬਾਜ਼ਾਰ ਵਿਚ ਸ਼ਾਪਿੰਗ ਕਰਨ ਆਈ ਕਰਤਾਰਪੁਰ ਨਿਵਾਸੀ ਇਕ ਔਰਤ ਕੋਲੋਂ ਐਕਟਿਵਾ ਸਵਾਰ ਲੁਟੇਰਾ ਪਰਸ ਝਪਟ ਕੇ ਫਰਾਰ ਹੋ ਗਿਆ। ਜੋਤੀ ਚੌਕ, ਜਿਥੇ ਹਰ ਵੇਲੇ ਪੁਲਸ ਦਾ ਨਾਕਾ ਲੱਗਾ ਰਹਿੰਦਾ ਹੈ, ਨੇੜੇ ਸੋਮਵਾਰ ਰਾਤ ਇਹ ਲੁੱਟ-ਖੋਹ ਦੀ ਵਾਰਦਾਤ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 4 ਦੇ ਏ. ਐੱਸ. ਆਈ. ਸੁੱਚਾ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਜ਼ਿਲਾ ਦਿਹਾਤੀ ਪੁਲਸ ਦੇ ਥਾਣਾ ਕਰਤਾਰਪੁਰ ਦੇ ਪਿੰਡ ਲਾਂਧੜਾ ਨਿਵਾਸੀ ਸੁਖਵਿੰਦਰ ਕੌਰ ਪਤਨੀ ਭੁਪਿੰਦਰ ਲਾਲ ਦੇ ਬਿਆਨ ਦਰਜ ਕੀਤੇ, ਜਿਸ ਵਿਚ ਉਸ ਨੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਬਾਜ਼ਾਰ ਵਿਚ ਖਰੀਦਦਾਰੀ ਕਰਨ ਆਈ ਸੀ। ਜਦੋਂ ਉਹ ਜੋਤੀ ਚੌਕ ਦੇ ਨਾਲ ਲੱਗਦੀ ਰੈੱਡ ਕਰਾਸ ਮਾਰਕੀਟ ਦੇ ਬਾਹਰ ਨਿਕਲ ਰਹੀ ਸੀ ਤਾਂ ਤੇਜ਼ ਰਫਤਾਰ ਐਕਟਿਵਾ ਸਵਾਰ ਨੇ ਉਸ ਦੇ ਹੱਥੋਂ ਪਰਸ ਝਪਟ ਲਿਆ, ਜਿਸ ਵਿਚ 40 ਹਜ਼ਾਰ ਰੁਪਏ ਦੀ ਨਕਦੀ, ਇਕ ਮੋਬੀÂਲ ਅਤੇ ਜ਼ਰੂਰੀ ਕਾਗਜ਼ਾਤ ਸਨ। ਪੁਲਸ ਨੇ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਸਹਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ।