3 ਲੱਖ ਰੁਪਏ ਦੀ ਲੁੱਟ ਦੀ ਘਟਨਾ ਨਿਕਲੀ ਮਨਘੜਤ, ਪੈਸੇ ਮੋੜਨ ਤੋਂ ਬਚਣ ਲਈ ਨੌਜਵਾਨ ਨੇ ਕੀਤਾ ਸੀ ਡਰਾਮਾ

2021-09-15T13:11:38.147

ਕੋਟਕਪੂਰਾ (ਨਰਿੰਦਰ): ਨੇੜਲੇ ਪਿੰਡ ਦੇਵੀਵਾਲਾ ਦੇ ਇਕ ਨੌਜਵਾਨ ਵੱਲੋਂ ਥਾਣਾ ਸਿਟੀ ਪੁਲਸ ਕੋਟਕਪੂਰਾ ਨੂੰ ਆਪਣੇ ਨਾਲ 3.20 ਲੱਖ ਰੁਪਏ ਦੀ ਵਾਪਰੀ ਲੁੱਟ ਦੀ ਘਟਨਾ ਦੀ ਦਿੱਤੀ ਗਈ ਇਤਲਾਹ ਪੁਲਸ ਵੱਲੋਂ ਇੰਸਪੈਕਟਰ ਮੁਖਤਿਆਰ ਸਿੰਘ ਐੱਸ. ਐੱਚ. ਓ. ਥਾਣਾ ਸਿਟੀ ਦੀ ਅਗਵਾਈ ਹੇਠ ਕੀਤੀ ਗਈ ਜਾਂਚ ਦੌਰਾਨ ਪੂਰੀ ਤਰ੍ਹਾਂ ਮਨਘੜਤ ਸਿੱਧ ਹੋਈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਵਾਸੀ ਪਿੰਡ ਦੇਵੀਵਾਲਾ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਬੀਤੀ ਰਾਤ ਸਾਢੇ 8 ਵਜੇ ਦੇ ਕਰੀਬ ਜਦੋਂ ਉਹ ਵਾਪਸ ਆਪਣੇ ਮੋਟਰਸਾਈਕਲ ’ਤੇ ਪਿੰਡ ਜਾ ਰਿਹਾ ਸੀ ਤਾਂ ਦੇਵੀਵਾਲਾ ਰੋਡ ’ਤੇ ਬਾਈਪਾਸ ਨੇੜੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਕੋਲੋਂ ਬੈਗ ਖੋਹ ਲਿਆ, ਜਿਸ ’ਚ 3.20 ਲੱਖ ਰੁਪਏ ਸਨ।

ਇਹ ਵੀ ਪੜ੍ਹੋ : ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ‘ਚ ਆਪਸ ’ਚ ਲੜੇ ਪਿੰਡ ਵਾਸੀ, ਕੁੱਟ-ਕੁੱਟ ਕੀਤਾ ਬੁਰਾ ਹਾਲ (ਵੀਡੀਓ)

ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਪੁਲਸ ਟੀਮ ਦੇ ਨਾਲ ਤੁਰੰਤ ਮੌਕੇ 'ਤੇ ਪੁੱਜੇ ਅਤੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਕਹਾਣੀ ਸ਼ੱਕੀ ਲੱਗੀ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਜਾਂਚ ਤੋਂ ਬਾਅਦ ਉਕਤ ਨੌਜਵਾਨ ਨੇ ਆਪਣੀ ਗਲਤੀ ਮੰਨ ਲਈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੇ ਤਾਏ ਦੇ 60 ਹਜ਼ਾਰ ਰੁਪਏ ਦੇਣੇ ਸਨ, ਜੋ ਕਿ ਵਾਰ-ਵਾਰ ਇਹ ਰਕਮ ਵਾਪਸ ਕਰਨ ਦੀ ਮੰਗ ਕਰ ਰਿਹਾ ਸੀ, ਜਿਸ ਤੋਂ ਬਚਣ ਲਈ ਹੀ ਉਸ ਨੇ ਇਹ ਡਰਾਮਾ ਰਚਿਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਉਕਤ ਵਿਅਕਤੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਆਰਥਿਕ ਤੰਗੀ ਦੇ ਚੱਲਦਿਆਂ 22 ਸਾਲਾ ਨੌਜਵਾਨ ਨੂੰ ਨਹੀਂ ਮਿਲਿਆ ਨਸ਼ਾ, ਖਾਧਾ ਜ਼ਹਿਰ


Shyna

Content Editor Shyna