ਨਾਭਾ ਦੇ ਪਿੰਡ ''ਚ ਵੱਡੀ ਵਾਰਦਾਤ, ਹਥਿਆਰਬੰਦ ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟਿਆ ਘਰ

11/17/2020 3:42:09 PM

ਨਾਭਾ (ਰਾਹੁਲ) : ਨਾਭਾ ਦੇ ਪਿੰਡ ਚੱਠਾ ਵਿਖੇ ਦਿਨ ਚੜ੍ਹਦਿਆਂ ਹੀ ਉਸ ਸਮੇਂ ਭੜਥੂ ਪੈ ਗਿਆ, ਜਦੋਂ 4 ਹਥਿਆਰਬੰਦ ਲੁਟੇਰਿਆਂ ਵਲੋਂ ਪਿੰਡ ਦੇ ਇਕ ਘਰ 'ਚ ਧਾਵਾ ਬੋਲ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਬਲਵੰਤ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ, ਉਨ੍ਹਾਂ ਦੀ ਪਤਨੀ ਅਤੇ ਨੌਕਰ ਨੂੰ ਹਥਿਆਰਾਂ ਦੀ ਨੋਕ 'ਤੇ ਬੰਧਕ ਬਣਾ ਲਿਆ ਅਤੇ ਘਰ ਅੰਦਰ ਵੜ ਗਏ।

ਉਨ੍ਹਾਂ ਨੇ ਬਲਵੰਤ ਸਿੰਘ 'ਤੇ ਪਿਸਤੌਲ ਤਾਣ ਕੇ ਘਰ 'ਚ ਪਿਆ 40 ਤੋਲੇ ਸੋਨਾ ਅਤੇ ਹੋਰ ਕੀਮਤੀ ਸਮਾਨ ਲੁੱਟਿਆ ਅਤੇ ਰਫੂਚੱਕਰ ਹੋ ਗਏ। ਲੁਟੇਰਿਆਂ ਨੇ ਘਰ ਦੇ ਤਿੰਨ ਮੈਂਬਰਾਂ ਨੂੰ ਬੰਧਕ ਬਣਾ ਕੇ ਕਰੀਬ 15 ਮਿੰਟਾਂ ਅੰਦਰ ਹੀ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਘਰ 'ਚ ਕੰਮ ਕਰਨ ਵਾਲੇ ਨੌਕਰ ਪਾਖਰ ਸਿੰਘ ਨੇ ਦੱਸਿਆ ਕਿ ਲੁਟੇਰੇ ਉਨ੍ਹਾਂ ਨੂੰ ਘਰ ਦੇ ਇਕ ਕਮਰੇ 'ਚ ਬੰਨ੍ਹ ਕੇ ਫਰਾਰ ਹੋ ਗਏ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਕਮਰੇ 'ਚੋਂ ਬਾਹਰ ਕੱਢਿਆ ਗਿਆ। ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਪੁਲਸ ਜਲਦ ਹੀ ਇਸ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਵੇਗੀ।
 


Babita

Content Editor Babita