ਮੈਡੀਕਲ ਸਟੋਰ ''ਚ ਦਿਨ-ਦਿਹਾੜੇ ਵਾਰਦਾਤ, ਲੁਟੇਰਿਆਂ ਨੇ ਮਹਿਲਾ ਦੁਕਾਨਦਾਰ ਨੂੰ ਲੁੱਟਿਆ

Tuesday, Aug 13, 2024 - 12:55 PM (IST)

ਮੈਡੀਕਲ ਸਟੋਰ ''ਚ ਦਿਨ-ਦਿਹਾੜੇ ਵਾਰਦਾਤ, ਲੁਟੇਰਿਆਂ ਨੇ ਮਹਿਲਾ ਦੁਕਾਨਦਾਰ ਨੂੰ ਲੁੱਟਿਆ

ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਹੈਬਤਪੁਰ ਰੋਡ 'ਤੇ ਗੁਲਮੋਹਰ ਸਿਟੀ ਅਪਾਰਟਮੈਂਟ ਦੇ ਸਾਹਮਣੇ ਇੱਕ ਕੈਮਿਸਟ ਦੀ ਦੁਕਾਨ ਤੋਂ ਮੋਟਰਸਾਈਕਲ ਸਵਾਰ 2 ਲੁਟੇਰੇ ਦਿਨ-ਦਿਹਾੜੇ ਇੱਕ ਮਹਿਲਾ ਦੁਕਾਨਦਾਰ ਦੇ ਗਲੇ ਦੀ ਚੇਨ, ਮੁੰਦਰੀ ਅਤੇ ਦੋ ਚੂੜੀਆਂ ਲੁੱਟ ਕੇ ਫ਼ਰਾਰ ਹੋ ਗਏ। ਗਹਿਣੇ ਖੋਹਣ ਤੋਂ ਬਾਅਦ ਦੋਵੇਂ ਤੇਜ਼ੀ ਨਾਲ ਡੇਰਾਬੱਸੀ ਵੱਲ ਭੱਜ ਗਏ। ਡੇਰਾਬੱਸੀ ਪੁਲਸ ਸੀ. ਸੀ. ਟੀ. ਵੀ. ਫੁਟੇਜ ਨੂੰ ਸਕੈਨ ਕਰਕੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਹੈਬਤਪੁਰ ਰੋਡ 'ਤੇ ਗੁਲਮੋਹਰ ਸਿਟੀ ਦੇ ਸਾਹਮਣੇ ਸਥਿਤ ਗ੍ਰੇਸ ਮੈਡੀਕਲ ਹਾਲ ਦੀ ਦੁਕਾਨ 'ਚ ਦੁਪਹਿਰ 2.30 ਵਜੇ ਦੇ ਕਰੀਬ ਵਾਪਰੀ। ਇਹ ਦੁਕਾਨ 34 ਸਾਲਾ ਦੀਪਿਕਾ ਪਤਨੀ ਰੋਹਿਤ ਵਾਸੀ ਪੰਜਾਬੀ ਬਾਗ ਡੇਰਾਬੱਸੀ ਚਲਾ ਰਹੀ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਦੀਪਿਕਾ ਨੇ ਦੱਸਿਆ ਕਿ ਪੱਗੜੀ ਬੰਨ੍ਹੀ ਇਕ ਨੌਜਵਾਨ ਬਾਈਕ 'ਤੇ ਉਸ ਕੋਲ ਆਇਆ ਸੀ। ਉਸ ਨੇ ਅੰਦਰ ਜਾ ਕੇ ਟੀਕਾ ਲਗਾਉਣ ਲਈ ਸਰਿੰਜ ਦੀ ਮੰਗ ਕੀਤੀ ਪਰ ਉਸ ਨੇ ਸਰਿੰਜ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਹੈਬਤਪੁਰ ਵੱਲ ਚਲਾ ਗਿਆ। ਕਰੀਬ 5 ਮਿੰਟ ਬਾਅਦ ਉਹ ਇਕ ਹੋਰ ਨੌਜਵਾਨ ਨਾਲ ਆਇਆ। ਦੋਵੇਂ ਮੋਟਰਸਾਈਕਲ ਬਾਹਰ ਖੜ੍ਹਾ ਕਰ ਅੰਦਰ ਵੜ ਗਏ।  

ਜਿਵੇਂ ਹੀ ਉਹ ਆਇਆ, ਉਸਨੇ ਝਪਟਾ ਮਾਰ ਕੇ ਉਸ ਦੇ ਗਲੇ ਦੀ ਚੇਨ ਖੋਹ ਲਈ ਅਤੇ ਉਸ ਦੀਆਂ ਦੋਵੇਂ ਬਾਹਾਂ ਫੜ੍ਹ ਕੇ ਸੋਨੇ ਦੀਆਂ ਚੂੜੀਆਂ ਅਤੇ ਹੱਥ ਵਿੱਚੋ ਅੰਗੂਠੀ ਕੱਢ ਲਈ।  ਇਸੇ ਦੌਰਾਨ ਦੂਜੇ ਨੌਜਵਾਨ ਮੋਟਰਸਾਈਕਲ 'ਤੇ ਗਹਿਣੇ ਲੈ ਕੇ ਡੇਰਾਬੱਸੀ ਵੱਲ ਭੱਜ ਗਏ। ਫ਼ਰਾਰ ਹੋਣ ਦੌਰਾਨ ਲੁਟੇਰੇ ਦੀ ਪੈਨਸਿਲ ਅਤੇ ਬਿਜਲੀ ਦੀਆਂ ਤਾਰਾਂ ਨੂੰ ਛਿਲਣ ਲਈ ਵਰਤਿਆ ਜਾਣ ਵਾਲਾ ਕਟਰ ਮੌਕੇ 'ਤੇ ਡਿੱਗ ਪਿਆ, ਜਿਸ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ। ਪਤਾ ਲੱਗਣ ਤੋਂ ਬਾਅਦ ਡੇਰਾਬੱਸੀ ਦਾ ਵਾਧੂ ਚਾਰਜ ਸੰਭਾਲ ਰਹੇ ਡੀ. ਐੱਸ. ਪੀ. ਅਜੀਤ ਪਾਲ, ਡੇਰਾਬੱਸੀ ਥਾਣੇ ਦੇ ਇੰਚਾਰਜ ਮਨਦੀਪ ਸਿੰਘ ਅਤੇ ਮੁਬਾਰਕਪੁਰ ਚੌਂਕੀ ਦੇ ਇੰਚਾਰਜ ਸਤਨਾਮ ਸਿੰਘ ਵੀ ਮੌਕੇ ’ਤੇ ਪੁੱਜੇ ਅਤੇ ਸੀ. ਸੀ. ਟੀ. ਵੀ. ਫੁਟੇਜ ਸਮੇਤ ਮੌਕੇ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਲੁਟੇਰਿਆਂ ਨੂੰ ਫੜ੍ਹ ਲਿਆ ਜਾਵੇਗਾ।  ਫਿਲਹਾਲ ਦੀਪਿਕਾ ਦੀ ਸ਼ਿਕਾਇਤ ਲੈ ਕੇ ਮੁਬਾਰਕਪੁਰ ਪੁਲਸ ਨੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News