ਨੈਸ਼ਨਲ ਹਾਈਵੇਅ 'ਤੇ ਖ਼ੌਫ਼ਨਾਕ ਵਾਰਦਾਤ, ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਵਿਅਕਤੀ ਕੋਲੋਂ ਖੋਹੀ ਕਾਰ (ਤਸਵੀਰਾਂ)
Thursday, Oct 14, 2021 - 09:34 AM (IST)
ਬੰਗਾ (ਚਮਨ ਲਾਲ/ਰਾਕੇਸ਼) : ਬੰਗਾ-ਨਵਾਂਸ਼ਹਿਰ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਮੱਲਪੁਰ ਅੜਕਾਂ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਵਿਖੇ ਬੀਤੀ ਦੇਰ ਰਾਤ ਇਕ ਐਕਟਿਵਾ ਸਕੂਟਰ ਸਵਾਰ 2 ਲੁਟੇਰਿਆਂ ਵੱਲੋਂ ਇਕ ਰਾਹਗੀਰ ਕੋਲੋਂ ਕਾਰ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਭੁਪਿੰਦਰ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਨਈ ਆਬਾਦੀ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਆਪਣੀ ਕਾਰ 'ਚ ਸਵਾਰ ਹੋ ਕੇ ਬੰਗਾ ਵੱਲ ਨੂੰ ਜਾ ਰਿਹਾ ਸੀ।
ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਮੱਲਪੁਰ ਅੜਕਾਂ ਨਜ਼ਦੀਕ ਪੁੱਜਾ ਤਾ ਉਸ ਦੀ ਪਤਨੀ ਦਾ ਫੋਨ ਆ ਗਿਆ, ਜੋ ਕਿ ਵਿਦੇਸ਼ ਵਿੱਚ ਰਹਿੰਦੀ ਹੈ। ਉਹ ਆਪਣੀ ਗੱਡੀ ਨੂੰ ਸੜਕ ਕਿਨਾਰੇ ਖੜ੍ਹੀ ਕਰ ਪਤਨੀ ਨਾਲ ਫੋਨ 'ਤੇ ਗੱਲਬਾਤ ਕਰ ਰਿਹਾ ਸੀ ਤਾਂ ਪਿੱਛਿਓਂ ਇਕ ਐਕਟਿਵਾ ਸਕੂਟਰ 'ਤੇ ਸਵਾਰ 2 ਨੌਜਵਾਨ ਆਏ ਅਤੇ ਉਸ ਦੀ ਕਾਰ ਕੋਲ ਆ ਕੇ ਰੁਕ ਗਏ। ਉਨ੍ਹਾਂ 'ਚੋਂ ਇਕ ਨੌਜਵਾਨ ਨੇ ਕਾਰ ਦੇ ਸ਼ੀਸ਼ੇ ਖੜਕਾਏ, ਜੋ ਕਿ ਥੋੜ੍ਹੇ ਖੁੱਲ੍ਹੇ ਸਨ। ਜਿਵੇਂ ਹੀ ਭੁਪਿੰਦਰ ਨੇ ਆਪਣੀ ਕਾਰ ਦੇ ਸ਼ੀਸ਼ੇ ਖੋਲ੍ਹ ਕੇ ਨੌਜਵਾਨ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਹੱਥ 'ਚ ਫੜ੍ਹੀ ਪਿਸਤੌਲ ਉਸ 'ਤੇ ਤਾਣ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ 'ਬਿਜਲੀ ਸੰਕਟ' 'ਤੇ ਮਨਪ੍ਰੀਤ ਬਾਦਲ ਦਾ ਬਿਆਨ, ਦੱਸਿਆ ਕਿਉਂ ਆ ਰਹੀ ਸਮੱਸਿਆ
ਭੁਪਿੰਦਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਆਪਣੀ ਗੱਡੀ ਦੀ ਸੈਲਫ ਮਾਰ ਕੇ ਉੱਥੋਂ ਭੱਜਦਾ, ਉਕਤ ਲੁਟੇਰੇ ਨੇ ਉਸ ਦੀ ਕਾਰ ਦੀ ਚਾਬੀ ਕੱਢ ਲਈ ਅਤੇ ਉਸ ਨੂੰ ਹੇਠਾ ਉਤਰਨ ਲਈ ਕਿਹਾ। ਲੁਟੇਰਾ ਉਸ ਦਾ ਫੋਨ ਵੀ ਮੰਗ ਰਿਹਾ ਸੀ ਪਰ ਉਸ ਨੇ ਕਿਹਾ ਕਿ ਉਹ ਕਿਸੇ ਨੂੰ ਫੋਨ ਨਹੀ ਕਰਦਾ। ਇਸ ਤੋਂ ਬਾਅਦ ਲੁਟੇਰਾ ਉਸ ਦੀ ਕਾਰ ਲੈ ਕੇ ਰਫ਼ੂਚੱਕਰ ਹੋ ਗਿਆ। ਉਸ ਦਾ ਸਾਥੀ ਉਸ ਦੇ ਪਿੱਛੇ ਐਕਟਿਵਾ 'ਤੇ ਫ਼ਰਾਰ ਹੋ ਗਿਆ।
ਪੀੜਤ ਵਿਅਕਤੀ ਵੱਲੋਂ 100 ਨੰਬਰ 'ਤੇ ਪੁਲਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਐੱਸ. ਪੀ. ਵਜ਼ੀਰ ਸਿੰਘ ਖਹਿਰਾ, ਡੀ. ਐੱਸ. ਪੀ. ਨਵਾਂਸ਼ਹਿਰ ਦਵਿੰਦਰ ਸਿੰਘ ਘੁਮੰਣ, ਐੱਸ. ਐੱਚ. ਓ. ਸਦਰ ਨਵਾਸ਼ਹਿਰ ਸ਼ਤੀਸ ਕੁਮਾਰ, ਐੱਸ. ਐੱਚ. ਓ. ਸਦਰ ਬੰਗਾ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਵੀ ਪੁੱਜ ਗਏ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਵੱਲੋਂ ਘਟਨਾ ਵਾਲੇ ਸਥਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ