ਲੁੱਟ-ਖੋਹ ਦੇ ਮਾਮਲੇ ’ਚ ਭਗੌੜਾ ਅੰਮ੍ਰਿਤਸਰ ਏਅਰਪੋਰਟ ਤੋਂ ਕਾਬੂ, 32 ਬੋਰ ਦਾ ਪਿਸਤੌਲ ਬਰਾਮਦ

Monday, Jun 20, 2022 - 05:43 PM (IST)

ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ ਚਲਾਈ ਮੁਹਿੰਮ ਤਹਿਤ ਸਮਾਲਸਰ ਪੁਲਸ ਨੇ ਲੁੱਟਾਂ-ਖੋਹਾਂ ਦੇ ਮਾਮਲੇ ਵਿਚ ਸ਼ਾਮਲ ਭਗੌੜੇ ਦੋਸ਼ੀ ਜਗਦੀਪ ਸਿੰਘ ਨਿਵਾਸੀ ਪਿੰਡ ਬਾਹਮਣੀਵਾਲਾ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਕਾਬੂ ਕੀਤਾ ਹੈ। ਪੁਲਸ ਮੁਤਾਬਕ ਉਕਤ ਮੁਲਜ਼ਮ ਦੁਬੱਈ ਜਾਣ ਲਈ ਏਅਰਪੋਰਟ ’ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਸਮਾਲਸਰ ਪੁਲਸ ਵੱਲੋਂ 14 ਜੂਨ 2022 ਨੂੰ ਦਰਜ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਦੋਸ਼ੀ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਉਸ ਨੇ ਦੱਸਿਆ ਕਿ ਪੁਲ ਨਹਿਰ ਸਮਾਲਸਰ ਕੋਲ ਇਕ 32 ਬੋਰ ਦੇਸੀ ਪਿਸਤੌਲ ਸਮੇਤ 3 ਕਾਰਤੂਸ ਦੱਬੇ ਹੋਏ ਹਨ, ਜਿਨ੍ਹਾਂ ਨੂੰ ਬਰਾਮਦ ਕੀਤਾ ਗਿਆ। ਜਾਣਕਾਰੀ ਅਨੁਸਾਰ ਦੋਸ਼ੀ ਖ਼ਿਲਾਫ 2021 ਵਿਚ ਕਾਰ ਖੋਹਣ ਦਾ ਮਾਮਲਾ ਵੀ ਦਰਜ ਹੋਇਆ ਸੀ, ਉਕਤ ਮਾਮਲੇ ਵਿਚ ਉਸਦੇ ਖ਼ਿਲਾਫ ਐੱਲ. ਓ. ਸੀ. ਜਾਰੀ ਕੀਤੀ ਗਈ ਸੀ।

ਦੋਸ਼ੀ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ, ਜਿਸ ਨੂੰ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਦੀ ਇਮੀਗ੍ਰੇਸ਼ਨ ਵੱਲੋਂ ਕਾਬੂ ਕਰ ਕੇ ਮੋਗਾ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ, ਜਿਸ ਨੂੰ ਥਾਣਾ ਸਮਾਲਸਰ ਦੇ ਮੁੱਖ ਅਫਸਰ ਦਲਜੀਤ ਸਿੰਘ ਗਿੱਲ ਵੱਲੋਂ ਹਿਰਾਸਤ ਵਿਚ ਲਿਆ ਗਿਆ। ਉਕਤ ਖਿਲਾਫ ਥਾਣਾ ਸਮਾਲਸਰ ਵਿਚ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Gurminder Singh

Content Editor

Related News