ਲੁਧਿਆਣਾ : ਬੈਂਕ ਲੁੱਟਣ ਵਾਲਿਆਂ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 5 ਲੱਖ ਦਾ ਇਨਾਮ

02/18/2020 5:48:19 PM

ਲੁਧਿਆਣਾ (ਰਿਸ਼ੀ) : ਗਿਲ ਰੋਡ 'ਤੇ ਆਈ. ਆਈ. ਐਫ.ਐਲ. (ਇੰਡੀਆ ਇਨਫਲੋਲਾਈਨ ਫਾਇਨੈਂਸ ਲਿਮਿਟਡ) 'ਚ ਦਿਨ-ਦਿਹਾੜੇ ਹੋਈ ਲੁੱਟ ਤੋਂ ਕੇਵਲ 15 ਮਿੰਟ ਪਹਿਲਾਂ ਬਰਾਂਚ ਮੈਨੇਜਰ ਨੇ ਮੁੰਬਈ ਫੋਨ ਕਰਕੇ ਸੇਫ ਦਾ ਡੋਰ ਖੋਲਣ ਦੇ ਲਈ ਓ. ਟੀ. ਪੀ. ਲਿਆ ਸੀ, ਕਿਉਂਕਿ ਕਿਸੇ ਗਾਹਕ ਨੇ ਕੰਪਨੀ ਨੂੰ ਵਿਆਜ ਦੇ ਪੈਸੇ ਦਿੱਤੇ ਸੀ। ਜਿਸ ਸੇਫ 'ਚ ਰੱਖਣਾ ਸੀ। ਇਸ ਤੋਂ ਬਾਅਦ ਵਾਰਦਾਤ ਹੋਈ ਤਾਂ ਪੁਲਸ ਨੂੰ ਪਹਿਲਾਂ ਸ਼ਕ ਸੀ ਕਿ ਕਿਤੇ ਸੈਫ ਦਾ ਡੋਰ ਦਾ ਖੁੱਲ੍ਹਾ ਹੋਣ ਕਾਰਨ ਡਕੈਤੀ ਹੋਈ ਹੈ।

ਸੂਚਨਾ ਦੇਣ ਵਾਲੇ ਨੂੰ ਮਿਲੇਗਾ 5 ਲੱਖ ਦਾ ਨਕਦ ਇਨਾਮ
ਲੁੱਟ ਦੇ 10 ਘੰਟੇ ਗੁਜ਼ਰਨ ਤੋਂ ਪਹਿਲਾਂ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਜਿੱਥੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾਂ ਬਿੱਲ ਦਿਖਾਏ ਸੋਨਾ ਵੇਚਣ ਵਾਲੇ ਤੋਂ ਕੋਈ ਆਮ ਆਦਮੀ ਅਤੇ ਜਿਊਲਰ ਸੋਨਾ ਨਾ ਖਰੀਦਣ। ਜੇਕਰ ਉਨ੍ਹਾਂ ਦੇ ਸੰਪਰਕ ਵਿਚ ਕੋਈ ਇਸ ਤਰ੍ਹਾਂ ਦਾ ਸ਼ੱਕੀ ਆਉਂਦਾ ਹੈ ਤਾਂ ਤੁਰੰਤ ਪੁਲਸ ਨੂੰ ਦੱਸਣ। ਉਥੇ ਲੁਟੇਰਿਆਂ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਦਾ ਨਾਂ ਜਿੱਥੇ ਗੁਪਤ ਰੱਖਿਆ ਜਾਵੇਗਾ, ਉਥੇ 5 ਲੱਖ ਦਾ ਨਕਦ ਇਨਾਮ ਵੀ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਸੀ. ਪੀ. ਅਗਰਵਾਲ ਘੁਮਾਰ ਮੰਡੀ ਵਿਚ 80 ਲੱਖ ਦਾ ਸੋਨਾ ਲੁੱਟ ਕੇ ਲਿਜਾਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਦਾ ਇਨਾਮ ਐਲਾਨ ਕਰ ਚੁੱਕੇ ਹਨ।

PunjabKesari

ਮਈ 2008 'ਚ ਗਿੱਲ ਰੋਡ 'ਤੇ ਵਾਰਦਾਤ ਮੌਕੇ ਲੈ ਗਏ ਸਨ 23 ਕਿਲੋ ਸੋਨਾ
ਇਸ ਤੋਂ ਪਹਿਲਾਂ ਮਈ 2008 ਵਿਚ ਵੀ ਗਿੱਲ ਰੋਡ 'ਤੇ ਇਕ ਗੋਲਡ ਰੱਖ ਕੇ ਲੋਨ ਦੇਣ ਵਾਲੀ ਕੰਪਨੀ ਤੋਂ 23 ਕਿਲੋ ਸੋਨੇ ਦੇ ਗਹਿਣੇ ਲੈ ਗਏ ਸਨ। ਉਸ ਸਮੇਂ ਗੋਲਡ ਕੰਪਨੀ ਦੇ ਇਕ ਵਰਕਰ ਦੀ ਸ਼ਮੂਲੀਅਤ ਪਾਈ ਗਈ ਸੀ। ਜਿਸ ਨੇ ਰਾਤ ਦੇ ਸਮੇਂ ਬ੍ਰਾਂਚ ਦਾ ਇਕ ਗੇਟ ਬੰਦ ਨਹੀਂ ਕੀਤਾ ਸੀ ਪਰ ਪੁਲਸ ਵਲੋਂ 24 ਘੰਟਿਆਂ ਦੇ ਅੰਦਰ ਹੀ ਕੇਸ ਹੱਲ ਕਰ ਕੇ 100 ਫੀਸਦੀ ਬਰਾਮਦਗੀ ਕਰ ਲਈ ਗਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਨੂੰ ਹੱਲ ਅਤੇ ਰਿਕਵਰੀ ਕਰਨ ਵਿਚ ਪੁਲਸ ਨੂੰ ਕਿੰਨਾ ਸਮਾਂ ਲੱਗੇਗਾ।

ਕੰਮ ਛੱਡ ਕੇ ਜਾ ਚੁੱਕੇ ਸਟਾਫ ਦੀ ਹੋ ਰਹੀ ਲਿਸਟ ਤਿਆਰ
ਪੁਲਸ ਵੱਲੋਂ ਕੰਪਨੀ ਤੋਂ ਕੰਮ ਛੱਡ ਕੇ ਜਾ ਚੁੱਕੇ ਸਟਾਫ ਦੀ ਵੀ ਲਿਸਟ ਤਿਆਰ ਕੀਤੀ ਜਾ ਰਹੀ ਹੈ, ਤਾਂ ਕਿ ਪਤਾ ਚੱਲ ਸਕੇ ਕਿ ਫਿਲਹਾਲ ਸਾਰੇ ਲੋਕ ਕਿੱਥੇ ਮੌਜੂਦ ਹਨ। ਉਥੇ ਹੀ ਪੁਲਸ ਵੱਲੋਂ ਵਾਰਦਾਤ ਦੇ ਸਮੇਂ ਏਰੀਏ ਦਾ ਡੰਪ ਚੁੱਕਿਆ ਗਿਆ ਹੈ, ਜਿਸ 'ਚ ਸੈਂਕੜੇ ਮੋਬਾਇਲ ਨੰਬਰ ਆਏ ਹਨ, ਜਿਨ੍ਹਾਂ 'ਤੇ ਪੁਲਸ ਦੀ ਵੱਖਰੀ ਟੀਮ ਕੰਮ ਕਰ ਰਹੀ ਹੈ।

PunjabKesari

ਪੁਰਾਣੇ ਲੁੱਟ ਦੇ ਮਾਮਲਿਆਂ ਦੇ ਮੁਲਜ਼ਮਾਂ ਨੂੰ ਲੱਭ ਰਹੀ ਪੁਲਸ
ਲੁਧਿਆਣਾ (ਰਾਜ)-ਆਈ. ਆਈ. ਐੱਫ. ਐੱਲ. ਕੰਪਨੀ 'ਚ ਕਰੋੜਾਂ ਦੀ ਲੁੱਟ ਦੇ ਮਾਮਲੇ 'ਚ ਮੁਲਜ਼ਮਾਂ ਦੀ ਤਲਾਸ਼ 'ਚ ਪੁਲਸ ਲੋਹਾਰਾ-ਡਾਬਾ ਇਲਾਕੇ 'ਚ ਸਰਚ ਮੁਹਿੰਮ ਚਲਾ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਸੰਨ 2015 'ਚ ਮਣਾਪੁਰਮ ਗੋਲਡ 'ਚ ਲੁੱਟ ਕਰਨ ਵਾਲੇ ਮੁਲਜ਼ਮਾਂ ਦਾ ਇਸ 'ਚ ਹੱਥ ਹੋ ਸਕਦਾ ਹੈ, ਕਿਉਂਕਿ , ਉਕਤ ਮਾਮਲੇ 'ਚ ਜ਼ਿਆਦਾਤਰ ਮੁਲਜ਼ਮ ਜ਼ਮਾਨਤ 'ਤੇ ਬਾਹਰ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਲੋਹਾਰਾ ਡਾਬਾ ਇਲਾਕੇ 'ਚ ਵੀ ਵੇਖਿਆ ਗਿਆ ਹੈ, ਇਸ ਲਈ ਪੁਲਸ ਨੇ ਲੋਹਾਰਾ-ਡਾਬਾ 'ਚ ਸਥਿਤ ਉਨ੍ਹਾਂ ਦੇ ਪੁਰਾਣੇ ਐਡਰੈੱਸ 'ਤੇ ਰੇਡ ਕੀਤੀ ਸੀ ਪਰ ਸਾਰੇ ਮੁਲਜ਼ਮਾਂ ਨੇ ਕਮਰੇ ਛੱਡ ਦਿੱਤੇ ਹਨ। ਹਾਲਾਂਕਿ, ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਉਕਤ ਮੁਲਜ਼ਮ ਇਲਾਕੇ 'ਚ ਹੀ ਘੁੰਮਦੇ ਵੇਖੇ ਗਏ ਹਨ, ਇਸ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਪੂਰੇ ਇਲਾਕੇ ਦੇ ਘਰਾਂ ਦੀ ਸਰਚ ਕਰ ਰਹੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕਈ ਮੁਲਜ਼ਮਾਂ ਦੇ ਐਡਰੈਸ ਹੀ ਠੀਕ ਨਹੀਂ ਸਨ। ਉਸ ਸਮੇਂ ਪੁਲਸ ਨੇ ਕਈਆਂ ਦੇ ਐਡਰੈੱਸ ਵੈਰੀਫਾਈ ਹੀ ਨਹੀਂ ਕੀਤੇ ਸਨ। ਹਾਲਾਂਕਿ, ਪੁਲਸ ਸਾਰੇ ਘਰਾਂ ਦੀ ਤਲਾਸ਼ੀ ਲੈ ਰਹੀ ਹੈ।
 


Anuradha

Content Editor

Related News