ਹਾਰਿਆਂ ਹੋਇਆਂ ਤੋਂ ਜਿੱਤ ਦੀਆਂ ਉਮੀਦਾਂ ਬਰਕਰਾਰ

04/16/2019 12:34:52 PM

ਟੱਲੇਵਾਲ - ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਤਹਿਤ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਅਤੇ ਪੰਜਾਬ ਡੈਮੋਕੇਟਿਕ ਅਲਾਇੰਸ ਨੇ ਆਪਣੇ 13 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਦਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅਜੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ। ਦੱਸਣਯੋਗ ਹੈ ਕਿ ਪੰਜਾਬ ਦੀਆਂ ਲੋਕ ਸਭਾ ਚੋਣਾਂ 'ਚ ਸਿਆਸੀ ਦਲ ਚੋਣ ਦੰਗਲ ਦੇ ਤਜਰਬੇਕਾਰ ਉਮੀਦਵਾਰਾਂ 'ਤੇ ਆਪਣਾ ਦਾਅ ਲਗਾ ਰਹੇ ਹਨ। ਵੱਖ-ਵੱਖ ਸਿਆਸੀ ਦਲਾਂ ਵਲੋਂ ਇਨ੍ਹਾਂ ਚੋਣਾਂ 'ਚ 15 ਦੇ ਕਰੀਬ ਅਜਿਹੇ ਉਮੀਦਵਾਰਾਂ ਦੇ ਨਾਵਾਂ ਦੀ ਯੋਸ਼ਣਾ ਕੀਤੀ ਗਈ ਹੈ, ਜੋ ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਇਨ੍ਹਾਂ 'ਚੋਂ 3 ਉਮੀਦਵਾਰ ਅਜਿਹੇ ਹਨ, ਜੋ ਐੱਮ.ਪੀ. ਦੀ ਚੋਣ ਹਾਰੇ ਹੋਏ ਹਨ, ਜਦੋਂਕਿ 12 ਵਿਧਾਨ ਸਭਾ ਚੋਣਾਂ 'ਚ ਮਾਤ ਦੇ ਚੁੱਕੇ ਹਨ।  ਦੂਜੇ ਪਾਸੇ ਕਾਂਗਰਸ ਇਸ ਵਾਰ ਚਾਰ ਹਾਰੇ ਹੋਏ ਉਮੀਦਵਾਰਾਂ 'ਤੇ ਆਪਣਾ ਦਾਅ ਲਗਾ ਰਹੀ ਹੈ। ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪਰਨੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜੋ 2014 'ਚ 'ਆਪ' ਦੇ ਡਾ.ਧਰਮਵੀਰ ਗਾਂਧੀ ਤੋਂ ਚੋਣ ਹਾਰ ਗਏ ਸਨ। ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ 2017 ਵਿਧਾਨ ਸਭਾ ਚੋਣਾਂ 'ਚ 'ਆਪ' ਦੇ ਮਾਸਟਰ ਬਲਦੇਵ ਤੋਂ ਹਾਰ ਗਏ ਸਨ।

ਇਨ੍ਹਾਂ ਚੋਣਾਂ 'ਚ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੀ ਆਪ ਦੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਹਾਰ ਗਏ ਸਨ। ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਜਸਵੀਰ ਸਿੰਘ ਡਿੰਪਾ 2007 'ਚ ਬਿਆਸ ਹਲਕੇ ਤੋਂ ਅਕਾਲੀ ਉਮੀਦਵਾਰ ਮਨਜਿੰਦਰ ਕੰਗ ਤੋਂ ਹਾਰ ਗਏ ਸਨ। ਸ਼੍ਰੋਮਣੀ ਅਕਾਲੀ ਦਲ ਵਲੋਂ ਪਿਛਲੀਆਂ ਚੋਣਾਂ ਹਾਰੇ ਹੋਏ 5 ਉਮੀਦਵਾਰ ਇਸ ਵਾਰ ਖੜ੍ਹੇ ਕੀਤੇ ਗਏ ਹਨ। ਇਨ੍ਹਾਂ 'ਚ ਪਟਿਆਲਾ ਤੋਂ ਖੜ੍ਹੇ ਸੁਰਜੀਤ ਰੱਖੜਾ 2017 ਚੋਣਾਂ ਵਿੱਚ ਸਮਾਣਾ ਹਲਕੇ ਤੋਂ ਹਾਰ ਚੁੱਕੇ ਹਨ। ਫਰੀਦਕੋਟ ਤੋਂ ਪਾਰਟੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ 2017 'ਚ ਅਟਾਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਤਰਸੇਮ ਸਿੰਘ ਤੋਂ ਹਾਰੇ ਸਨ। ਲੁਧਿਆਣਾ ਤੋਂ ਉਮੀਦਵਾਰ ਮਹੇਸ਼ਇੰਦਰ ਗਰੇਵਾਲ 2002 ਅਤੇ 2007 ਦੀਆਂ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਹਨ। ਫ਼ਤਹਿਗੜ੍ਹ ਸਾਹਿਬ ਤੋਂ ਚੋਣ ਲੜ ਰਹੇ ਦਰਬਾਰਾ ਸਿੰਘ ਗੁਰੂ 2012 'ਚ ਭਦੌੜ ਹਲਕੇ ਅਤੇ 2017 'ਚ ਬੱਸੀ ਪਠਾਣਾਂ ਹਲਕੇ ਤੋਂ ਚੋਣ ਹਾਰ ਗਏ ਸਨ। 

ਪੀ.ਡੀ.ਏ ਨੇ ਲੋਕ ਇਨਸਾਫ਼ ਪਾਰਟੀ ਵਲੋਂ ਸੰਗਰੂਰ ਸੀਟ ਤੋਂ ਜੱਸੀ ਜਸਰਾਜ ਦੇ ਨਾਂ ਦਾ ਐਲਾਨ ਕੀਤਾ ਹੈ, ਜੋ 2014 'ਚ ਲੋਕ ਸਭਾ ਦੀ ਬਠਿੰਡਾ ਸੀਟ ਹਾਰ ਚੁੱਕੇ ਹਨ। ਬਸਪਾ ਦੇ ਹੁਸ਼ਿਆਪੁਰ ਤੋਂ ਉਮੀਦਵਾਰ ਬਲਵਿੰਦਰ ਕੁਮਾਰ 2017 ਚੋਣਾਂ ਵਿੱਚ ਅਜਨਾਲਾ ਸੀਟ ਤੋਂ ਮਾਤ ਖਾ ਗਏ ਸਨ। ਪੰਥਕ ਹਲਕੇ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਵਲੋਂ ਚੋਣ ਲੜ ਰਹੇ ਬੀਬੀ ਪਰਮਜੀਤ ਕੌਰ ਖਾਲੜਾ 1999 'ਚ ਸ਼੍ਰੋਮਣੀ ਅਕਾਲੀ ਦਲ ( ਸਰਵ ਹਿੰਦ) ਦੀ ਟਿਕਟ ਤੋਂ ਹਾਰ ਚੁੱਕੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ 2017 ਦੀ ਬਰਨਾਲਾ ਤੋਂ ਚੋਣ ਲੜ ਚੁੱਕੇ ਸਿਮਰਨਜੀਤ ਸਿੰਘ ਮਾਨ ਹਾਰ ਗਏ ਸਨ, ਜੋ ਹੁਣ ਸੰਗਰੂਰ ਤੋਂ ਚੋਣ ਲੜ ਰਹੇ ਹਨ। 'ਆਪ' ਵਲੋਂ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਡਾ.ਰਵਜੋਤ ਸਿੰਘ ਦੇ ਨਾਂ 'ਤੇ ਮੋਹਰ ਲਾਈ ਗਈ ਹੈ, ਜੋ 2017 'ਚ ਸ਼ਾਮ ਚੁਰਾਸੀ ਹਲਕੇ ਦੀਆਂ ਚੋਣਾਂ 'ਚ ਹਾਰੇ ਸਨ। ਇਸ ਤੋਂ ਇਲਾਵਾ ਨਰਿੰਦਰ ਸ਼ੇਰਗਿੱਲ ਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ, ਜੋ ਮੁਹਾਲੀ ਵਿਧਾਨ ਸਭਾ ਹਲਕੇ ਤੋਂ 2017 ਵਿਧਾਨ ਸਭਾ ਚੋਣਾਂ ਹਾਰੇ ਸਨ।


rajwinder kaur

Content Editor

Related News