ਲੋਕ ਸਭਾ ਚੋਣਾਂ 'ਚ ਵਿਰੋਧੀ ਧਿਰ ਦੇ ਹੱਕ 'ਚ ਭੁਗਤਦੇ ਰਹੇ ਹਨ 'ਪੰਜਾਬੀ'
Friday, Apr 12, 2019 - 11:10 AM (IST)

ਗੁਰਦਾਸਪੁਰ (ਹਰਮਨਪ੍ਰੀਤ) - ਦੇਸ਼ ਨੂੰ ਮਿਲੀ ਅਜ਼ਾਦੀ ਤੋਂ ਬਾਅਦ ਕਰੀਬ 16 ਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਦਾ ਰੁਝਾਨ ਬਹੁਤ ਦਿਲਚਸਪ ਤਰੀਕਿਆਂ ਨਾਲ ਤਬਦੀਲ ਹੁੰਦਾ ਆ ਰਿਹਾ ਹੈ। ਜੇਕਰ ਕੁਝ ਚੋਣਾਂ ਨੂੰ ਛੱਡ ਕੇ ਬਾਕੀ ਦੇ ਚੋਣ ਨਤੀਜਿਆਂ 'ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚ ਜ਼ਿਆਦਾ ਜਿੱਤ ਉਸ ਪਾਰਟੀ ਨੂੰ ਮਿਲਦੀ ਰਹੀ ਹੈ ਜੋ ਸੱਤਾ 'ਚ ਨਾ ਹੋਵੇ ਪਰ ਸੱਤਾਧਾਰੀ ਧਿਰ ਨਾਲ ਸਬੰਧਿਤ ਪਾਰਟੀ ਨੂੰ ਬਹੁਤੀ ਵਾਰ ਪੰਜਾਬ ਦੇ ਲੋਕਾਂ ਨੇ ਜ਼ਿਆਦਾ ਸਮਰਥਨ ਨਹੀਂ ਦਿੱਤਾ। 2014 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੋਂਦ 'ਚ ਆਈ ਪਾਰਟੀ ਨੇ ਆਪਣੀ ਸਥਾਪਨਾ ਦੇ ਕੁਝ ਸਮੇਂ ਬਾਅਦ ਹੀ ਜਿਥੇ ਪੰਜਾਬ ਦੀਆਂ ਚਾਰ ਸੀਟਾਂ ਜਿੱਤ ਕੇ ਇਤਿਹਾਸ ਸਿਰਜਿਆ ਸੀ, ਉਥੇ ਇਸ ਪਾਰਟੀ ਨੇ ਪੰਜਾਬ ਦੇ ਪੁਰਾਣੇ ਚੋਣ ਇਤਿਹਾਸ ਦੇ ਰੁਝਾਨ 'ਚ ਇਕ ਨਵੀਂ ਤਸਵੀਰ ਪੇਸ਼ ਕਰ ਦਿੱਤੀ ਸੀ। ਕਿਉਂਕਿ ਇਸ ਤੋਂ ਪਹਿਲਾਂ ਕਦੀ ਵੀ ਕਿਸੇ ਨਵੀਂ ਪਾਰਟੀ ਅਤੇ ਤੀਸਰੀ ਧਿਰ ਨੂੰ ਪੰਜਾਬ ਅੰਦਰ ਏਨੇ ਵੱਡੇ ਪੱਧਰ 'ਤੇ ਹੁੰਗਾਰਾ ਨਹੀਂ ਮਿਲਿਆ ਸੀ।
ਪੰਜਾਬ ਅੰਦਰ ਕਾਂਗਰਸ ਨੂੰ ਕਦੋਂ ਕਿੰਨੀਆਂ ਸੀਟਾਂ 'ਤੇ ਨਸੀਬ ਹੋਈ ਜਿੱਤ
ਅਜਾਦੀ ਉਪਰੰਤ ਦੇਸ਼ ਦੀ ਪਹਿਲੀ ਹੱਦਬੰਦੀ ਮੁਤਾਬਕ ਪੰਜਾਬ ਅੰਦਰ 1952 'ਚ 18 ਲੋਕ ਸਭਾ ਹਲਕੇ ਸਨ ਜਦੋਂ ਕਿ ਦੂਸਰੀ ਹੱਦਬੰਦੀ ਮੁਤਾਬਿਕ 1957 ਅਤੇ 1962 ਦੀਆਂ ਚੋਣਾਂ ਮੌਕੇ ਪੰਜਾਬ ਅੰਦਰ 22-22 ਲੋਕ ਸਭਾ ਹਲਕੇ ਸਨ। ਪੰਜਾਬ ਦੇ ਪੁਰਨਗਠਨ ਉਪਰੰਤ ਪੰਜਾਬ 'ਚ 13 ਲੋਕ ਸਭਾ ਹਲਕੇ ਹੋਂਦ 'ਚ ਆਏ, ਜਿਸ ਤੋਂ ਬਾਅਦ ਹੁਣ ਤੱਕ 13 ਲੋਕ ਸਭਾ ਹਲਕਿਆਂ 'ਚ ਚੋਣਾਂ ਹੁੰਦੀਆਂ ਆ ਰਹੀਆਂ ਹਨ। ਇਨ੍ਹਾਂ ਹਲਕਿਆਂ 'ਚ ਵਿਧਾਨ ਸਭਾ ਹਲਕਿਆਂ ਦੀ ਟੁੱਟ ਭੱਜ ਕੀਤੀ ਜਾ ਚੁੱਕੀ ਹੈ ਪਰ ਇਨ੍ਹਾਂ ਦੀ ਕੁੱਲ ਗਿਣਤੀ 13 ਹੀ ਰਹੀ। ਪੰਜਾਬ ਅੰਦਰ ਪੁਨਰਗਠਨ ਤੋਂ ਪਹਿਲਾਂ ਤਾਂ ਕਾਂਗਰਸ ਦਾ ਬੋਲਬਾਲਾ ਸੀ ਪਰ ਬਾਅਦ 'ਚ ਪੰਜਾਬ ਅੰਦਰ ਅਕਾਲੀ ਦਲ ਦੇ ਵਧੇ ਗ੍ਰਾਫ ਨੇ ਕਾਂਗਰਸ ਨੂੰ ਖੋਰਾ ਲਗਾਇਆ। ਇਸੇ ਤਰ੍ਹਾਂ ਅਕਾਲੀ ਦਲ ਵਲੋਂ 1997 'ਚ ਭਾਜਪਾ ਨਾਲ ਕੀਤੇ ਗਠਜੋੜ ਨੇ ਕਾਂਗਰਸ ਦੀ ਵੱਡੀਆਂ ਜਿੱਤਾਂ ਨੂੰ ਹਾਰਾਂ 'ਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਪੰਜਾਬ ਅੰਦਰ ਲੋਕ ਸਭਾ ਚੋਣਾਂ ਤੇ ਨਤੀਜਿਆਂ ਦੇ ਰੁਝਾਨ ਬਦਲਣੇ ਸ਼ੁਰੂ ਹੋ ਗਏ ਪਰ ਬਹੁਤੀ ਵਾਰ ਇਹੀ ਹੁੰਦਾ ਰਿਹਾ ਕਿ ਪੰਜਾਬ ਦੇ ਲੋਕ ਜ਼ਿਆਦਾ ਸੀਟਾਂ ਵਿਰੋਧੀ ਧਿਰ ਵਾਲੀ ਪਾਰਟੀ ਦੀ ਝੋਲੀ 'ਚ ਪਾਉਂਦੇ ਰਹੇ।
ਚੋਣ ਵਰ੍ਹਾ | ਲੋਕ ਸਭਾ ਸੀਟਾਂ | ਜਿੱਤੀਆਂ ਸੀਟਾਂ |
1952 | 18 | 16 |
1957 | 22 | 21 |
1962 | 22 | 14 |
1967 | 13 | 09 |
1971 | 13 | 10 |
1977 | 13 | 00 |
1980 | 13 | 12 |
1985 | 13 | 06 |
1989 | 13 | 01 |
1992 | 13 | 12 |
1996 | 13 | 01 |
1998 | 13 | 00 |
1999 | 13 | 08 |
2004 | 13 | 02 |
2009 | 13 | 08 |
2014 | 13 | 03 |
ਅਕਾਲੀ ਦਲ ਨੂੰ ਕਦੋਂ ਮਿਲੀਆਂ ਕਿਨੀਆਂ ਸੀਟਾਂ?
ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਤਾਂ ਅਕਾਲੀ ਦਲ ਪਤਲੀ ਸਥਿਤੀ ਵਿਚੋਂ ਹੀ ਗੁਜ਼ਰਦਾ ਰਿਹਾ। ਪਰ ਪੁਨਰਗਠਨ ਉਪਰੰਤ ਅਕਾਲੀ ਦਲ ਦੀ ਸਥਿਤੀ ਵਿਚ ਸੁਧਾਰ ਹੋਣਾ ਸ਼ੁਰੂ ਹੋਇਆ ਸੀ। ਖਾਸ ਤੌਰ 'ਤੇ ਦੇਸ਼ ਅੰਦਰ ਲੱਗੀ ਐਂਮਰਜੈਂਸੀ ਉਪਰੰਤ ਜਿਥੇ ਦੇਸ਼ ਅੰਦਰ ਕਈ ਹੋਰ ਖੇਤਰੀ ਪਾਰਟੀਆਂ 'ਚ ਉਭਾਰ ਦੇਖਣ ਨੂੰ ਮਿਲਿਆ ਉਥੇ ਪੰਜਾਬ ਅੰਦਰ ਅਕਾਲੀ ਦਲ ਨੇ ਵੀ ਮਜ਼ਬੂਤੀ ਨਾਲ ਪੈਰ ਪਸਾਰੇ ਅਤੇ ਲੋਕਾਂ ਦਾ ਫਤਵਾ ਮਿਲਣ ਕਾਰਨ ਵੱਡੀਆਂ ਜਿੱਤਾਂ ਦਰਜ ਕੀਤੀਆਂ।
ਚੋਣ ਵਰ੍ਹਾ | ਲੋਕ ਸਭਾ ਸੀਟਾਂ | ਜਿੱਤੀਆਂ ਸੀਟਾਂ |
1977 | 13 | 09 |
1980 | 13 | 01 |
1985 | 13 | 07 |
1989 | 13 | 07 |
1992 | 13 | |
1996 | 13 | 09 |
1998 | 13 | 08 |
1999 | 13 | 02 |
2004 | 13 | 08 |
2009 | 13 | 04 |
2014 | 13 | 04 |
ਅਕਾਲੀ ਦਲ ਨਾਲ ਭਾਈਵਾਲੀ ਦੇ ਬਾਅਦ ਵਧਿਆ ਭਾਜਪਾ ਦਾ ਗ੍ਰਾਫ
ਪੰਜਾਬ ਅੰਦਰ ਜਦੋਂ ਜਨਸੰਘ, ਜਨਤਾ ਪਾਰਟੀ ਅਤੇ ਭਾਜਪਾ ਦੇ ਰੂਪ ਵਿਚ ਇਹ ਤੀਸਰੀ ਧਿਰ ਜਦੋਂ ਇਕੱਲੇ ਚੋਣ ਲੜਦੀ ਸੀ ਤਾਂ ਇਸ ਨੂੰ ਜਿਆਦਾ ਹੁੰਗਾਰਾ ਨਹੀਂ ਮਿਲਦਾ ਰਿਹਾ। ਪਰ ਅਕਾਲੀ ਦਲ ਨਾਲ ਗਠਜੋੜ ਦੇ ਬਾਅਦ ਜਿਥੇ ਅਕਾਲੀ ਦਲ ਨੂੰ ਮਜ਼ਬੂਤੀ ਮਿਲੀ ਉਥੇ ਭਾਜਪਾ ਨੂੰ ਵੀ ਇਸ ਦਾ ਵੱਡਾ ਸਿਆਸੀ ਲਾਭ ਹੋਇਆ ਜਿਸ ਉਪਰੰਤ ਕਈ ਵਾਰ ਭਾਜਪਾ ਅਕਾਲੀ ਦਲ ਨਾਲ ਕੀਤੇ ਸਮਝੌਤੇ ਤਹਿਤ ਤਿੰਨ ਸੀਟਾਂ 'ਤੇ ਚੋਣ ਲੜ ਕੇ ਤਿੰਨਾਂ ਸੀਟਾਂ 'ਤੇ ਵੀ ਜਿੱਤ ਪ੍ਰਾਪਤ ਕਰਦੀ ਰਹੀ ਹੈ।
ਚੋਣ ਵਰ੍ਹਾ | ਜਿੱਤੀਆਂ ਸੀਟਾਂ |
1962 | 03 |
1967 | 01 |
1977 | 03 |
1989 | 01 |
1998 | 03 |
1999 | 01 |
2004 | 03 |
2009 | 01 |
2014 | 02 |
1977 ਤੋਂ ਬਾਅਦ ਬਦਲਣ ਲੱਗੀ ਸਿਆਸੀ ਤਸਵੀਰ
ਪੰਜਾਬੀ ਪੰਜਾਬ ਅੰਦਰ ਜੋ ਵੀ ਪਾਰਟੀ ਸੱਤਾ ਵਿਚ ਰਹੀ ਹੈ, ਉਸ ਦੇ ਕਾਰਜਕਾਲ ਦੌਰਾਨ ਵਿਰੋਧੀ ਧਿਰ ਵਜੋਂ ਵਿਚਰ ਰਹੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਮਿਸਾਲ ਦੇ ਤੌਰ 'ਤੇ 1997 ਦੌਰਾਨ ਬਣੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ 1999 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ 8 ਸੀਟਾਂ ਲੈਣ ਵਿਚ ਸਫ਼ਲ ਰਹੀ। ਜਦੋਂ ਕਿ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 2004 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ 13 ਵਿਚੋਂ 11 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਿਚ ਸਫਲ ਰਿਹਾ। ਇਸੇ ਤਰ੍ਹਾਂ 2007 ਦੌਰਾਨ ਮੁੜ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਵਿਚ 2009 ਦੌਰਾਨ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਮੁੜ 8 ਸੀਟਾਂ ਪ੍ਰਾਪਤ ਕਰਨ 'ਚ ਸਫਲ ਰਹੀ। ਜਦੋਂ ਕਿ 2014 ਦੌਰਾਨ ਪੰਜਾਬ ਅੰਦਰ ਬਦਲੇ ਸਿਆਸੀ ਹਾਲਾਤਾਂ ਦੌਰਾਨ ਜਦੋਂ ਸੂਬੇ ਅੰਦਰ ਅਕਾਲੀ ਦਲ-ਭਾਜਪਾ ਗਠਜੋੜ ਲਗਾਤਾਰ ਦੂਸਰੀ ਵਾਰ ਸੱਤਾ 'ਤੇ ਰਾਜ ਕਰ ਰਿਹਾ ਸੀ ਤਾਂ ਉਸ ਮੌਕੇ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਤਾਂ 4 ਸੀਟਾਂ 'ਤੇ ਜਿਤਾ ਦਿੱਤਾ ਜਦੋਂ ਕਿ ਆਪ ਦੀ ਝੋਲੀ ਵਿਚ 04 ਸੀਟਾਂ ਪਾ ਦਿੱਤੀਆਂ, ਜਿਸ ਕਾਰਨ ਕਾਂਗਰਸ ਨੂੰ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ 02 ਸੀਟਾਂ 'ਤੇ ਹੀ ਸਬਰ ਕਰਨਾ ਪਿਆ ਸੀ।