...ਤਾਂ ਯੂ. ਪੀ. 'ਚ 10 ਸੀਟਾਂ 'ਤੇ ਸਿਮਟ ਸਕਦੀ ਹੈ ਭਾਜਪਾ!

Friday, Dec 21, 2018 - 04:06 PM (IST)

...ਤਾਂ ਯੂ. ਪੀ. 'ਚ 10 ਸੀਟਾਂ 'ਤੇ ਸਿਮਟ ਸਕਦੀ ਹੈ ਭਾਜਪਾ!

ਜਲੰਧਰ (ਨਰੇਸ਼ ਕੁਮਾਰ)—ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੀਆਂ ਸਿਆਸੀ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਨੂੰ ਚੁਣੌਤੀ ਦੇਣ ਲਈ ਜਿਥੇ ਇਕ ਪਾਸੇ ਕਾਂਗਰਸ ਮੈਦਾਨ 'ਚ ਹੈ, ਉਥੇ ਹੀ ਸਥਾਨਕ ਪੱਧਰ 'ਤੇ ਸੂਬਿਆਂ 'ਚ ਵੀ ਭਾਜਪਾ ਦੇ ਵਿਰੁੱਧ ਗਠਜੋੜ ਆਕਾਰ ਲੈਣ ਲੱਗੇ ਹਨ। ਇਸ ਦਰਮਿਆਨ ਸਭ ਤੋਂ ਵੱਡੀ ਖਬਰ ਉੱਤਰ ਪ੍ਰਦੇਸ਼ (ਯੂ. ਪੀ.) ਦੀ ਸਿਆਸਤ ਨੂੰ ਲੈ ਕੇ ਹੈ, ਜਿਥੇ ਸਿਆਸਤ ਦੇ ਕੱਟੜ ਵਿਰੋਧੀ ਸਪਾ ਤੇ ਬਸਪਾ ਇਕ ਵਾਰ ਫਿਰ ਇਕਜੁੱਟ ਹੋਣ ਲਈ ਮਜਬੂਰ ਹੋਏ ਹਨ। ਇਸ ਗਠਜੋੜ ਦੀਆਂ ਸੀਟਾਂ ਨੂੰ ਲੈ ਕੇ ਆਖਰੀ ਫੈਸਲਾ ਜਨਵਰੀ ਦੇ ਅੱਧ 'ਚ ਆਉਣ ਦੀ ਉਮੀਦ ਹੈ ਤੇ ਹਾਲ ਹੀ ਦੀਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਕਾਂਗਰਸ ਇਸ ਗਠਜੋੜ ਦਾ ਹਿੱਸਾ ਨਹੀਂ ਹੋਵੇਗੀ ਪਰ ਬਸਪਾ ਦੇ ਸੀਨੀਅਰ ਆਗੂ ਸਤੀਸ਼ ਚੰਦਰ ਮਿਸ਼ਰਾ ਨੇ ਕਾਂਗਰਸ ਤੋਂ ਬਿਨਾਂ ਗਠਜੋੜ ਕੀਤੇ ਜਾਣ ਦੀਆਂ ਖਬਰਾਂ ਨੂੰ ਨਕਾਰਿਆ ਹੈ। ਲਿਹਾਜ਼ਾ ਮੰਨਿਆ ਜਾ ਰਿਹਾ ਹੈ ਕਿ ਥੋੜ੍ਹੀ ਜਿਹੀ ਸੌਦੇਬਾਜ਼ੀ ਤੋਂ ਬਾਅਦ ਕਾਂਗਰਸ ਨੂੰ ਵੀ ਇਸ ਗਠਜੋੜ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਕਾਂਗਰਸ ਇਸ ਗਠਜੋੜ ਦਾ ਹਿੱਸਾ ਹੋਈ ਤਾਂ ਵਿਰੋਧੀ ਧਿਰ ਦਾ ਵੋਟ ਇਕਮੁੱਠ ਹੋਵੇਗਾ, ਅਜਿਹੇ 'ਚ 2004 ਅਤੇ 2009 ਵਰਗੇ ਚੋਣ ਨਤੀਜਿਆਂ ਦੀ ਸੰਭਾਵਨਾ ਤੋਂ ਨਾਂਹ ਨਹੀੰ ਕੀਤੀ ਜਾ ਸਕਦੀ। ਇਨ੍ਹਾਂ ਦੋਨਾਂ ਚੋਣਾਂ 'ਚ ਭਾਜਪਾ 10 ਸੀਟਾਂ 'ਤੇ ਸਿਮਟ ਗਈ ਸੀ। 

ਯੂ. ਪੀ. ਦਾ ਚੋਣ ਟਰੈਂਡ

  ਭਾਜਪਾ ਵਿਰੋਧੀ ਕੁੱਲ ਸੀਟਾਂ

1991 

51 34 85
1996 52  33 85
1998 57 28 85
1999 29  56 85
2004 10 70 80
2009 10 70 80
2014 73 07 80

 

2004 ਅਤੇ 2009 ਦੇ ਨਤੀਜੇ ਦੁਹਰਾਉਣ ਦੀ ਉਮੀਦ 'ਚ ਵਿਰੋਧੀ ਪਾਰਟੀਆਂ
ਯੂ. ਪੀ. 'ਚ ਭਾਜਪਾ ਦੇ ਵਿਰੁੱਧ ਖੜ੍ਹਾ ਹੋ ਰਿਹਾ ਗਠਜੋੜ 2004 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਦੁਹਰਾਉਣ ਦੀ ਉਮੀਦ 'ਚ ਹੈ। ਹਾਲਾਂਕਿ ਪੂਰੀ ਵਿਰੋਧੀ ਧਿਰ ਨੂੰ ਪਿਛਲੀਆਂ ਚੋਣਾਂ ਦੌਰਾਨ ਯੂ. ਪੀ. ਦੀਆਂ 80 'ਚੋਂ 7 ਸੀਟਾਂ ਮਿਲੀਆਂ ਸਨ ਪਰ ਇਨ੍ਹਾਂ ਸਾਰੀਆਂ ਦੀਆਂ ਕੁਲ ਵੋਟਾਂ ਮਿਲਾ ਕੇ ਭਾਜਪਾ ਦੀਆਂ ਵੋਟਾਂ ਨਾਲੋਂ ਜ਼ਿਆਦਾ ਸੀ। ਭਾਜਪਾ ਨੂੰ ਯੂ. ਪੀ. 'ਚ 42.63 ਫੀਸਦੀ ਵੋਟਾਂ ਨਾਲ 71 ਸੀਟਾਂ ਮਿਲੀਆਂ ਸਨ ਜਦਕਿ ਸਪਾ ਨੂੰ 23.35 ਫੀਸਦੀ ਵੋਟਾਂ ਨਾਲ ਸਿਰਫ 5 ਸੀਟਾਂ ਮਿਲੀਆਂ ਸਨ। 
ਕਾਂਗਰਸ ਨੂੰ 7.53 ਫੀਸਦੀ ਵੋਟਾਂ ਮਿਲੀਆਂ ਸਨ ਤੇ ਉਸ ਨੂੰ 2 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਸੀ ਜਦਕਿ ਬਸਪਾ 19.77 ਫੀਸਦੀ ਵੋਟਾਂ ਹਾਸਲ ਕਰ ਕੇ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ। ਇਨ੍ਹਾਂ ਤਿੰਨਾਂ ਦੀਆਂ ਵੋਟਾਂ ਮਿਲਾ ਦਿੱਤੀਆਂ ਜਾਣ ਤਾਂ ਇਹ 50 ਫੀਸਦੀ ਤੋਂ ਜ਼ਿਆਦਾ ਬਣਦੀਆਂ ਹਨ ਤੇ ਜੇ ਇਹ ਸਾਰੀਆਂ ਵੋਟਾਂ ਇਕਜੁੱਟ ਹੋਈਆਂ ਤਾਂ ਯੂ. ਪੀ. 'ਚ ਭਾਜਪਾ ਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ।

1993 'ਚ ਵੀ ਹੋਇਆ ਸੀ ਸਪਾ-ਬਸਪਾ ਦਾ ਗਠਜੋੜ
6 ਦਸੰਬਰ 1992 ਨੂੰ ਬਾਬਰੀ ਮਸਜਿਦ ਕਾਂਡ ਤੋਂ ਬਾਅਦ ਹੋਈਆਂ ਯੂ. ਪੀ. ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੀ ਸਪਾ ਤੇ ਬਸਪਾ ਇਕੱਠੀਆਂ ਹੋਣ ਲਈ ਮਜਬੂਰ ਹੋਈਆਂ ਸਨ, ਉਦੋਂ ਸਾਂਝਾ ਉੱਤਰ ਪ੍ਰਦੇਸ਼ ਹੁੰਦਾ ਸੀ। ਭਾਜਪਾ ਇਕ ਪਾਸੇ ਜਦਕਿ ਦੂਜੇ ਪਾਸੇ ਸਪਾ ਤੇ ਬਸਪਾ ਦਾ ਗਠਜੋੜ ਸੀ। ਇਹ ਗਠਜੋੜ ਮਿਲ ਕੇ ਵੀ ਭਾਜਪਾ ਦੇ ਮੁਕਾਬਲੇ ਇਕ ਸੀਟ ਪਿੱਛੇ ਰਹਿ ਗਿਆ ਸੀ। ਉਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਨੂੰ 67 ਸੀਟਾਂ ਮਿਲੀਆਂ ਸਨ ਜਦਕਿ ਸਪਾ 109 ਸੀਟਾਂ 'ਤੇ ਜਿੱਤੀ ਸੀ। ਭਾਜਪਾ ਇਨ੍ਹਾਂ ਦੋਹਾਂ ਦੇ ਮੁਕਾਬਲੇ ਇਕੱਲੀ ਲੜ ਕੇ ਵੀ 177 ਵਿਧਾਨ ਸਭਾ ਸੀਟਾਂ 'ਤੇ ਜਿੱਤ ਗਈ ਸੀ। 1993 ਦੇ ਨਤੀਜੇ ਦੱਸਦੇ ਹਨ ਕਿ ਦੋਹਾਂ ਪਾਰਟੀਆਂ ਦੀਆਂ ਵੋਟਾਂ ਇਕ ਦੂਜੀ ਨੂੰ ਪੂਰੀ ਤਰ੍ਹਾਂ ਟਰਾਂਸਫਰ ਹੋਣ ਦਾ ਖਦਸ਼ਾ ਹੁੰਦਾ ਹੈ।

ਭਾਵਨਾਤਮਕ ਮੁੱਦੇ 'ਤੇ ਵੋਟ ਕਰਦਾ ਹੈ ਯੂ. ਪੀ.
ਯੂ.ਪੀ. ਦਾ ਚੋਣ ਇਤਿਹਾਸ ਦੱਸਦਾ ਹੈ ਕਿ ਇਥੋਂ ਦੇ ਵੋਟਰ ਭਾਵਨਾਤਮਕ ਮੁੱਦੇ 'ਤੇ ਜ਼ਿਆਦਾ ਵੋਟ ਕਰਦੇ ਹਨ। ਇਸ ਦੀ ਮਿਸਾਲ 1991 ਤੋਂ ਲੈ ਕੇ 1999 ਤਕ ਹੋਈ ਵੋਟਿੰਗ ਦਾ ਪੈਟਰਨ ਹੈ। 1990 ਦੇ ਦਹਾਕੇ 'ਚ ਅਯੁੱਧਿਆ 'ਚ ਰਾਮ ਮੰਦਿਰ ਦਾ ਮੁੱਦਾ ਦੇਸ਼ ਦੇ ਸਿਆਸੀ ਮੰਚ 'ਤੇ ਛਾਇਆ ਹੋਇਆ ਸੀ। ਲਿਹਾਜ਼ਾ  ਭਾਜਪਾ ਨੂੰ ਇਸ ਦੌਰਾਨ ਯੂ. ਪੀ. 'ਚ ਬੰਪਰ ਸਫਲਤਾ ਵੀ ਮਿਲੀ। 1991 'ਚ ਭਾਜਪਾ ਨੂੰ ਯੂ. ਪੀ. 'ਚ 51, 1996 'ਚ 52, 1998 'ਚ 57 ਤੇ 1999 'ਚ 29 ਸੀਟਾਂ ਮਿਲੀਆਂ। ਜਿਵੇਂ ਹੀ ਰਾਮ ਮੰਦਰ ਦਾ ਮੁੱਦਾ ਕੌਮੀ ਸਿਆਸਤ ਦੇ ਮੰਚ ਤੋਂ ਦੂਰ ਹੋਇਆ, 2004 'ਚ ਭਾਜਪਾ ਯੂ. ਪੀ. 'ਚ 10 ਸੀਟਾਂ 'ਤੇ ਸਿਮਟ ਗਈ। 2009 'ਚ ਵੀ ਭਾਜਪਾ ਨੂੰ ਇਥੇ 10 ਸੀਟਾਂ ਹੀ ਮਿਲੀਆਂ। ਪਿਛਲੀਆਂ ਚੋਣਾਂ ਦੌਰਾਨ ਦੇਸ਼ ਭਰ 'ਚ ਛਾਏ ਹਿੰਦੂਤਵ ਦੇ ਮੁੱਦੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਾਣਸੀ ਸੀਟ ਤੋਂ ਚੋਣ ਲੜਨ ਕਰ ਕੇ ਯੂ. ਪੀ.'ਚ ਧਰੁਵੀਕਰਨ ਹੋਇਆ ਤੇ ਭਾਜਪਾ ਨੇ ਸੂਬੇ 'ਚ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਹਾਸਲ  ਕੀਤੀ। ਲਿਹਾਜ਼ਾ ਮੰਨਿਆ ਜਾ ਰਿਹਾ ਹੈ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਯੂ. ਪੀ. 'ਚ ਭਾਵਨਾਤਮਕ ਮੁੱਦੇ ਨੂੰ ਲੈ ਕੇ ਹੀ ਮੈਦਾਨ 'ਚ ਉੱਤਰ ਸਕਦੀ ਹੈ। 

ਭਾਜਪਾ ਨੂੰ ਕਿਉਂ ਨੁਕਸਾਨ
ਐੱਸ. ਸੀ./ਐੱਸ. ਟੀ. ਐਕਟ 'ਤੇ ਸੁਪਰੀਮ ਕੋਰਟ ਦਾ ਫੈਸਲਾ ਪਲਟਣ ਨਾਲ ਸਵਰਣ ਨਾਰਾਜ਼। 
ਨੋਟਬੰਦੀ ਤੇ ਜੀ. ਐੱਸ. ਟੀ. ਦੇ ਚਲਦੇ ਭਾਜਪਾ ਦਾ ਕੋਰ ਵੋਟਰ ਗੁੱਸੇ 'ਚ।
ਯੋਗੀ ਆਦਿਤਿਯਾਨਾਥ ਦਾ ਅਕਸ ਠਾਕੁਰਾਂ ਦੇ ਸੀ. ਐੱਮ. ਦੀ, ਬ੍ਰਾਹਮਣ ਨਾਰਾਜ਼।
ਕੇਂਦਰ ਦੀਆਂ ਯੋਜਨਾਵਾਂ ਦਾ ਜ਼ਮੀਨੀ ਪੱਧਰ 'ਤੇ ਫਾਇਦਾ ਨਹੀਂ।
ਭਾਜਪਾ ਦੇ ਜ਼ਿਆਦਾਤਰ ਸੰਸਦ ਮੈਂਬਰ ਗੈਰ-ਸਰਗਰਮ।

ਵਿਰੋਧੀ ਧਿਰ ਨੂੰ ਕਿਉਂ ਫਾਇਦਾ
ਵਿਰੋਧੀ ਦਲਿਤ, ਮੁਸਲਿਮ, ਯਾਦਵ ਦਾ ਸਮੀਕਰਨ ਬਣਾਏਗਾ।
ਵੋਟਾਂ ਦੀ ਵੰਡ ਨਾਲ ਭਾਜਪਾ ਨੂੰ ਹੋਣ ਵਾਲਾ ਫਾਇਦਾ ਰੁਕੇਗਾ।
ਵਿਰੋਧੀ ਧਿਰ ਨੂੰ ਆਪਣੇ ਹਿੱਸੇ ਦੀਆਂ ਸੀਟਾਂ 'ਤੇ ਹੀ ਪੂਰੀ ਤਾਕਤ ਲਗਾਉਣ ਦਾ ਮੌਕਾ ਮਿਲੇਗਾ।
ਕੇਂਦਰ ਸਰਕਾਰ ਦੀਆਂ ਨਾਕਾਮੀਆਂ ਨੂੰ ਜਨਤਾ 'ਚ ਲਿਜਾਣਾ ਆਸਾਨ ਹੋਵੇਗਾ।
ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਵਿਰੋਧੀ ਧਿਰ ਨੂੰ ਆਸਾਨੀ ਹੋਵੇਗੀ।

17 ਕਮਜ਼ੋਰ ਸੀਟਾਂ 'ਤੇ ਵਿਰੋਧੀ ਧਿਰ ਦੀ ਨਜ਼ਰ
2014 ਦੇ ਚੋਣ ਦੇ ਮੈਦਾਨ ਦੇ ਦੌਰਾਨ ਹਾਲਾਂਕਿ ਭਾਜਪਾ ਨੇ ਯੂ. ਪੀ. 'ਚ 71 ਸੀਟਾਂ ਜਿੱਤੀਆਂ ਸਨ ਅਤੇ 2 ਸੀਟਾਂ ਉਸਦੀ ਸਹਿਯੋਗੀ ਰਾਸ਼ਟਰੀ ਲੋਕਦਲ ਨੂੰ ਮਿਲੀ ਸੀ ਪਰ ਭਾਜਪਾ ਦੀ 17 ਸੀਟਾਂ ਅਜਿਹੀਆਂ ਸਨ, ਜਿਥੇ ਜਿੱਤ ਦਾ ਫਰਕ 10 ਫੀਸਦੀ ਤੋਂ ਘੱਟ ਸੀ। ਵਿਰੋਧੀ ਧਿਰ ਦੀ ਨਜ਼ਰ ਇਨ੍ਹਾਂ ਸੀਟਾਂ 'ਤੇ ਰਹੇਗੀ ਕਿਉਂਕਿ ਇਨ੍ਹਾਂ ਸੀਟਾਂ 'ਤੇ ਥੋੜ੍ਹੀ ਮਿਹਨਤ ਨਾਲ ਹੀ ਨਤੀਜੇ ਭਾਜਪਾ ਖਿਲਾਫ ਜਾ ਸਕਦੇ ਹਨ।

2014 'ਚ ਭਾਜਪਾ ਦੀਆਂ ਕਮਜ਼ੋਰ ਸੀਟਾਂ
ਸੀਟ ਮਾਰਜਨ (% 'ਚ)
ਇਲਾਹਾਬਾਦ 6.98
ਬਸਤੀ 3.23
ਗਾਜੀਪੁਰ 3.31
ਹਰਦੋਈ 8.43
ਕੇਸਰਗੰਜ 8.40
ਕੋਸ਼ਾਂਬੀ 4.79
ਕੁਸ਼ੀਨਗਰ 9.10
ਲਾਲਗੰਜ 7.08
ਸਿਸਰਿਖ 8.84
ਮੁਰਾਦਾਬਾਦ 7.79
ਨਗੀਨਾ 9.87
ਰਾਮਪੁਰ 2.47
ਸਹਾਰਨਪੁਰ 5.48
ਸੰਬਲ 0.49
ਸੰਤ ਕਬੀਰ ਨਗਰ9.73
ਸ਼੍ਰੀਵਸਤੀ 8.90
ਸੀਤਾਪੁਰ 5.03


author

Shyna

Content Editor

Related News