ਲੋਕ ਸਭਾ ਚੋਣਾਂ ਦੇ ਨਾਲ ਹਲਕਾ ਦਾਖਾ ''ਚ ਵੀ ਜ਼ਿਮਨੀ ਚੋਣ ਦਾ ਵੱਜੇਗਾ ਬਿਗੁਲ
Thursday, Dec 13, 2018 - 11:56 AM (IST)
ਲੁਧਿਆਣਾ (ਮੁੱਲਾਂਪੁਰੀ) : ਲੁਧਿਆਣਾ ਜ਼ਿਲੇ ਦੇ ਜਨਰਲ ਹਲਕਾ ਦਾਖਾ ਤੋਂ 'ਆਪ' ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵੱਲੋਂ ਬੇਅਦਬੀ ਮਾਮਲੇ 'ਤੇ ਅਸਤੀਫਾ ਦੇ ਦਿੱਤਾ ਗਿਆ ਹੈ। ਹੁਣ ਇਸ ਇਲਾਕੇ ਦੀ ਚੋਣ ਕਦੋਂ ਹੋਵੇਗੀ, ਇਸ ਦੀਆਂ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਨੇ ਇਸ਼ਾਰਾ ਕੀਤਾ ਕਿ ਹੁਣ ਦੇਸ਼ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਾਲ ਹਲਕਾ ਦਾਖਾ ਵਿਚ ਵੀ ਜ਼ਿਮਨੀ ਚੋਣ ਦਾ ਬਿਗੁਲ ਵੱਜੇਗਾ। ਇਥੇ ਦੱਸਣਾ ਹੋਵੇਗਾ ਕਿ ਪੰਜਾਬ 'ਚ ਬੇਅਦਬੀ ਮਾਮਲੇ 'ਤੇ ਬਾਦਲ ਸਰਕਾਰ ਮੌਕੇ ਜੇ ਕਿਸੇ ਵਿਧਾਇਕ ਨੇ ਰੋਸ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ, ਉਸ ਵੇਲੇ ਵਿਰੋਧੀ ਧਿਰ 'ਚ ਬੈਠੇ ਰਮਨਜੀਤ ਸਿੰਘ ਸਿੱਕੀ ਸਨ, ਉਸ ਨੇ ਅਸਤੀਫਾ ਦਿੱਤਾ ਸੀ। ਉਸ ਤੋਂ ਬਾਅਦ ਭਾਵੇਂ ਬਾਦਲ ਸਰਕਾਰ ਨੇ ਜ਼ਿਮਨੀ ਚੋਣ 'ਚ ਇਸ ਸੀਟ ਤੋਂ ਬ੍ਰਹਮਪੁਰਾ ਦੇ ਬੇਟੇ ਨੂੰ ਵਿਧਾਇਕ ਬਣਾਇਆ ਸੀ ਪਰ 2017 'ਚ ਹੋਈਆਂ ਚੋਣਾਂ 'ਚ ਰਮਨਜੀਤ ਸਿੱਕੀ ਹੀ ਧਮਾਕੇਦਾਰ ਵਾਪਸੀ ਨਾਲ ਜਿੱਤ ਕੇ ਵਿਧਾਨ ਸਭਾ ਫਿਰ ਪੁੱਜ ਗਏ।
੍ਰਹੁਣ ਉਸੇ ਤਰਜ਼ 'ਤੇ ਹਲਕਾ ਦਾਖਾ ਤੋਂ 'ਆਪ' ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਅਸਤੀਫਾ ਦਿੱਤਾ ਹੈ, ਜੋ ਲਗਭਗ ਪ੍ਰਵਾਨ ਹੋ ਗਿਆ ਹੈ। ਹੁਣ ਫੂਲਕਾ ਨੇ ਐੱਮ. ਪੀ. ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਸ. ਫੂਲਕਾ ਦਾ ਅਸਤੀਫਾ ਮਨਜ਼ੂਰ ਹੋ ਜਾਣ 'ਤੇ ਇਸ ਹਲਕੇ 'ਚ ਨਵਾਂ ਵਿਧਾਇਕ ਬਣਨ ਦੀ ਦੌੜ ਸ਼ੁਰੂ ਹੋ ਗਈ ਹੈ। ਇਸ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਮਨਪ੍ਰੀਤ ਇਯਾਲੀ ਤੇ ਕਾਂਗਰਸ ਦੇ ਉਮੀਦਵਾਰ ਮੇਜਰ ਸਿੰਘ ਭੈਣੀ 2017 'ਚ ਚੋਣ ਲੜੇ ਸਨ ਪਰ ਹਾਰ ਗਏ ਸਨ ਤੇ ਫੂਲਕਾ ਜੇਤੂ ਹੋਏ ਸਨ। ਹੁਣ ਇਹ ਵੀ ਚਰਚਾ ਹੈ ਕਿ ਅਕਾਲੀ ਦਲ ਦੀ ਹਾਈ ਕਮਾਨ ਮਨਪ੍ਰੀਤ ਇਯਾਲੀ ਨੂੰ ਉਮੀਦਵਾਰ ਬਣਾਏਗੀ, ਜਦੋਂ ਕਿ ਕਾਂਗਰਸ ਵੱਲੋਂ ਮੇਜਰ ਸਿੰਘ ਭੈਣੀ ਤੋਂ ਬਾਅਦ ਟਿਕਟ ਦੀ ਆਸ ਲਈ ਕੇਵਲ ਸਿੰਘ ਢਿੱਲੋਂ, ਗੁਰਦੇਵ ਸਿੰਘ ਲਾਪਰਾਂ, ਅਮਰੀਕ ਸਿੰਘ ਆਲੀਵਾਲ ਵੀ ਸੰਜੀਦਾ ਉਮੀਦਵਾਰ ਦੱਸੇ ਜਾ ਰਹੇ ਹਨ।