ਖਡੂਰ ਸਾਹਿਬ ਸੀਟ ਖੁੰਝਣ ਤੋਂ ਬਾਅਦ ਜ਼ੀਰਾ ਨੇ ਮੰਗਿਆ ਫਿਰੋਜ਼ਪੁਰ (ਵੀਡੀਓ)
Wednesday, Apr 17, 2019 - 06:54 PM (IST)
ਨਵੀਂ ਦਿੱਲੀ/ਫਿਰੋਜ਼ਪੁਰ (ਕਮਲ) : ਖਡੂਰ ਸਾਹਿਬ ਸੀਟ ਹੱਥੋਂ ਖੁੰਝਣ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਨੇ ਹਾਈਕਮਾਨ ਤੋਂ ਹੁਣ ਫਿਰੋਜ਼ਪੁਰ ਦੀ ਟਿਕਟ ਮੰਗੀ ਹੈ। ਇਸ ਦੇ ਚੱਲਦੇ ਜ਼ੀਰਾ ਪਾਰਟੀ ਆਲਾ ਕਮਾਨ ਨਾਲ ਮੁਲਾਕਾਤ ਵੀ ਕਰ ਰਹੇ ਹਨ। ਨਵੀਂ ਦਿੱਲੀ 'ਚ ਗੱਲਬਾਤ ਕਰਦੇ ਹੋਏ ਜ਼ੀਰਾ ਨੇ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਫਿਰੋਜ਼ਪੁਰ ਵਿਚ ਹਰਾਉਣਾ ਚਾਹੁੰਦੇ ਹਨ। ਜ਼ੀਰਾ ਨੇ ਕਿਹਾ ਕਿ ਫਿਰੋਜ਼ਪੁਰ ਵਿਚ ਬਰਗਾੜੀ ਦਾ ਮਾਮਲਾ ਵੀ ਗਰਮਾਇਆ ਹੋਇਆ ਹੈ ਅਤੇ ਲੋਕਾਂ ਵਿਚ ਅਕਾਲੀ ਦਲ ਪ੍ਰਤੀ ਰੋਸ ਹੈ। ਇਸ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਵੀ ਇਸ ਸੰਬੰਧੀ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਨ ਉਨ੍ਹਾਂ ਨੂੰ ਫਿਰੋਜ਼ਪੁਰ ਦੀ ਟਿਕਟ ਦਿੰਦਾ ਹੈ ਤਾਂ ਉਹ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸ਼ੇਰ ਸਿੰਘ ਘੁਬਾਇਆ ਨੂੰ ਵੀ ਨਾਲ ਲੈ ਕੇ ਚੱਲਣਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਥਕ ਹਲਕੇ ਖਡੂਰ ਸਾਹਿਬ ਤੋਂ ਵੀ ਇੰਦਰਜੀਤ ਸਿੰਘ ਜ਼ੀਰਾ ਨੇ ਦਾਅਵੇਦਾਰੀ ਪੇਸ਼ ਕੀਤੀ ਸੀ। ਜ਼ੀਰਾ ਨੇ ਕਿਹਾ ਸੀ ਕਿ ਪੰਥਕ ਹਲਕਾ ਹੋਣ ਕਾਰਨ ਖਡੂਰ ਸਾਹਿਬ ਸੀਟ ਉਨ੍ਹਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਪਰ ਹਾਈ ਕਮਾਨ ਨੇ ਜ਼ੀਰਾ ਦੇ ਬਜਾਏ ਜਸਬੀਰ ਡਿੰਪਾ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ।