ਟੌਹੜਾ ਪਰਿਵਾਰ ਮੁੜ ਅਕਾਲੀ ਦਲ ''ਚ ਸ਼ਾਮਲ

04/20/2019 7:01:08 PM

ਪਟਿਆਲਾ : ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੇ ਅੱਜ ਮੁੜ ਅਕਾਲੀ ਦਲ ਵਿਚ ਵਾਪਸੀ ਕਰ ਲਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵਿਚ ਵਾਪਸੀ 'ਤੇ ਟੌਹੜਾ ਪਰਿਵਾਰ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਪਟਿਆਲਾ ਹਲਕੇ ਵਿਚ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ ਚੰਗਾ ਅਸਰ ਰਸੂਖ ਹੈ। 
ਟੌਹੜਾ ਪਰਿਵਾਰ ਦਾ ਅਕਾਲੀ ਦਲ ਵਿਚ ਸ਼ਾਮਲ ਹੋਣਾ ਪਹਿਲਾਂ ਤੋਂ ਤੈਅ ਸੀ ਸਿਰਫ ਰਸਮੀ ਐਲਾਨ ਹੋਣਾ ਬਾਕੀ ਸੀ, ਜੋ ਕਿ ਸ਼ਨੀਵਾਰ ਨੂੰ ਕਰ ਦਿੱਤਾ ਗਿਆ। ਲੰਘੇ ਕੱਲ ਜਥੇਦਾਰ ਟੌਹੜਾ ਦੇ ਦਾਮਾਦ ਹਰਮੇਲ ਸਿੰਘ ਟੌਹੜਾ ਅਤੇ ਉਨ੍ਹਾਂ ਦੇ ਪੋਤਰੇ ਸਾਬਕਾ ਚੇਅਰਮੈਨ ਹਰਿੰਦਰ ਪਾਲ ਸਿੰਘ ਟੌਹੜਾ ਦੀ ਸੁਖਬੀਰ ਸਿੰਘ ਬਾਦਲ ਨਾਲ ਲੰਬੀ ਮੀਟਿੰਗ ਹੋਈ ਸੀ। ਜਿਸ ਵਿਚ ਸਭ ਕੁੱਝ ਪਹਿਲਾਂ ਹੀ ਤੈਅ ਹੋ ਗਿਆ ਸੀ। ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਟੌਹੜਾ ਪਰਿਵਾਰ ਸੁਖਬੀਰ ਸਿੰਘ ਬਾਦਲ ਦੇ ਸੰਪਰਕ 'ਚ ਸੀ। ਇਸ ਸਬੰਧੀ ਪਹਿਲਾਂ ਵੀ 2 ਮੀਟਿੰਗਾਂ ਹੋ ਚੁੱਕੀਆਂ ਸਨ ਤੇ ਆਖਰੀ ਮੀਟਿੰਗ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਰੱਖੜਾ ਅਤੇ ਹੋਰ ਨੇਤਾਵਾਂ ਦੀ ਜਦੋ-ਜਹਿਦ ਬਦੌਲਤ ਸਿਰੇ ਚੜ੍ਹ ਗਈ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਪੱਖੀਆਂ ਦਾ ਪੰਜਾਬ 'ਚ ਵੱਡਾ ਜਨ ਆਧਾਰ ਹੈ। ਕਿਸੇ ਸਮੇਂ ਜਥੇਦਾਰ ਟੌਹੜਾ ਨੇ ਵੱਖਰਾ ਅਕਾਲੀ ਦਲ ਬਣਾ ਕੇ ਵੀ ਚੋਣਾਂ ਲੜੀਆਂ ਸਨ। ਉਸ ਸਮੇਂ ਅਕਾਲੀ ਦਲ ਨੂੰ ਸੱਤਾ ਤੋਂ ਹੱਥ ਧੋਣਾ ਪਿਆ ਸੀ। ਲਗਾਤਾਰ 28 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ ਵੀ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲ ਰਿਹਾ ਹੈ। ਜਥੇਦਾਰ ਟੌਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ 1977 'ਚ 90 ਹਜ਼ਾਰ 317 ਵੋਟਾਂ ਨਾਲ ਚੋਣ ਹਰਾ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਆਪਣੇ ਇਕਲੌਤੇ ਦਾਮਾਦ ਹਰਮੇਲ ਸਿੰਘ ਟੌਹੜਾ ਨੂੰ ਹਲਕਾ ਸਨੌਰ ਤੋਂ ਵਿਧਾਨ ਸਭਾ 'ਚ ਉਤਾਰਿਆ ਸੀ। ਪੰਜਾਬ ਦੀ ਰਾਜ ਸੱਤਾ ਵਿਚ ਕੈਬਨਿਟ ਮੰਤਰੀ ਵੀ ਬਣਾਇਆ ਸੀ। ਜਥੇਦਾਰ ਟੌਹੜਾ ਦਾ ਪਰਿਵਾਰ ਲੰਘੀਆਂ ਵਿਧਾਨ ਸਭਾ ਚੋਣਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਚ ਚਲਾ ਗਿਆ ਸੀ। ਆਮ ਆਦਮੀ ਪਾਰਟੀ ਨਾਲੋਂ ਹੁਣ ਪਰਿਵਾਰ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ। ਇਸ ਲਈ ਮੁੜ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ 'ਚ ਆਉਣ ਦਾ ਫੈਸਲਾ ਲਿਆ।


Gurminder Singh

Content Editor

Related News