ਪੰਜਾਬ ਦੇ 2 ਕਰੋੜ ਵੋਟਰ ਕਰਨਗੇ 278 ਉਮੀਦਵਾਰਾਂ ਦਾ ਫੈਸਲਾ, ਫਸਵਾਂ ਹੋਵੇਗਾ ਮੁਕਾਬਲਾ
Thursday, May 16, 2019 - 02:37 PM (IST)
ਚੰਡੀਗੜ੍ਹ : ਪੰਜਾਬ ਵਿਚ 7ਵੇਂ ਅਤੇ ਆਖਰੀ ਗੇੜ ਤਹਿਤ 19 ਮਈ ਨੂੰ ਵੋਟਿੰਗ ਹੋਵੇਗੀ। ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਰਹੇਗਾ ਤੇ ਵੋਟਾਂ ਦੀ ਗਿਣਤੀ ਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਮੁਤਾਬਕ ਪੰਜਾਬ ਵਿਚ ਕੁੱਲ ਵੋਟਰ 2 ਕਰੋੜ, 3 ਲੱਖ 74 ਹਜ਼ਾਰ 357 ਹਨ। ਜਿਨ੍ਹਾਂ ਵਿਚ ਮਰਦਾਂ ਦੀ ਗਿਣਤੀ 1 ਕਰੋੜ, 7 ਲੱਖ, 54 ਹਜ਼ਾਰ 157 ਅਤੇ ਔਰਤਾਂ ਦੀ ਗਿਣਤੀ 96 ਲੱਖ, 19 ਹਜ਼ਾਰ, 711 ਹੈ ਜਦਕਿ 507 ਥਰਡ ਜੈਂਡਰ ਉਮੀਦਵਾਰ ਹਨ।
ਚੋਣ ਕਮਿਸ਼ਨ ਮੁਤਾਬਕ ਪੰਜਾਬ ਵਿਚ 14 ਹਜ਼ਾਰ 460 ਪੋਲਿੰਗ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿਚ 23 ਹਜ਼ਾਰ 213 ਪੋਲਿੰਗ ਬੂਥ ਹਨ। ਚੋਣ ਕਮਿਸ਼ਨ ਵਲੋਂ ਸੂਬੇ ਵਿਚ 249 ਗੰਭੀਰ ਬੂਥ ਜਦਕਿ 719 ਸੰਵੇਦਨਸ਼ੀਲ ਤੇ 509 ਅਤਿ-ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ। ਇਸ ਵਾਰ ਚੋਣ ਕਮਿਸ਼ਨ ਵੱਲੋਂ 12002 ਵੈੱਬ-ਕਾਸਟਿੰਗ ਬੂਥ ਵੀ ਬਣਾਏ ਗਏ ਹਨ।
13 ਸੀਟਾਂ 'ਤੇ 278 ਉਮੀਦਵਾਰ ਮੈਦਾਨ 'ਚ
ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 13 ਸੀਟਾਂ 'ਤੇ 278 ਉਮੀਦਵਾਰ ਮੈਦਾਨ ਵਿਚ ਹਨ। 2014 ਦੀਆਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਕੁੱਲ 253 ਉਮੀਦਵਾਰ ਮੈਦਾਨ 'ਚ ਸਨ। 29 ਅਪ੍ਰੈਲ ਨੂੰ ਨਾਮਜ਼ਦਗੀਆਂ ਦਾ ਕੰਮ ਪੂਰਾ ਹੋਣ ਤੱਕ 385 ਉਮੀਦਵਾਰਾਂ ਨੇ ਕਾਗਜ਼ ਭਰੇ ਸਨ। 30 ਅਪ੍ਰੈਲ ਨੂੰ ਪੜਤਾਲ ਦੌਰਾਨ 297 ਨਾਮਜ਼ਦਗੀ ਪੱਤਰ ਸਹੀ ਪਾਏ ਗਏ ਸਨ। 2 ਮਈ ਸ਼ਾਮ ਤੱਕ 20 ਤੋਂ ਵੱਧ ਉਮੀਦਵਾਰਾਂ ਨੇ ਕਾਗਜ਼ ਵਾਪਸ ਲੈ ਲਏ। ਚੋਣ ਲੜਨ ਲਈ ਯੋਗ ਪਾਏ ਗਏ 278 ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ। ਕਾਗਜ਼ ਵਾਪਸ ਲਏ ਜਾਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਲੋਕ ਸਭਾ ਹਲਕਾ ਗੁਰਦਾਸਪੁਰ 'ਚ 15, ਖਡੂਰ ਸਾਹਿਬ ਤੋਂ 19, ਅੰਮ੍ਰਿਤਸਰ ਤੋਂ 30, ਜਲੰਧਰ 19, ਹੁਸ਼ਿਆਰਪੁਰ (ਐੱਸ. ਸੀ.) 'ਚ 8, ਅਨੰਦਪੁਰ ਸਾਹਿਬ 'ਚ 26, ਲੁਧਿਆਣਾ 'ਚ 22, ਫਤਿਹਗੜ੍ਹ ਸਾਹਿਬ (ਐੱਸ.ਸੀ.) 'ਚ 20, ਫਰੀਦਕੋਟ 'ਚ 20, ਫਿਰੋਜ਼ਪੁਰ 'ਚ 22, ਬਠਿੰਡਾ 'ਚ27, ਸੰਗਰੂਰ 'ਚ 25, ਪਟਿਆਲਾ 'ਚ 25 ਉਮੀਦਵਾਰ ਮੈਦਾਨ 'ਚ ਹਨ। ਸਭ ਤੋਂ ਵੱਧ ਉਮੀਦਵਾਰ ਅੰਮ੍ਰਿਤਸਰ ਹਲਕੇ 'ਚ ਅਤੇ ਸਭ ਤੋਂ ਘੱਟ ਹੁਸ਼ਿਆਰਪੁਰ 'ਚ ਹਨ।