ਵਿਰੋਧ ਕਰ ਰਹੇ ਲੋਕਾਂ ''ਤੇ ਮਾਨ ਨੇ ਵਰ੍ਹਾਏ ਫੁੱਲ, ਗੱਡੀ ''ਤੇ ਚੜ੍ਹ ਕੇ ਪਾਇਆ ਭੰਗੜਾ
Tuesday, May 14, 2019 - 06:53 PM (IST)

ਸੰਗਰੂਰ (ਰਜੇਸ਼ ਕੋਹਲੀ) : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਦਾ ਅੱਜ ਰੋਡ ਸ਼ੋਅ ਦੌਰਾਨ ਕੁੱਝ ਨੌਜਵਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ। ਦਰਅਸਲ ਰੋਡ ਸ਼ੋਅ ਦੌਰਾਨ ਮਾਨ ਜਦੋਂ ਗੋਦ ਲਏ ਪਿੰਡ ਬੇਨੜਾ ਪਹੁੰਚੇ ਤਾਂ ਪਿੰਡ ਦੇ ਲੋਕਾਂ ਨੇ ਵਿਕਾਸ ਨਾ ਹੋਣ ਕਾਰਨ ਮਾਨ ਦਾ ਨਾ ਸਿਰਫ ਵਿਰੋਧ ਕੀਤਾ ਸਗੋਂ ਕਾਲੀਆਂ ਝੰਡੀਆਂ ਵੀ ਵਿਖਾਈਆਂ। ਇਸ ਵਿਰੋਧ ਦਾ ਜਵਾਬ ਮਾਨ ਨੇ ਅਨੋਖੇ ਢੰਗ ਨਾਲ ਦਿੱਤਾ।
ਮਾਨ ਨੇ ਪਹਿਲਾਂ ਤਾਂ ਆਪਣੀ ਫਾਰਚੂਨਰ ਗੱਡੀ ਦੇ ਉਪਰ ਚੜ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਨ੍ਹਾਂ ਪ੍ਰਦਰਸ਼ਨਕਾਰੀਆਂ 'ਤੇ ਫੁੱਲਾਂ ਦੀ ਵਰਖਾ ਕਰ ਦਿੱਤੀ। ਇਸ ਰੋਡ ਸ਼ੋਅ 'ਚ ਭਗਵੰਤ ਮਾਨ ਦੇ ਨਾਲ ਪੰਜਾਬੀ ਗਾਇਕ ਹਰਜੀਤ ਹਰਮਨ ਵੀ ਮੌਜੂਦ ਸਨ। ਵਿਰੋਧ ਦੌਰਾਨ ਭਗਵੰਤ ਮਾਨ ਨੇ ਪੰਜਾਬੀ ਗਾਣੇ ਲਵਾ ਕਿ ਭੰਗੜਾ ਪਾਇਆ ਅਤੇ ਕਿਹਾ ਕਿ ਮੈਂ ਅਜਿਹੇ ਵਿਰੋਧ ਨਾਲ ਦੱਬਣ ਵਾਲਾ ਨਹੀਂ ਹਾਂ।
ਇਸ ਦੌਰਾਨ ਜਦੋਂ ਵਿਰੋਧ ਕਰ ਰਹੇ ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਸਾਡੇ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਮਾਨ ਨੇ ਪਿੰਡ ਨੂੰ ਗੋਦ ਤਾਂ ਲਿਆ ਪਰ 5 ਸਾਲ ਪਿੰਡ ਦੀ ਸਾਰ ਤੱਕ ਨਹੀਂ ਲਈ। ਜਿਸ ਕਾਰਨ ਉਨ੍ਹਾਂ ਵਲੋਂ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਦਾ ਇਹ ਅੰਦਾਜ਼ ਅਗਲੇ ਕੁੱਝ ਦਿਨਾਂ ਤੱਕ ਸੁਰਖੀਆਂ 'ਚ ਜ਼ਰੂਰ ਰਹੇਗਾ ਅਤੇ ਦੇਖਣਾ ਹੋਵੇਗਾ ਕਿ ਵਿਰੋਧੀ ਭਗਵੰਤ ਮਾਨ ਦੇ ਇਸ ਭੰਗੜੇ 'ਤੇ ਕੀ ਟਿੱਪਣੀਆਂ ਕਰਦੇ ਹਨ।