ਇਹ ਭਾਜਪਾ ਵਾਲੇ ਮੇਰਾ ਮਰਡਰ ਕਰਵਾ ਦੇਣਗੇ : ਅਰਵਿੰਦ ਕੇਜਰੀਵਾਲ

05/17/2019 10:40:55 AM

ਨਵੀਂ ਦਿੱਲੀ/ਫਰੀਦਕੋਟ— 2014 ਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਪ੍ਰਚਾਰ ਦੀ ਸ਼ੁਰੂਆਤ ਕਰਨ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਮੁੜ ਚੋਣ ਮੈਦਾਨ 'ਚ ਹੈ। ਇਨ੍ਹਾਂ ਚੋਣਾਂ 'ਚ ਪਾਰਟੀ ਦੀ ਕੀ ਭੂਮਿਕਾ ਰਹੇਗੀ, ਇਸ 'ਤੇ ਉਨ੍ਹਾਂ ਦੀ ਰਾਇ ਜਾਣਨ ਲਈ ਜਗ ਬਾਣੀ, ਪੰਜਾਬ ਕੇਸਰੀ, ਨਵੋਦਯਾ ਟਾਈਮਜ਼ ਦੇ ਪ੍ਰਤੀਨਿਧੀ ਰਮਨਜੀਤ ਸਿੰਘ ਸੋਢੀ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਦਿੱਲੀ ਦੇ ਮੁੱਖ ਮੰਤਰੀ ਰਹਿੰਦਿਆਂ ਅਰਵਿੰਦ ਕੇਜਰੀਵਾਲ 'ਤੇ 5 ਵਾਰ ਹਮਲੇ ਹੋ ਚੁੱਕੇ ਹਨ, ਇਸ 'ਤੇ ਕੇਜਰੀਵਾਲ ਦਾ ਤਲਖ ਲਹਿਜੇ 'ਚ ਕਹਿਣਾ ਹੈ ਕਿ ਮੇਰੇ 'ਤੇ ਇਹ ਹਮਲੇ ਸਾਜ਼ਿਸ਼ਨ ਕਰਵਾਏ ਗਏ। ਮੈਂ ਕਿਸੇ ਦਾ ਕੀ ਵਿਗਾੜਿਆ ਹੈ? ਮੈਂ ਲੋਕਾਂ ਦੇ ਕੰਮ ਕਰ ਰਿਹਾ ਹਾਂ, ਵਧੀਆ ਸਕੂਲ ਬਣਾਏ ਹਨ, ਬੱਚਿਆਂ ਨੂੰ ਸਕੂਲ ਭੇਜਿਆ ਹੈ, ਲੋਕਾਂ ਨੂੰ ਬਿਜਲੀ-ਪਾਣੀ ਮੁਹੱਈਆ ਕਰਵਾਇਆ ਹੈ। ਮੈਂ ਧਰਮ-ਪੁੰਨ ਦੇ ਕੰਮ ਕਰ ਰਿਹਾ ਹਾਂ। ਆਖਰ ਮੈਨੂੰ ਕੌਣ ਮਾਰੇਗਾ? ਮੇਰੀ ਸਕਿਓਰਿਟੀ ਹੀ ਮੇਰੇ ਅੰਡਰ ਨਹੀਂ। ਮੈਨੂੰ ਪੂਰਾ ਯਕੀਨ ਹੈ ਕਿ ਭਾਜਪਾ ਵਾਲੇ ਮੇਰਾ ਮਰਡਰ ਕਰਵਾ ਦੇਣਗੇ, ਉਹ ਮੇਰੇ ਪੀ.ਐੱਸ.ਓ. ਤੋਂ ਹੀ ਮੈਨੂੰ ਖਤਮ ਕਰਵਾ ਦੇਣਗੇ ਅਤੇ ਕਹਿਣਗੇ ਕਿ 'ਆਪ' ਦਾ ਕੋਈ ਵਰਕਰ ਸੀ, ਜੋ ਕੇਜਰੀਵਾਲ ਨਾਲ ਨਾਰਾਜ਼ ਸੀ, ਜਿਸ ਨੇ ਹਮਲਾ ਕਰਵਾਇਆ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :-

ਸ.- 'ਆਪ' ਖਿੱਲਰ ਰਹੀ ਹੈ, ਇਸ ਬਾਰੇ ਲੋਕ ਕੀ ਕਹਿੰਦੇ ਹਨ?
ਜ.- 'ਆਪ' ਇਕ ਛੋਟਾ ਜਿਹਾ ਪੌਦਾ ਹੈ, ਜਿਸ ਨੂੰ ਸਾਰੀਆਂ ਪਾਰਟੀਆਂ ਦਰੜਨ 'ਚ ਲੱਗੀਆਂ ਹਨ। 3 ਦਿਨ ਪਹਿਲਾਂ ਮੈਂ ਬਰਨਾਲਾ 'ਚ ਸੀ। ਸਵੇਰੇ ਸੈਰ ਕਰਨ ਸਮੇਂ ਪਾਰਕ 'ਚ ਲੋਕਾਂ ਨੂੰ ਮਿਲਿਆ ਅਤੇ ਉਨ੍ਹਾਂ ਨਾਲ ਗੱਲਬਾਤ ਹੋਈ। ਇਸ ਸਮੇਂ ਕੋਈ ਭਾਸ਼ਣ ਨਹੀਂ ਦਿੱਤਾ ਗਿਆ। 300 ਦੇ ਲਗਭਗ ਮੇਰੇ ਨਾਲ ਬੈਠੇ। ਬਿਜਲੀ, ਪਾਣੀ, ਹਸਪਤਾਲ ਆਦਿ ਮੁੱਦਿਆਂ ਨੇ ਮੇਰੇ ਕੋਲ ਸਵਾਲ ਪੁੱਛੇ? ਕਿਸੇ ਨੇ ਵੀ ਪਾਰਟੀ ਛੱਡਣ ਵਾਲੇ ਆਗੂਆਂ ਬਾਰੇ ਨਹੀਂ ਪੁੱਛਿਆ। ਦੇਸ਼ ਦੀ ਜਨਤਾ ਸਿਆਣੀ ਹੈ, ਉਸ ਨੂੰ ਪਤਾ ਹੈ ਕਿ ਕੌਣ ਤੋੜ ਰਿਹਾ ਹੈ। ਕੌਣ ਕਿਥੇ ਆ ਰਿਹਾ ਹੈ ਅਤੇ ਕਿਥੇ ਜਾ ਰਿਹਾ ਹੈ।

ਸ. ਪੰਜਾਬ 'ਚ ਬਿਕਰਮ ਮਜੀਠੀਆ ਕੋਲੋਂ ਮੁਆਫੀ ਕਿਉਂ ਮੰਗੀ?
ਜ. ਮੇਰੇ ਦਿੱਲੀ ਦੇ ਮੁੱਖ ਮੰਤਰੀ ਬਣਨ ਮਗਰੋਂ ਸਾਰੀਆਂ ਪਾਰਟੀਆਂ ਨੇ ਰਲ ਕੇ ਮੇਰੇ 'ਤੇ 33 ਦੇ ਕਰੀਬ ਕੇਸ ਕਰ ਦਿੱਤੇ। ਪੰਜਾਬ, ਪੱਛਮੀ ਬੰਗਾਲ ਆਦਿ ਥਾਵਾਂ 'ਤੇ ਮੇਰੇ 'ਤੇ ਕੇਸ ਸ਼ੁਰੂ ਹੋ ਗਏ। ਕੇਸਾਂ ਨੂੰ ਨਿਪਟਾਉਣ ਲਈ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਫਾਸਟ ਟ੍ਰੈਕ ਅਦਾਲਤਾਂ ਬਣ ਗਈਆਂ। ਇਸ ਦੌਰਾਨ 3 ਮਹੀਨਿਆਂ ਲਈ ਮੈਨੂੰ ਇਨ੍ਹਾਂ ਕੇਸਾਂ ਨਾਲ ਸਬੰਧਤ ਸੰਮਨ ਆ ਗਏ। ਮੈਂ ਇਕ ਦਿਨ ਸੋਚਿਆ ਕਿ ਦਿੱਲੀ ਦੀ ਜਨਤਾ ਨੇ ਮੈਨੂੰ ਇਨ੍ਹਾਂ ਕੇਸਾਂ ਨੂੰ ਲੜਨ ਲਈ ਨਹੀਂ ਚੁਣਿਆ ਸਗੋਂ ਮੈਂ ਜਨਤਾ ਦੇ ਕੰਮ ਕਰਨੇ ਹਨ। ਇਸ ਲਈ ਮੈਂ ਇਕ-ਇਕ ਕਰਕੇ ਕੇਸ ਨਿਪਟਾ ਲਏ। ਲੋਕ ਮੈਨੂੰ ਇਸ ਬਾਰੇ ਪੁੱਛ ਰਹੇ ਹਨ।

ਸ. ਵਿਧਾਇਕ ਪਾਰਟੀ ਛੱਡ ਕੇ ਜਾ ਰਹੇ ਹਨ?
ਜ. ਮੈਨੂੰ ਬੁਰਾ ਲੱਗਾ ਕਿ ਜੋ-ਜੋ ਵਿਧਾਇਕ ਪਾਰਟੀ ਛੱਡ ਗਏ ਹਨ, ਉਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਨੇ ਜਨਤਾ ਨਾਲ ਗੱਦਾਰੀ ਕੀਤੀ ਹੈ, ਕੇਜਰੀਵਾਲ ਨਾਲ ਨਹੀਂ। ਜਨਤਾ ਅਜਿਹੇ ਦਲ ਬਦਲੂ ਆਗੂਆਂ ਨੂੰ ਮੂੰਹ ਨਹੀਂ ਲਾ ਰਹੀ। ਜਨਤਾ ਨੂੰ ਗੱਦਾਰੀ ਪਸੰਦ ਨਹੀਂ। ਮੈਂ 2 ਦਿਨ ਪਹਿਲਾਂ ਪੰਜਾਬ ਦੇ ਪਿੰਡਾਂ 'ਚ ਚੋਣ ਪ੍ਰਚਾਰ ਕਰਕੇ ਆਇਆਂ ਹਾਂ, ਲੋਕਾਂ ਨੇ ਮੇਰਾ ਭਰਪੂਰ ਸਵਾਗਤ ਕੀਤਾ ਹੈ।

ਸ. ਪੰਜਾਬ 'ਚ ਅਕਾਲੀਆਂ ਦੀ ਕੀ ਸਥਿਤੀ ਹੈ?
ਜ. ਪੰਜਾਬ 'ਚ ਅਕਾਲੀਆਂ ਦਾ ਬੇੜਾ ਗਰਕ ਹੋ ਗਿਆ ਹੈ। ਅਕਾਲੀ ਦਲ ਵਾਲੇ ਪੰਜਾਬ 'ਚ ਆਪਣੇ ਦਮ 'ਤੇ ਵੋਟ ਨਹੀਂ ਮੰਗ ਸਕਦੇ। ਇਸ ਲਈ ਸਿਰਫ ਮੋਦੀ ਦੇ ਨਾਂ 'ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ।

ਸ. ਪੰਜਾਬ 'ਚ ਕੈਪਟਨ ਸਰਕਾਰ ਦੀ ਕੀ ਕਾਰਜ ਪ੍ਰਣਾਲੀ ਰਹੀ?
ਜ. ਕੈਪਟਨ ਨਾਲ ਪੰਜਾਬ ਦੀ ਜਨਤਾ ਬੇਹੱਦ ਨਾਰਾਜ਼ ਹੈ। ਕੈਪਟਨ ਨੇ ਸਰਕਾਰ ਬਣਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਜੇਲਾਂ 'ਚ ਭੇਜਣ ਦੀ ਗੱਲ ਕਹੀ ਸੀ। ਬੇਅਦਬੀ ਦਾ ਇਸ਼ਾਰਾ ਬਾਦਲਾਂ ਵੱਲ ਸੀ ਕਿ ਇਸ 'ਚ ਉਨ੍ਹਾਂ ਦੀ ਸ਼ਮੂਲੀਅਤ ਹੈ। ਇਸ ਲਈ ਕੈਪਟਨ ਨੇ ਐੱਸ.ਆਈ.ਟੀ. ਦਾ ਗਠਨ ਵੀ ਕੀਤਾ ਪਰ ਪਤਾ ਨਹੀਂ ਕੈਪਟਨ ਦੀ ਬਾਦਲਾਂ ਨਾਲ ਕੀ ਸੈਟਿੰਗ ਹੈ, ਉਹ ਇਸ 'ਤੇ ਕਾਰਵਾਈ ਨਹੀਂ ਕਰ ਰਹੇ।

ਸ. ਪ੍ਰਦੂਸ਼ਣ ਬਹੁਤ ਵੱਡਾ ਮੁੱਦਾ ਹੈ, ਜੋ ਇਨ੍ਹਾਂ ਚੋਣਾਂ 'ਚ ਗਾਇਬ ਹੈ, ਦਿੱਲੀ 'ਚ ਇਸ ਨੂੰ ਕਿਵੇਂ ਕੰਟਰੋਲ ਕੀਤਾ।
ਜ. ਪ੍ਰਦੂਸ਼ਣ ਦੀ ਰੋਕਥਾਮ ਲਈ ਮੈਂ ਦਿੱਲੀ 'ਚ ਕਾਫੀ ਕੰਮ ਕੀਤੇ ਹਨ। ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ 'ਚ ਪਰਾਲੀ ਸਾੜੀ ਜਾਂਦੀ ਹੈ ਉਸ ਸਮੇਂ ਪ੍ਰਦੂਸ਼ਣ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਮੈਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਰਲ ਕੇ ਇਸ ਨੂੰ ਕੰਟਰੋਲ ਕਰਨ ਦਾ ਮਨ ਬਣਾਇਆ। ਇਸ ਦੇ ਸਬੰਧ 'ਚ ਮੈਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਿਆ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਟਾਈਮ ਦੇਣ ਤੋਂ ਨਾਂ ਕਰ ਦਿੱਤੀ। ਕੇਂਦਰ ਸਰਕਾਰ ਨੇ ਹਰਿਆਣਾ ਤੇ ਪੰਜਾਬ ਨੂੰ ਹੈਪੀ ਸੀਡਰ ਮਸ਼ੀਨਾਂ ਦੇਣ ਲਈ ਸਬਸਿਡੀ ਦੇਣ ਦੀ ਯੋਜਨਾ ਬਣਾਈ ਸੀ। ਇਸ 'ਤੇ ਕੀ ਕਾਰਵਾਈ ਹੋਈ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ।

ਸ. ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਿੰਨੀਆਂ ਸੀਟਾਂ ਜਿੱਤੇਗੀ 'ਆਪ'?
ਜ. ਇਹ ਇਕਦਮ ਦੱਸਣਾ ਮੁਸ਼ਕਲ ਹੈ। ਅਸੀਂ ਚੰਗੀ ਕਾਰਗੁਜ਼ਾਰੀ ਦਿਖਾਵਾਂਗੇ।

ਸ. ਭਗਵੰਤ ਮਾਨ ਕਿੰਨੀ ਲੀਡ ਨਾਲ ਜਿੱਤਣਗੇ?
ਜ. ਉਹ ਚੰਗੀ ਲੀਡ ਨਾਲ ਜਿੱਤਣਗੇ। ਇਸ ਵਾਰ ਉਹ ਪਿਛਲਾ ਰਿਕਾਰਡ ਵੀ ਤੋੜਣਗੇ।

ਸ. ਤੁਸੀਂ ਕਾਂਗਰਸ ਦੇ ਵਿਰੁੱਧ ਸੀ, ਫਿਰ ਗਠਜੋੜ ਦਾ ਵਿਚਾਰ ਕਿਉਂ ਆਇਆ?
ਜ. ਅਸੀਂ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਸੀ ਕਿ ਕਾਂਗਰਸ ਨਾਲ ਗਠਜੋੜ ਦੀ ਨੌਬਤ ਆਵੇਗੀ। ਸਾਡੀ ਸ਼ੁਰੂਆਤ ਹੀ ਕਾਂਗਰਸ ਦੇ ਭ੍ਰਿਸ਼ਟਾਚਾਰੀ ਸਿਸਟਮ ਨਾਲ ਲੜਨ ਨੂੰ ਲੈ ਕੇ ਹੋਈ ਸੀ। ਮੋਦੀ ਤੇ ਅਮਿਤ ਸ਼ਾਹ ਇਸ ਵੇਲੇ ਦੇਸ਼ ਲਈ ਬੜਾ ਵੱਡਾ ਖਤਰਾ ਹਨ, ਕਿਉਂਕਿ ਮੋਦੀ ਹਿਟਲਰ ਦੇ ਰਾਹ 'ਤੇ ਚਲ ਪਏ ਹਨ। ਇਹ ਚੋਣਾਂ ਬੰਦ ਕਰਵਾ ਦੇਣਗੇ, ਕਿਉਂਕਿ ਹਿਟਲਰ ਨੇ ਵੀ ਚੋਣਾਂ ਬੰਦ ਕਰਵਾ ਕੇ ਸੰਵਿਧਾਨ ਬੰਦ ਕਰਵਾ ਦਿੱਤਾ ਸੀ। ਇਸ ਲਈ ਕਾਂਗਰਸ ਨਾਲ ਗਠਜੋੜ ਦਾ ਵਿਚਾਰ ਆਇਆ। ਇਹ ਵਿਚਾਰ ਸੱਤਾ 'ਚ ਆਉਣ ਨੂੰ ਲੈ ਕੇ ਨਹੀਂ ਸੀ ਸਗੋਂ ਇਸ ਲਈ ਸੀ ਕਿ ਕਿਸੇ ਵੀ ਕੀਮਤ 'ਤੇ ਮੋਦੀ ਤੇ ਅਮਿਤ ਸ਼ਾਹ ਦੁਬਾਰਾ ਸੱਤਾ 'ਚ ਨਾ ਆ ਜਾਣ।

ਸ. ਗਠਜੋੜ ਨਾ ਹੋਣ ਨਾਲ ਨੁਕਸਾਨ ਕਿਸ ਨੂੰ ਹੋਵੇਗਾ?
ਜ. ਇਸ ਦਾ ਕੇਵਲ ਭਾਜਪਾ ਨੂੰ ਫਾਇਦਾ ਹੋਵੇਗਾ।

ਸ. ਰਾਹੁਲ ਗਾਂਧੀ ਨੂੰ ਪੀ.ਐੱਮ. ਲਈ ਯੋਗ ਮੰਨਦੇ ਹੋ?
ਜ. ਇਹ ਚੋਣ ਪੀ.ਐੱਮ. ਬਣਾਉਣ ਨੂੰ ਲੈ ਕੇ ਨਹੀਂ ਹੈ। ਬਸ, ਮੋਦੀ ਨੂੰ ਹਰਾਉਣ ਨੂੰ ਲੈ ਕੇ।

ਜਿਨ੍ਹਾਂ ਨੂੰ ਘਰ 'ਚ ਦਾਖਲ ਹੋ ਕੇ ਮਾਰਿਆ, ਉਹ ਮੋਦੀ ਨੂੰ ਪੀ.ਐੱਮ. ਕਿਉਂ ਚਾਹੁੰਦੇ ਹਨ?
ਮੋਦੀ ਜੀ ਦਾ ਰਾਸ਼ਟਰਵਾਦ ਫਰਜ਼ੀ ਹੈ, ਜਨਤਾ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੋਣਾਂ ਤੋਂ 2 ਮਹੀਨੇ ਪਹਿਲਾਂ ਪੁਲਵਾਮਾ 'ਚ ਅੱਤਵਾਦੀ ਹਮਲਾ ਕਰਵਾਇਆ, ਹੁਣ ਇਮਰਾਨ ਵਾਰ-ਵਾਰ ਕਹਿ ਰਿਹਾ ਹੈ ਕਿ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਓ। ਮੋਦੀ ਜੀ ਕਹਿ ਰਹੇ ਹਨ ਕਿ ਅਸੀਂ ਅੱਤਵਾਦੀਆਂ ਦੇ ਘਰਾਂ 'ਚ ਵੜ ਕੇ ਉਨ੍ਹਾਂ ਨੂੰ ਮਾਰਿਆ, ਉਹੀ ਅੱਤਵਾਦੀ ਕਹਿ ਰਹੇ ਹਨ ਕਿ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਓ। ਇਸ 'ਚ ਜ਼ਬਰਦਸਤ ਸੈਟਿੰਗ ਹੈ?

ਸ. ਪੱਛਮੀ ਬੰਗਾਲ 'ਚ ਜੋ ਹੋਇਆ, ਉਸ ਨੂੰ ਕਿਵੇਂ ਦੇਖਦੇ ਹੋ?
ਜ. ਮੋਦੀ ਤੇ ਸ਼ਾਹ ਜੀ ਜੋ ਕਰ ਰਹੇ ਹਨ, ਜਨਤਾ ਉਨ੍ਹਾਂ ਨੂੰ ਉਸ ਦਾ ਜਵਾਬ ਦੇਵੇਗੀ।

ਸ. ਥਰਡ ਫਰੰਟ ਦਾ ਕੀ ਭਵਿੱਖ ਹੈ?
ਜ. ਇਸ ਵੇਲੇ ਭਵਿੱਖ ਖੇਤਰੀ ਪਾਰਟੀਆਂ ਦਾ ਹੈ। ਜਿਥੇ-ਜਿਥੇ ਖੇਤਰੀ ਪਾਰਟੀਆਂ ਮਜ਼ਬੂਤ ਹੋਈਆਂ ਹਨ ਉਥੇ ਸੂਬੇ ਮਜ਼ਬੂਤ ਹੋਏ ਹਨ ਅਤੇ ਉਨ੍ਹਾਂ ਵਿਕਾਸ ਹੋਇਆ ਹੈ। ਜਦਕਿ ਕੇਂਦਰ ਸਰਕਾਰ ਦੂਜੇ ਸੂਬਿਆਂ ਤੇ ਲੋਕਾਂ 'ਤੇ ਆਪਣੇ ਕਾਨੂੰਨ ਥੋਪਣ ਦੀ ਕੋਸ਼ਿਸ਼ ਕਰਦੀ ਹੈ।

ਸ. ਪੰਜਾਬ 'ਚ ਲੋਕ 'ਆਪ' 'ਤੇ ਭਰੋਸਾ ਕਰਨਗੇ?
ਜ. ਪੰਜਾਬ ਦੇ ਲੋਕ ਉਨ੍ਹਾਂ ਨੂੰ ਖੂਬ ਪਿਆਰ ਦੇ ਰਹੇ ਹਨ।

ਸ. ਦੇਸ਼ ਦੇ ਲੋਕਾਂ ਤੇ ਸਮਰਥਕਾਂ ਨੂੰ ਕੀ ਕਹੋਗੇ।
ਜ. ਭਾਜਪਾ ਨੇ ਮੀਡੀਆ 'ਤੇ ਕਬਜ਼ਾ ਕਰ ਲਿਆ ਹੈ। ਇਕ ਸਰਵੇ ਅਨੁਸਾਰ ਕੇਜਰੀਵਾਲ ਨੂੰ ਕੰਮ ਦੇ ਨਾਂ 'ਤੇ ਵੋਟਾਂ ਮਿਲਦੀਆਂ ਹਨ ਜਦਕਿ ਮੋਦੀ ਨੂੰ ਨਾਂ ਦੀਆਂ ਵੋਟਾਂ ਮਿਲਦੀਆਂ ਹਨ।

ਮੇਰੀ ਲਾਈਫ ਦੋ ਦਿਨ 'ਚ ਖਤਮ ਹੋ ਸਕਦੀ ਹੈ
ਸ : ਇੰਨੀ ਗਰਮੀ 'ਚ ਪ੍ਰਚਾਰ ਕਰ ਰਹੇ ਹੋ, ਕੀ ਮਹਿਸੂਸ ਕਰਦੇ ਹੋ?
ਜ : ਜਨਤਾ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਜਨਤਾ ਬੇਹੱਦ ਪਿਆਰ ਦੇ ਰਹੀ ਹੈ। ਦਿੱਲੀ ਵਿਚ 'ਆਪ' ਵਲੋਂ ਕੀਤੇ ਗਏ ਕੰਮ ਚਾਰੇ ਪਾਸੇ ਫੈਲ ਗਏ ਹਨ। ਮੈਂ ਜਿਥੇ ਵੀ ਪ੍ਰਚਾਰ ਕਰਨ ਜਾ ਰਿਹਾ ਹਾਂ ਅਤੇ ਉਥੇ ਜਦੋਂ ਗੱਡੀ ਦਾ ਸ਼ੀਸ਼ਾ ਹੇਠਾਂ ਕਰਦਾ ਹਾਂ ਤਾਂ ਯੂਥ ਕਹਿੰਦਾ ਹੈ ਕਿ ਸਰ, ਇਥੇ ਵੀ ਦਿੱਲੀ ਵਰਗਾ ਸਕੂਲ ਅਤੇ ਹਸਪਤਾਲ ਬਣਵਾ ਦਿਓ, ਇਹ ਸੁਣ ਕੇ ਮੈਨੂੰ ਬੇਹੱਦ ਖੁਸ਼ੀ ਹੁੰਦੀ ਹੈ।

ਸ : ਪੰਜਾਬ-ਦਿੱਲੀ ਦੀ ਕੰਪੇਨਿੰਗ 'ਚ ਕੀ ਫਰਕ ਮਹਿਸੂਸ ਕਰਦੇ ਹੋ?
ਜ : ਇਸ ਵਾਰ ਵੀ ਦਿੱਲੀ 'ਚ ਓਨਾ ਪਿਆਰ ਮਿਲਿਆ, ਜਿੰਨਾ ਲੋਕਾਂ ਨੇ ਪਹਿਲਾਂ ਦਿੱਤਾ ਸੀ। ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਲੋਕਾਂ ਨੇ ਇੰਨੀ ਜਲਦੀ ਪਿਆਰ ਦਿੱਤਾ। 2014 ਵਿਚ ਪੂਰੇ ਦੇਸ਼ ਵਿਚ ਸਾਡੇ ਚਾਰ ਐੈੱਮ. ਪੀ. ਆਏ ਸੀ, ਜੋ ਪੰਜਾਬ ਦੇ ਹੀ ਸਨ।

ਸ : ਇਸ ਵਾਰ ਦੁਹਰਾਓ ਕਰ ਸਕੋਗੇ?
ਜ : ਮੈਨੂੰ ਲੱਗਦਾ ਹੈ ਕਿ ਪਿਛਲੇ ਰਿਕਾਰਡ ਨੂੰ ਵੀ ਤੋੜਣਾ ਚਾਹੀਦਾ ਹੈ।

ਸ : ਲੋਕਾਂ ਨੂੰ ਆਸ ਸੀ ਕਿ 2017 ਦੀਆਂ ਚੋਣਾਂ ਮਗਰੋਂ ਕੇਜਰੀਵਾਲ ਪਾਰਟੀ 'ਚ ਰੂਹ ਫੂਕਣ ਦੁਬਾਰਾ ਆਉਣਗੇ?
ਜ : ਉਸ ਸਮੇਂ ਪਾਰਟੀ ਵਿਚ ਕੁਝ ਪ੍ਰਾਬਲਮਸ ਹੋਈਆਂ ਸਨ। ਕੁਝ ਲੋਕ ਛੱਡ ਕੇ ਚਲੇ ਗਏ ਪਰ ਪਾਰਟੀ ਨੇ ਪਿਛਲੇ 7-8 ਮਹੀਨਿਆਂ ਤੋਂ ਕਾਫੀ ਰਿਕਵਰ ਕੀਤਾ ਹੈ। ਜਨਤਾ ਦਾ ਜੋ ਰੁਝਾਨ ਹੈ, ਉਹ ਪਹਿਲਾਂ ਵਰਗਾ ਹੀ ਹੈ। ਪਾਰਟੀ ਵਿਚ ਜੋ ਕਮੀਆਂ ਸੀ, ਉਹ ਅਸੀਂ ਪੂਰੀਆਂ ਕਰ ਲਈਆਂ ਹਨ। ਹੁਣ ਪੂਰੇ ਜੋਸ਼ ਦੇ ਨਾਲ 'ਆਪ' ਮੈਦਾਨ ਵਿਚ ਹੈ।

ਸ : ਪਾਰਟੀ ਵਿਚ ਵੱਡੀ ਗਲਤੀ ਕੀ ਹੋਈ?
ਜ : ਮੈਂ ਪੰਜਾਬ ਦੇ ਨਿਹਾਲਸਿੰਘਵਾਲਾ ਕਿਸੇ ਦੇ ਘਰ ਰੁਕਿਆ। ਉਸ ਵੇਲੇ ਮੇਰੇ 'ਤੇ ਦੋਸ਼ ਲੱਗਾ ਕਿ ਮੈਂ ਅੱਤਵਾਦੀਆਂ ਦੇ ਨਾਲ ਰਲਿਆ ਹੋਇਆ ਹਾਂ। ਚੋਣਾਂ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਦੇ ਪ੍ਰਚਾਰ ਕਾਰਣ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ। ਮੈਂ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਮੈਂ ਅੱਤਵਾਦੀਆਂ ਨਾਲ ਰਲਿਆ ਹੁੰਦਾ ਤਾਂ ਬੱਚਿਆਂ ਲਈ ਸਕੂਲ ਕਿਉਂ ਬਣਵਾਉਂਦਾ ਅਤੇ ਗਰੀਬ ਲੋੜਵੰਦਾਂ ਦੇ ਇਲਾਜ ਲਈ ਹਸਪਤਾਲਾਂ ਦੀ ਉਸਾਰੀ ਕਿਉਂ ਕਰਵਾਉਂਦਾ?

ਸ : 2017 ਵਿਚ ਵਿਰੋਧੀ ਧਿਰ 'ਚ ਪਹੁੰਚਣ 'ਤੇ ਵੀ ਕਿਉਂ ਪਛੜ ਗਏ?
ਜ : ਸ਼੍ਰੋਮਣੀ ਅਕਾਲੀ ਦਲ-ਭਾਜਪਾ ਤੇ ਕਾਂਗਰਸ ਵਿਚਾਲੇ ਮੈਚ ਫਿਕਸਿੰਗ ਹੈ। ਮੈਨੂੰ ਪੰਜਾਬ ਦੇ ਪਿੰਡ-ਪਿੰਡ ਤੋਂ ਰਿਪੋਰਟ ਮਿਲਦੀ ਰਹੀ ਕਿ ਅਕਾਲੀ ਦਲ ਵਾਲੇ ਪ੍ਰਚਾਰ ਦੌਰਾਨ ਲੋਕਾਂ ਨੂੰ ਕਹਿ ਰਹੇ ਸਨ ਕਿ ਜੇਕਰ ਤੁਸੀਂ ਸਾਡੇ ਨਾਲ ਨਾਰਾਜ਼ ਹੋ ਤਾਂ ਬੇਸ਼ੱਕ ਸਾਨੂੰ ਵੋਟ ਨਾ ਪਾਓ, ਇਸ ਦੀ ਥਾਂ ਕਾਂਗਰਸ ਨੂੰ ਵੋਟ ਦੇ ਦਿਓ ਪਰ ਝਾੜੂ ਨੂੰ ਕਿਸੇ ਵੀ ਕੀਮਤ 'ਤੇ ਨਾ ਜਿਤਾਓ।

ਸ : ਤੁਹਾਡੇ 'ਤੇ ਚੋਣਾਂ ਦੇ ਸਮੇਂ ਹੀ ਹਮਲੇ ਕਿਉਂ ਹੁੰਦੇ ਹਨ?
ਜ : ਮੇਰੇ 'ਤੇ ਵਿਰੋਧੀ ਪਾਰਟੀਆਂ ਹਮਲੇ ਕਰਵਾ ਰਹੀਆਂ ਹਨ। ਪਹਿਲਾਂ ਇਨ੍ਹਾਂ ਨੂੰ ਪੈਟਰਨ ਬਣਾ ਦਿੱਤਾ ਅਤੇ ਇਕ ਦੇ ਬਾਅਦ ਇਕ ਛੋਟੇ-ਛੋਟੇ ਹਮਲੇ ਕਰਵਾਏ ਗਏ। ਮੇਰੇ ਪੀ. ਐੱਸ. ਓ. ਭਾਜਪਾ ਨੂੰ ਮੇਰੀ ਪੂਰੀ ਰਿਪੋਰਟ ਭੇਜਦੇ ਹਨ। ਮੇਰੀ ਸੁਰੱਖਿਆ ਵਿਚ ਲੱਗੀ ਪੁਲਸ ਵੀ ਭਾਜਪਾ ਵਾਲਿਆਂ ਤੱਕ ਮੇਰੀ ਹਰ ਗੱਲ ਪਹੁੰਚਾਉਂਦੀ ਹੈ। ਮੈਨੂੰ ਡਰ ਹੈ ਕਿ ਭਾਜਪਾ ਵਾਲੇ ਇੰਦਰਾ ਗਾਂਧੀ ਵਾਂਗ ਮੇਰੇ ਪੀ. ਐੱਸ. ਓ. ਤੋਂ ਮੇਰੀ ਹੱਤਿਆ ਕਰਵਾ ਦੇਣਗੇ।

ਸ : ਪੰਜਾਬ ਦੇ ਅੰਦਰ ਕਿਹੜੇ ਮੁੱਦੇ ਨਜ਼ਰ ਆ ਰਹੇ ਹਨ?
ਜ : ਸਭ ਕੁਝ ਪਹਿਲਾਂ ਵਾਂਗ ਚੱਲ ਰਿਹਾ ਹੈ। ਅਕਾਲੀਆਂ ਦੇ ਸਮੇਂ ਤੋਂ ਜਾਰੀ ਭ੍ਰਿਸ਼ਟਾਚਾਰ ਅੱਜ ਵੀ ਕਾਇਮ ਹੈ। ਨਸ਼ਾ ਪਹਿਲਾਂ ਵਾਂਗ ਵਿਕ ਰਿਹਾ ਹੈ। ਕਿਸਾਨ ਅਕਾਲੀਆਂ ਦੇ ਸਮੇਂ ਖੁਦਕੁਸ਼ੀਆਂ ਕਰ ਰਹੇ ਸੀ ਅਤੇ ਅੱਜ ਵੀ ਖੁਦਕੁਸ਼ੀਆਂ ਕਰ ਰਹੇ ਹਨ। ਮੈਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਦਿੱਲੀ ਵਿਚ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ ਹੈ। ਇਸ ਦੇ ਤਹਿਤ ਅੱਜ ਅਸੀਂ ਦਿੱਲੀ ਵਿਚ ਕਿਸਾਨਾਂ ਨੂੰ 2616 ਰੁਪਏ ਪ੍ਰਤੀ ਕੁਇੰਟਲ ਕਣਕ ਦਾ ਭਾਅ ਦੇ ਰਹੇ ਹਾਂ ਪਰ ਪੰਜਾਬ 'ਚ ਕਣਕ ਦਾ ਭਾਅ 1840 ਰੁਪਏ ਪ੍ਰਤੀ ਕੁਇੰਟਲ ਹੈ। ਕੈਪਟਨ ਸਾਹਿਬ ਨੂੰ ਪੰਜਾਬ 'ਚ ਸਵਾਮੀਨਾਥਨ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ।


DIsha

Content Editor

Related News